ਜਾਗਰੂਕਤਾ ਤੇ ਪਹੁੰਚ ਰਾਹੀਂ ਕਾਨੂੰਨੀ ਜਾਣਕਾਰੀ ਦੇ ਕੇ ਲੋਕਾਂ ਦੇ ਸਸ਼ਕਤੀਕਰਣ ਦੀ ਮੁਹਿੰਮ ਨੂੰ ਜ਼ਿਲ੍ਹੇ ’ਚ ਭਰਵਾਂ ਹੁੰਗਾਰਾ


ਪੈਰਾ ਲੀਗਲ ਵਾਲੰਟੀਅਰ, ਪੈਨਲ ਵਕੀਲ, ਪੰਚਾਇਤ ਸਕੱਤਰ, ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰ ਕਰ ਰਹੇ ਨੇ ਲੋਕਾਂ ਤੱਕ ਪਹੁੰਚ
ਨਵਾਂਸ਼ਹਿਰ, 3 ਨਵੰਬਰ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ 'ਤੇ ਰਾਜ ਭਰ 'ਚ 31 ਅਕਤੂਬਰ ਤੋਂ 13 ਨਵੰਬਰ 2022 ਤੱਕ ਨਾਗਰਿਕਾਂ 'ਚ ਕਾਨੂੰਨੀ ਜਾਗਰੂਕਤਾ ਪੈਦਾ ਕਰਕੇ ਉਨ੍ਹਾਂ ਦੇ ਸਸ਼ਕਤੀਕਰਨ ਦੀ ਚਲਾਈ ਜਾ ਰਹੀ ਮੁਹਿੰਮ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਦੇ  ਵੱਖ-ਵੱਖ ਪਿੰਡਾਂ ਵਿੱਚ ਪੈਰਾ ਲੀਗਲ ਵਲੰਟੀਅਰਜ਼, ਪੈਨਲ ਵਕੀਲਾਂ, ਪੰਚਾਇਤ ਸਕੱਤਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਸੀ.ਡੀ.ਪੀ.ਓਜ਼ ਅਤੇ ਬੀ.ਡੀ.ਪੀ.ਓਜ਼ ਦੇ ਸਹਿਯੋਗ ਨਾਲ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ ਅਤੇ ਘਰ-ਘਰ ਕਾਨੂੰਨੀ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਦੇ ਪੈਂਫ਼ਲਿਟ ਵੰਡ ਕੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਨਾਲ-ਨਾਲ 12 ਨਵੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਸਬੰਧੀ ਵੀ ਜਾਗਰੂਕਤ ਕੀਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ ਜੇ ਐਮ ਅਸ਼ੀਸ਼ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਇਹ ਮੁਹਿੰਮ 31 ਅਕਤੂਬਰ ਤੋਂ 13 ਨਵੰਬਰ 2022 ਤੱਕ ਜਾਰੀ ਰਹੇਗੀ, ਜਿਸ ਦੌਰਾਨ ਜ਼ਿਲ੍ਹੇ ਦੇ ਸਾਰੇ 466 ਪਿੰਡਾਂ ਵਿੱਚ ਜਾਗਰੂਕਤਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਰੋਜ਼ਾਨਾ 30-35 ਪਿੰਡਾਂ ਵਿੱਚ ਟੀਮਾਂ ਜਾ ਕੇ ਜਾਗਰੂਕ ਕਰਦੀਆਂ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਪੈਂਦੀ  ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਟੈਲੀਫ਼ੋਨ ਨੰਬਰ 01823-223511 ਅਤੇ ਪੰਜਾਬ ਸਟੇਟ ਲੀਗਲ ਸਰਵਿਸਜ਼ ਦੇ ਟੋਲ ਫ੍ਰੀ ਨੰਬਰ 1968 'ਤੇ ਸੰਪਰਕ ਕਰਕੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।