ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤਾਂ 'ਚ ਹੋਣ ਵਾਲੀਆਂ ਆਮ ਮੀਟਿੰਗਾਂ ਸਬੰਧੀ ਜ਼ਿਲ੍ਹੇ
ਦੇ ਸਮੂਹ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 25 ਨਵੰਬਰ:ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਪੇਂਡੂ ਵਿਕਾਸ
ਪੰਚਾਇਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ
ਵਿਚ ਸਾਉਣੀ ਮਹੀਨੇ ਦੇ ਆਮ ਇਜਲਾਸ/ਗ੍ਰਾਮ ਸਭਾ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ
ਇਹ ਆਮ ਇਜਲਾਸ ਜ਼ਿਲ੍ਹੇ ਦੀਆਂ ਹਰ ਗ੍ਰਾਮ ਪੰਚਾਇਤ ਵਿਚ 1 ਦਸੰਬਰ ਤੋਂ 31 ਦਸੰਬਰ ਤੱਕ
ਹੋਣੇ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ
ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ
(ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ। ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ
ਕਿਹਾ ਕਿ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਦੇ ਆਮ ਇਜਲਾਸ ਦਾ ਸ਼ਡਿਊਲ ਸਬੰਧਤ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰਾਂ ਵਲੋਂ ਬਣਾ ਕੇ ਗੂਗਲ ਸ਼ੀਟ 'ਤੇ ਅਪਲੋਡ ਕੀਤਾ ਜਾ ਚੁੱਕਾ
ਹੈ। ਇਸ ਲਈ ਹਰ ਵਿਭਾਗ ਦੇ ਅਧਿਕਾਰੀ/ਕਰਮਚਾਰੀ ਜਿਨ੍ਹਾਂ ਦੀ ਡਿਊਟੀ ਆਮ ਮੀਟਿੰਗਾਂ ਵਿਚ
ਸ਼ਡਿਊਲ ਅਨੁਸਾਰ ਲਗਾਈ ਗਈ ਹੈ, ਉਹ ਨਿਸ਼ਚਿਤ ਮਿਤੀ ਅਤੇ ਸਥਾਨ 'ਤੇ ਸਮੇਂ-ਸਮੇਂ ਸਿਰ
ਹਾਜ਼ਰ ਹੋਣ।
ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪਚੰਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਮ ਇਜਲਾਸ
ਦਾ ਨੋਟਿਸ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇਂ ਕਿ ਸੂਚਨਾ ਬੋਰਡ, ਸੱਥ, ਸਕੂਲ
ਧਾਰਮਿਕ ਸਥਾਨਾਂ, ਬੱਸ ਸਟੈਂਡ, ਡਿਸਪੈਂਸਰੀ, ਪਾਰਕ, ਖੇਡ ਮੈਦਾਨ ਆਦਿ 'ਤੇ ਚਸਪਾ
ਕਰਵਾਉਣ ਅਤੇ ਉਸ ਦੀ ਵੀਡੀਓ ਬਣਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ
ਵਿਚ ਇਨ੍ਹਾਂ ਆਮ ਮੀਟਿੰਗਾਂ ਦੀ ਘੱਟ ਤੋਂ ਘੱਟ ਦੋ ਮਿਸਾਲੀ ਮੀਟਿੰਗਾਂ ਦੀ ਡਾਕੂਮੈਂਟਰੀ
ਵੀ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗਾਂ ਕਰਵਾਉਣ ਲਈ ਜ਼ਿਲ੍ਹਾ ਵਿਕਾਸ
ਤੇ ਪੰਚਾਇਤ ਅਫ਼ਸਰ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸਦ, ਪੇਂਡੂ ਵਿਕਾਸ ਵਿਭਾਗ
ਦੇ ਐਕਸਟੈਂਸ਼ਨ ਅਫ਼ਸਰ, ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਐਸ.ਡੀ.ਓ., ਮੁਖ
ਸੇਵਿਕਾ, ਐਸ.ਈ.ਪੀ.ਓ ਬਤੌਰ ਨਿਗਰਾਨ ਅਫ਼ਸਰ ਲਗਾਏ ਗਏ ਹਨ।
ਸੰਦੀਪ ਹੰਸ ਨੇ ਸਮੂਹ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਨ੍ਹਾਂ ਆਮ ਮੀਟਿੰਗਾਂ
ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ
ਅਪਨਾਈ ਜਾਵੇ। ਉਨ੍ਹਾਂ ਕਿਹਾ ਕਿ ਸਾਉਣੀ ਦੀ (ਦਸੰਬਰ ਮਹੀਨੇ ਵਿਚ) ਪੇਂਡੂ ਮੀਟਿੰਗਾਂ
ਵਿਚ ਗ੍ਰਾਮ ਪੰਚਾਇਤ ਆਪਣੇ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜ਼ਟ ਅਨੁਮਾਨ
ਅਤੇ ਅਗਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਲਈ ਸਾਲਾਨਾ ਯੋਜਨਾ ਬਾਰੇ
ਵਿਸਥਾਰਪੂਰਵਕ ਦੱਸੇਗੀ। ਉਨ੍ਹਾਂ ਕਿਹਾ ਕਿ ਪੇਂਡੂ ਸਭਾ ਦੀ ਆਮ ਮੀਟਿੰਗ ਸੱਦਣਾ, ਪਿੰਡ
ਵਾਸੀਆਂ ਲਈ ਇਕ ਅਜਿਹਾ ਮੌਕਾ ਹੈ, ਜਿਸ ਵਿਚ ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ
ਲੋਕਾਂ ਦੇ ਸਹਿਯੋਗ ਨਾਲ ਫੈਸਲਾ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਸਿਰ ਪਿੰਡ ਦੀਆਂ
ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ।
ਮੀਟਿੰਗ ਡੀ.ਡੀ.ਪੀ.ਓ. ਨੀਰਜ ਕੁਮਾਰ, ਜ਼ਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫ਼ਸਰ
ਰਜਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜੀ.ਐਮ. ਜ਼ਿਲ੍ਹਾ
ਉਦਯੋਗ ਕੇਂਦਰ ਅਰੁਣ ਕੁਮਾਰ, ਐਕਸੀਅਨ ਵਾਟਰ ਸਪਲਾਈ ਸਿਮਰਨਜੀਤ ਸਿੰਘ ਖਾਂਬਾ, ਭੂਸ਼ਨ
ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀ ਵੀ ਮੌਜੂਦ ਸਨ।