ਵਸਤਾਂ ਦੀ ਢੋਆ ਢੁਆਈ ਲਈ ਕੋਈ ਵੀ ਓਪਰੇਟਰ ਜਾਂ ਗਰੁੱਪ ਜ਼ਿਲੇ ’ਚ ਏਕਾਧਿਕਾਰ ਨਹੀਂ ਕਰ ਸਕਦਾ: ਡਿਪਟੀ ਕਮਿਸ਼ਨਰ

ਡੀ ਸੀ ਤੇ ਐਸ ਐਸ ਪੀ ਵੱਲੋਂ ਜ਼ਿਲੇ੍ਹ 'ਚ ਪੰਜਾਬ ਗੁੱਡਜ਼ ਕੈਰੀਏਜਿਜ਼ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਸਖ਼ਤੀ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ
ਨਵਾਂਸ਼ਹਿਰ, 24 ਨਵੰਬਰ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਵਪਾਰਕ ਢੋਆ-ਢੁਆਈ 'ਚ ਸਬੰਧਤ ਅਦਾਰਿਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਚ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ 'ਚ ਪੰਜਾਬ ਗੁੱਡਜ਼ ਕੈਰੀਏਜਿਸ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਸਬੰਧੀ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਇੰਨ ਬਿੰਨ ਲਾਗੂ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਸਨਅਤਕਾਰਾਂ ਦੀ ਇੱਕ ਮੀਟਿੰਗ ਦੌਰਾਨ ਡੀ ਸੀ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਭਰੋਸਾ ਦਿਵਾਇਆ ਕਿ ਸਨਅਤੀ ਇਕਾਈਆਂ ਨੂੰ ਢੋਆ-ਢੁਆਈ 'ਚ ਉਕਤ ਨਿਯਮਾਂ ਤਹਿਤ ਪ੍ਰਸ਼ਾਸਨ ਵੱਲੋਂ ਪੂਰਣ ਸਹਿਯੋਗ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਪੰਜਾਬ ਗੁੱਡਜ਼ ਕੈਰੀਏਜਿਸ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਦੇ ਇਸ ਨੋਟੀਫਿਕੇਸ਼ਨ ਤਹਿਤ ਸੂਬੇ ਵਿੱਚੋਂ ਟ੍ਰਾਂਸਪੋਰਟਾਂ 'ਤੇ ਕਿਸੇ ਵੀ ਇੱਕ ਧਿਰ ਜਾਂ ਗਰੁੱਪ ਦੇ ਏਕਾਧਿਕਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਜਿਸ ਦੀ ਪਾਲਣਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ 'ਚ ਵੀ ਲਾਜ਼ਮੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਗੁੱਡਜ਼ ਕੈਰੀਅਰ ਦੇ ਖੇਤਰ ਵਿੱਚ ਯੂਨੀਅਨਾਂ ਦੀ ਆੜ ਹੇਠ ਵਸਤਾਂ ਦੀ ਢੋਆ ਢੁਆਈ ਸਮੇਂ ਵਪਾਰੀਆਂ ਤੇ ਉਦਯੋਗਪਤੀਆਂ ਦਾ ਵਿੱਤੀ ਸੋਸ਼ਣ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਵਸਤਾਂ ਦੀ ਢੋਆ ਢੁਆਈ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਵੀ ਸਮੂਹ ਏਕਾਧਿਕਾਰ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮੂਹ ਕਿਸੇ ਦੂਜੇ ਓਪਰੇਟਰ ਜਾਂ ਪਰਮਿਟ ਹੋਲਡਰ ਨੂੰ ਆਪਣੇ ਨਾਲ ਰਲਾਉਣ ਜਾਂ ਮੈਂਬਰ ਬਣਾਉਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਓਪਰੇਟਰ ਜਾਂ ਪਰਮਿਟ ਹੋਲਡਰ ਕਿਸੇ ਦੂਜੇ ਓਪਰੇਟਰ ਜਾਂ ਪਰਮਿਟ ਹੋਲਡਰ ਨੂੰ ਪੂਰੇ ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਵਸਤਾਂ ਦੀ ਢੋਆ-ਢੁਆਈ ਕਰਨ ਤੋਂ ਰੋਕ ਨਹੀਂ ਸਕਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜ੍ਹਕੀ ਆਵਾਜਾਈ ਲਈ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਸਰਵਜਨਕ ਵਰਤੋਂ ਵਾਲੇ ਵਾਹਨ, ਵਪਾਰ ਤੇ ਉਦਯੋਗਾਂ ਦੇ ਵਿਕਾਸ ਲਈ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਪਾਰ ਤੇ ਸਨਅਤੀ ਸੈਕਟਰ ਦੀ ਮਜ਼ਬੂਤੀ ਲਈ ਵਸਤਾਂ ਦੀ ਸੁਚੱਜੀ ਢੋਆ ਢੁਆਈ ਨੂੰ ਪਾਰਦਰਸ਼ੀ ਅਤੇ ਵਾਜਬ ਦਰਾਂ 'ਤੇ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਨੋਟੀਫਿਕੇਸ਼ਨ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਆਰ.ਟੀ.ਏ ਅਤੇ ਪੁਲਿਸ ਵਿਭਾਗ ਵੱਲੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੋ ਕਿ ਪਰਮਿਟ ਰੱਦ ਕਰਨ ਤੋਂ ਲੈ ਕੇ ਐਫ.ਆਈ.ਆਰ ਦਰਜ ਕਰਨ ਤੱਕ ਹੋ ਸਕਦੀ ਹੈ।
ਇਸ ਮੌਕੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ 'ਚ ਸਨਅਤੀ ਜਾਂ ਹੋਰ ਸਮਾਨ ਦੀ ਢੋਆ-ਢਆਈ 'ਚ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦੀ ਮੁਕੰਮਲ ਪਾਲਣਾ ਯਕੀਨੀ ਬਣਾਈ ਜਾਵੇਗੀ ਅਅਤੇ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ 'ਚ ਰੁਕਾਵਟ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ 'ਚ ਸਨਅਤੀ ਇਕਾਈਆਂ ਮੈਕਸ ਸਪੈਸ਼ਲਿਟੀ ਫਿਲਮਜ਼, ਐਸ ਐਮ ਐਲ ਇਸੁਜ਼ੂ, ਸ੍ਰੀਆਂਸ ਇੰਡਸਟ੍ਰੀਜ਼ ਲਿਮਟਿਡ, ਹੈਲਥ ਕੈਪਸ ਇੰਡੀਆ ਲਿਮਟਿਡ ਦੇ ਪ੍ਰਤੀਨਿਧਾਂ ਤੋਂ ਇਲਾਵਾ ਵਪਾਰ ਮੰਡਲ ਦੇ ਗੁਰਚਰਨ ਅਰੋੜਾ, ਡੀ ਐਸ ਪੀ ਲਖਵੀਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ, ਹਰਵਿੰਦਰ ਸਿੰਘ ਕਿਰਤ ਨਿਰੀਖਕ ਅਤੇ ਆਰ ਟੀ ਏ ਹੁਸ਼ਿਆਰਪੁਰ ਦੇ ਪ੍ਰਤੀਧਿ ਵਜੋਂ ਨਿਤਾਸ਼ਾ ਮੌਜੂਦ ਸਨ।