ਭਿ੍ਰਸ਼ਟਾਚਾਰ ਨੂੰ ਖਤਮ ਕਰਨ 'ਚ ਲੋਕਾਂ ਦਾ ਸਹਿਯੋਗ ਅਹਿਮ-ਐਸ ਐਸ ਪੀ ਰਾਜੇਸ਼ਵਰ ਸਿੰਘ ਸਿੱਧੂ
ਡੀ ਏ ਐਨ ਕਾਲਜ ਨਵਾਂਸ਼ਹਿਰ ਵਿਖੇ ਚੌਕਸੀ ਜਾਗਰੂਕਤਾ ਸਪਤਾਹ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ
ਨਵਾਂਸ਼ਹਿਰ, 31 ਅਕਤੂਬਰ : ਜ਼ਿਲ੍ਹੇੇ 'ਚ ਚੌਕਸੀ ਜਾਗਰੂਕਤਾ ਸਪਤਾਹ ਗਤੀਵਿਧੀਆਂ ਤਹਿਤ ਅੱਜ ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਆਪਣੀ ਵਾਰੀ ਨੂੰ ਉਲੰਘ ਕੇ ਕੰਮ ਕਰਵਾਉਣ ਦੀ ਭਾਵਨਾ ਨੂੰ ਤਿਆਗਣਾ ਪਵੇਗਾ।
ਉਨ੍ਹਾਂ ਕਿਹਾ ਕਿ ਭਿ੍ਰਸ਼ਟਾਚਾਰ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਜਦੋਂ ਅਸੀਂ ਕਤਾਰ 'ਚੋਂ ਆਪਣੀ ਵਾਰੀ ਨੂੰ ਉਲੰਘ ਕੇ ਆਪਣਾ ਕੰਮ ਜਲਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਾਲ ਅਸੀਂ ਉਸ ਕਰਮਚਾਰੀ ਜਾਂ ਅਧਿਕਾਰੀ ਨੂੰ ਕੁੱਝ ਸਮੇਂ ਦਾ ਲਾਲਚ ਦੇ ਕੇ ਬਾਕੀ ਲੋਕਾਂ ਲਈ ਬੁਰਾਈ ਦਾ ਰਸਤਾ ਖੋਲ੍ਹ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਸੇਵਾ ਲਈ ਦਿਨ ਮਿੱਥੇ ਹੋਏ ਹਨ। ਸਾਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ, ਉਸ ਨੀਯਤ ਮਿਤੀ ਦੀ ਉਡੀਕ ਕਰਨੀ ਚਾਹੀਦੀ ਹੈ ਪਰ ਸਾਡੇ ਵਿੱਚੋਂ ਬਹੁਤੇ ਜ਼ਿਆਦਾ ਪਹੁੰਚ ਜਾਂ ਪੈਸੇ ਦਾ ਫਾਇਦਾ ਉਠਾ ਕੇ ਆਪਣਾ ਕੰਮ ਜਲਦ ਕਰਵਾਉਣ ਦੀ ਹੋੜ 'ਚ ਬਾਕੀਆਂ ਲਈ ਵੀ ਸਮੱਸਿਆ ਪੈਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਲਈ ਚਲਾਈ ਐਂਟੀ ਕੁਰੱਪਸ਼ਨ ਐਕਸ਼ਨ ਹੈਲਪ ਲਾਈਨ 9501200200 ਨੇ ਆਮ ਲੋਕਾਂ ਨੂੰ ਭਿ੍ਰਸ਼ਟਾਚਾਰ ਵਿਰੁੱਧ ਲੜਨ ਦਾ ਵੱਡਾ ਹਥਿਆਰ ਦਿੱਤਾ ਹੈ, ਜਿਸ ਦੇ ਨਤੀਜੇ ਆਏ ਦਿਨ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਿ੍ਰਸ਼ਟਾਚਾਰ ਰਹਿਤ ਸਮਾਜ ਦੀ ਸਿਰਜਣਾ ਲਈ ਸਾਨੂੰ ਆਪਣੇ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ ਤਾਂ ਜੋ ਅਸੀਂ ਆਪਣੀ ਪਹੁੰਚ ਜਾਂ ਪੈਸੇ ਰਾਹੀਂ ਕਿਸੇ ਦਾ ਹੱਕ ਨਾ ਮਾਰ ਕੇ, ਹਰ ਕੰਮ ਨੂੰ ਮੈਰਿਟ ਅਨੁਸਾਰ ਹੋਣ ਦੇਈਏ। ਉਨ੍ਹਾਂ ਸਮਾਗਮ 'ਚ ਸ਼ਾਮਿਲ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਭਿ੍ਰਸ਼ਟਾਚਾਰ ਮੁਕਤ ਸਮਾਜ, ਪੰਜਾਬ ਅਤੇ ਦੇਸ਼ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐਸ ਐਸ ਪੀ ਰਾਜੇਸ਼ਵਰ ਸਿੰਘ ਸਿੱਧੂ ਨੇ ਚੌਕਸੀ ਜਾਗਰੂਕਤਾ ਸਪਤਾਹ ਦੀ ਮਹੱਤਤਾ 'ਤੇ ਬੋਲਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਖਿਲਾਫ਼ ਲੜਾਈ 'ਚ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਅਸੀਂ ਜਾਗਰੂਕ ਤੇ ਜ਼ਿੰਮੇਂਵਾਰ ਨਾਗਰਿਕ ਹੋਵਾਂਗੇ ਤਾਂ ਅੱਗੇ ਬੈਠਾ ਵਿਅਕਤੀ ਸਾਥੋਂ ਸਾਡੇ ਕੰਮ ਬਦਲੇ ਰਿਸ਼ਵਤ ਮੰਗਣ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਰਿਸ਼ਵਤ ਨੂੰ ਖਤਮ ਕਰਨ ਲਈ ਸਾਨੂੰ ਆਵਾਜ਼ ਉਠਾਉਣੀ ਪਵੇਗੀ। ਜੇਕਰ ਅਸੀਂ ਮੂਕ ਦਰਸ਼ਕ ਬਣ ਕੇ ਆਪਣੇ ਆਲੇ-ਦੁਆਲੇ 'ਚ ਹੋਣ ਵਾਲੀ ਭਿ੍ਰਸ਼ਟ ਗਤੀਵਿਧੀ ਨੂੰ ਸਹਿਣ ਕਰਾਂਗੇ ਤਾਂ ਅਸੀਂ ਇਸ ਨੂੰ ਹੋਰ ਉਤਸ਼ਾਹਿਤ ਕਰ ਰਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਭਿ੍ਰਸ਼ਟਚਾਰੀ ਕੇਵਲ ਆਪ ਹੀ ਸਮਾਜਿਕ ਸ਼ਰਮਿੰਦਗੀ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਦਾ ਬਲਕਿ ਉਸ ਦੇ ਪਰਿਵਾਰ ਨੂੰ ਵੀ ਉਸ ਦੇ ਮਾੜੇ ਕੰਮਾਂ ਦੀ ਸਜ਼ਾ ਸਮਾਜ ਦੀਆਂ ਨਜ਼ਰਾਂ 'ਚ ਦੋਸ਼ੀ ਬਣ ਕੇ ਚੁਕਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੇਵਲ ਚੌਕਸੀ ਜਾਗਰੂਕਤਾ ਸਪਤਾਹ ਦੌਰਾਨ ਰਿਸ਼ਵਤਖੋਰੀ ਵਿਰੁੱਧ ਪ੍ਰਣ ਲੈ ਕੇ ਭਿ੍ਰਸ਼ਟਚਾਰ ਖਤਮ ਨਹੀਂ ਕੀਤਾ ਜਾ ਸਕਦਾ ਬਲਕਿ ਬਾਕੀ ਦੇ ਦਿਨਾਂ 'ਚ ਵੀ ਸਾਨੂੰ ਇਸ ਪ੍ਰਣ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਭਿ੍ਰਸ਼ਟਾਚਾਰ ਰਹਿਤ ਮਾਹੌਲ ਜਿੱਥੇ ਉਨ੍ਹਾਂ ਨੂੰ ਸੁੱਖ ਦੀ ਨੀਂਦ ਦਿੰਦਾ ਹੈ ਉੱਥੇ ਲੋਕਾਂ 'ਚ ਉਨ੍ਹਾਂ ਦੇ ਚੰਗੇ ਅਕਸ ਨੂੰ ਵੀ ਲੰਬੇ ਸਮੇਂ ਤੱਕ ਬਣਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਹੁਦੇ ਦੀ ਵਰਤੋਂ ਲੋਕਾਂ ਦੇ ਹਿੱਤਾਂ 'ਚ ਕੀਤੀ ਜਾਵੇ ਨਾ ਕਿ ਦੁਰਵਰਤੋਂ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ, ਜਿਸ ਨਾਲ ਲੋਕਾਂ 'ਚ ਵੀ ਵਿਸ਼ਵਾਸ਼ ਦਾ ਮਾਹੌਲ ਬਣਿਆ ਹੈ। ਉਨ੍ਹਾਂ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ 9501200200 ਅਤੇ ਟੋਲ ਫ੍ਰੀ ਨੰਬਰ 1800 1800 1000 'ਤੇ ਭਿ੍ਰਸ਼ਟਾਚਾਰ ਦੇ ਮਾਮਲਿਆਂ ਖਿਲਾਫ਼ ਸੂਚਨਾ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਡੀ ਏ ਐਨ ਕਲਾਜ ਦੇ ਵਿਦਿਆਰਥੀਆਂ ਸਾਕਸ਼ੀ, ਇੰਦਰਪ੍ਰੀਤ ਕੌਰ, ਭਾਗਿਆ ਅਤੇ ਸੁਰਪ੍ਰੀਤ ਕੌਰ ਨੇ ਆਪਣੇ ਭਾਸ਼ਣਾਂ ਰਾਹੀਂ ਭਿ੍ਰਸ਼ਟਾਚਾਰ ਦੇ ਕਾਰਨਾਂ, ਉਸ ਦਾ ਖਾਤਮੇ ਅਤੇ ਲੋਕਾਂ ਦੇ ਰੋਲ 'ਤੇ ਵਿਸਤਾਰ ਪੂਰਵਕ ਚਾਨਣਾ ਪਾਇਆ। ਵਿਸ਼ਾਖਾ, ਮਨਦੀਪ ਕੌਰ, ਸਿਮਰਨਪ੍ਰੀਤ ਕੌਰ, ਸਲਮਾ, ਜਾਨਵੀ, ਮਨਜੋਤ ਕੌਰ, ਇੰਦਰਪ੍ਰੀਤ ਕੌਰ ਤੇ ਮਨਦੀਪ ਕੌਰ ਮਾਨ ਦੀ ਅਦਾਕਾਰੀ 'ਤੇ ਆਧਾਰਿਤ ਵਿਅੰਗਾਤਮਕ ਸਕਿੱਟ 'ਚਾਹ ਪਾਣੀ' ਰਾਹੀਂ ਇਨ੍ਹਾਂ ਵਿਦਿਆਰਥੀਆਂ ਨੇ ਭਿ੍ਰਸ਼ਟਾਚਾਰ 'ਤੇ ਕਰਾਰੀ ਚੋਟ ਕੀਤੀ।ਕਾਲਜ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਰਦਵਾਜ ਨੇ ਭਿ੍ਰਸ਼ਟਚਾਰ ਵਿਰੋਧੀ ਮੁਹਿੰਮ ਲਈ ਵਿਜੀਲੈਂਸ ਅਧਿਕਾਰੀਆਂ ਵੱਲੋਂ ਆਪਣੀ ਜ਼ੀਰੋ ਸਹਿਣ ਸ਼ਕਤੀ ਦੀ ਸ਼ਲਾਘਾ ਕੀਤੀ। ਸਮਾਜ ਸੇਵੀ ਜਸਪਾਲ ਸਿੰਘ ਗਿੱਦਾ ਨੇ ਵੀ ਇਸ ਮੌਕੇ ਭਿ੍ਰਸ਼ਟਚਾਰ ਦੇ ਖਾਤਮੇ ਪ੍ਰਤੀ ਸਮਾਜਿਕ ਜ਼ਿੰਮੇਂਵਾਰੀ ਬਾਰੇ ਵਿਚਾਰ ਰੱਖੇ।ਵਿਜੀਲੈਂਸ ਦੇ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਦੇ ਡੀ ਐਸ ਪੀ ਅਰਮਿੰਦਰ ਸਿੰਘ ਨੇ ਵਿਦਿਆਰਥੀਆਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭਿ੍ਰਸ਼ਟਚਾਰ ਵਿਰੁੱਧ ਪ੍ਰਣ ਦਿਵਾ ਕੇ ਭਿ੍ਰਸ਼ਟਾਚਾਰ ਮੁਕਤ ਰਾਸ਼ਟਰ ਤੇ ਵਿਕਸਿਤ ਭਾਰਤ ਦੀ ਸਿਰਜਣਾ ਦਾ ਸੰਕਲਪ ਲਿਆ। ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਪਿ੍ਰੰਸੀਪਲ ਡੀ ਏ ਐਨ ਕਾਲਜ ਡਾ. ਗੁਰਬਿੰਦਰ ਕੌਰ, ਸਮਾਜ ਸੇਵੀ ਜਸਪਾਲ ਸਿੰਘ ਗਿੱਦਾ, ਜ਼ਿਲ੍ਹਾ ਖਜ਼ਾਨਾ ਅਫ਼ਸਰ ਰਾਮ ਪ੍ਰਤਾਪ, ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ, ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ, ਸਹਾਇਕ ਨਿਰਦੇਸ਼ਕ ਬਾਗ਼ਬਾਨੀ ਰਾਜੇਸ਼ ਕੁਮਾਰ, ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ, ਵੈਟਰਨਰੀ ਅਫ਼ਸਰ ਡਾ. ਸਰਬਜੀਤ ਸਿੰਘ ਤਨੇਜਾ, ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਤੇ ਇੰਸਪੈਕਟਰ ਵਿਜੀਲੈਂਸ ਚਮਕੌਰ ਸਿੰਘ ਸਮੇਤ ਜ਼ਿਲ੍ਹੇ ਦੇ ਅਧਿਕਾਰੀ, ਕਰਮਚਾਰੀ ਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ।