ਨਵਾਂਸ਼ਹਿਰ, 12 ਨਵੰਬਰ : ਮਨਰੇਗਾ ਤਹਿਤ ਨਵੇਂ ਜੋਬ ਕਾਰਡ ਬਣਾਉਣ ਲਈ ਪੰਜਾਬ ਭਰ 'ਚ
ਲਾਏ ਜਾ ਰਹੇ ਬਲਾਕ ਪੱਧਰੀ ਕੈਂਪਾਂ ਦੀ ਲੜੀ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ
16 ਅਤੇ 17 ਨਵੰਬਰ ਨੂੰ ਬਲਾਕ ਪੱਧਰ 'ਤੇ ਐਨਰੋਲਮੈਂਟ ਕੈਂਪ ਲਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ
ਕਿ 18 ਸਾਲ ਤੋਂ ਉੱਪਰ ਉਮਰ ਦਾ ਕੋਈ ਵੀ ਵਿਅਕਤੀ ਜੋ ਕੰਮ ਕਰਨ ਦੇ ਯੋਗ ਹੈ, ਆਪਣੀ ਇੱਕ
ਫ਼ੋਟੋ, ਆਧਾਰ ਕਾਰਡ ਦੀ ਕਾਪੀ ਤੇ ਬੈਂਕ ਖਾਤੇ ਦੀ ਕਾਪੀ ਲੈ ਕੇ, ਇਨ੍ਹਾਂ ਕੈਂਪਾਂ 'ਚ
ਜੋਬ ਕਾਰਡ ਲਈ ਇੰਨਰੋਲਮੈਂਟ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਨਵਾਂਸ਼ਹਿਰ, ਔੜ, ਬੰਗਾ, ਸੜੋਆ ਅਤੇ
ਬਲਾਚੌਰ ਵਿਖੇ 16 ਅਤੇ 17 ਨਵੰਬਰ ਨੂੰ ਲੱਗਣ ਵਾਲੇ ਕੈਂਪਾਂ 'ਚ ਮੌਕੇ 'ਤੇ ਹੀ ਮਨਰੇਗਾ
ਜੋਬ ਕਾਰਡ ਲਈ ਫ਼ਾਰਮ ਭਰੇ ਜਾਣਗੇ। ਉਨ੍ਹਾਂ ਨੇ ਇਨ੍ਹਾਂ ਬਲਾਕਾਂ 'ਚ ਪੈਂਦੇ ਪਿੰਡਾਂ ਦੇ
ਯੋਗ ਉਮੀਦਵਾਰਾਂ ਨੂੰ ਆਪਣੇ ਲੋੜੀਂਦੇ ਦਸਤਾਵੇਜ਼ ਨਾਲ ਲਿਆ ਕੇ ਕੈਂਪਾਂ ਦਾ ਲਾਭ ਲੈਣ ਦਾ
ਸੱਦਾ ਦਿੱਤਾ।