ਆਂਗਨਵਾੜੀ ਕੇਂਦਰਾਂ ਤੋਂ 26917 ਬੱਚਿਆਂ ਤੇ ਮਹਿਲਾਵਾਂ ਨੂੰ ਦਿੱਤਾ ਗਿਆ ਸੰਤੁਲਿਤ ਆਹਾਰ ਦਾ ਲਾਭ
ਸਖੀ ਵਨ ਸਟਾਪ ਸੈਂਟਰ ਬਣ ਰਿਹਾ ਹਿੰਸਾ ਪੀੜਤ ਮਹਿਲਾਵਾਂ ਦਾ ਸਹਾਰਾ
ਡੀ ਸੀ ਵੱਲੋਂ ਲਿਆ ਗਿਆ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨਾਲ ਸਬੰਧਤ ਲਾਭਪਾਤਰੀ ਯੋਜਨਾਵਾਂ ਦਾ ਜਾਇਜ਼ਾ
ਨਵਾਂਸ਼ਹਿਰ, 29 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਸ਼ਹੀਦ ਭਗਤ
ਸਿੰਘ ਨਗਰ ਜ਼ਿਲ੍ਹੇ 'ਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ
ਆਂਗਨਵਾੜੀਆਂ, ਸਖੀ ਵਨ-ਸਟਾਪ ਸੈਂਟਰ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ
ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਇਸਤਰੀ ਤੇ ਬਾਲ ਵਿਕਾਸ
ਵਿਭਾਗ ਨਾਲ ਜੁੜੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇਹ ਸਾਰੇ ਲਾਭ ਜ਼ਮੀਨੀ ਪੱਧਰ
ਤੱਕ ਹਰ ਯੋਗ ਲਾਭਪਾਤਰੀ ਤੱਕ ਪੁੱਜਣੇ ਯਕੀਨੀ ਬਣਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ
ਦਾ ਹੁਣ ਤੱਕ 13645 ਗਰਭਵਤੀ ਮਹਿਲਾਵਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ, ਜੋ ਕਿ
ਕ੍ਰਮਵਾਰ ਗਰਭ ਧਾਰਨ ਦੇ 150 ਦਿਨਾਂ 'ਚ ਨੇੜਲੇ ਆਂਗਨਵਾੜੀ ਕੇਂਦਰ 'ਚ ਰਜਿਸਟ੍ਰੇਸ਼ਨ
ਕਰਵਾਉਣ 'ਤੇ ਪਹਿਲੀ ਕਿਸ਼ਤ ਵਜੋਂ 1000 ਰੁਪਏ, ਟੀਕਾਕਰਣ ਅਤੇ ਘੱਟੋ-ਘੱਟ ਇੱਕ ਐਂਟੀਨਟਲ
ਚੈਕਅਪ ਕਰਵਾਉਣ 'ਤੇ ਦੂਸਰੀ ਕਿਸ਼ਤ ਵਜੋਂ 2000 ਰੁਪਏ ਅਤੇ ਬੱਚੇ ਦੇ ਜਨਮ ਰਜਿਸਟ੍ਰੇਸ਼ਨ
ਅਤੇ ਬੱਚੇ ਦੇ ਪਹਿਲੇ ਦੌਰ ਦੇ ਟੀਕਾਕਰਣ ਬਾਅਦ ਤੀਸਰੀ ਤੇ ਆਖਰੀ ਕਿਸ਼ਤ ਵਜੋਂ 2000
ਰੁਪਏ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪੜਾਵਾਂ ਦੀ ਸੰਪੂਰਨਤਾ ਤਹਿਤ
ਮਿਲਦੇ ਇਸ 5000 ਰੁਪਏ ਪ੍ਰਤੀ ਮਹਿਲਾ ਲਾਭ ਤਹਿਤ ਹੁਣ ਤੱਕ 5.065 ਕਰੋੜ ਰੁਪਏ ਦਿੱਤੇ
ਜਾ ਚੁੱਕੇ ਹਨ।
ਇਸ ਤੋਂ ਇਲਾਵਾ 6 ਮਹੀਨੇ ਤੋਂ 3 ਸਾਲ ਅਤੇ 3 ਸਾਲ ਤੋਂ 6 ਮਹੀਨੇ ਤੱਕ ਦੇ ਬੱਚਿਆਂ ਨੂੰ
ਜ਼ਿਲ੍ਹੇ ਦੀਆਂ 795 ਆਂਗਨਵਾੜੀਆਂ ਰਾਹੀਂ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਉਣ
ਦੀ ਯੋਜਨਾ ਤਹਿਤ 21151 ਬੱਚਿਆਂ ਨੂੰ ਅਕਤੂਬਰ ਮਹੀਨੇ ਲਾਭ ਦਿੱਤਾ ਗਿਆ। ਗਰਭਵਤੀ
ਮਹਿਲਾਵਾਂ ਤੇ ਨਵ-ਜਨਮੇ ਬੱਚਿਆਂ ਦੀਆਂ ਮਾਂਵਾਂ ਨੂੰ ਵੀ ਸੰਤੁਲਿਤ ਅਤੇ ਪੌਸ਼ਟਿਕ ਆਹਾਰ
ਯਕੀਨੀ ਬਣਾਉਣ ਦੀ ਯੋਜਨਾ ਤਹਿਤ 5766 ਮਾਂਵਾਂ ਨੂੰ ਲਾਭ ਦਿੱਤਾ ਗਿਆ। ਉਨ੍ਹਾਂ ਦੱਸਿਆ
ਕਿ ਆਂਗਨਵਾੜੀਆਂ ਨੂੰ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇ ਪਰਬੰਧ ਵਾਸਤੇ ਪਹਿਲੀ ਅਤੇ
ਦੂਸਰੀ ਤਿਮਾਹੀ ਨੂੰ ਮਿਲਾ ਕੇ 8546505 ਰੁਪਏ ਦਾ ਬਜਟ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ
ਵੱਲੋਂ ਸਥਾਨਕ ਜ਼ਿਲ੍ਹਾ ਹਸਪਤਾਲ ਵਿਖੇ ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਇੱਕੋ ਛੱਤ
ਥੱਲੇ ਹੀ ਮੈਡੀਕਲ, ਕੌਂਸਲਿੰਗ, ਪੁਲਿਸ ਤੇ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ
ਥੋੜ੍ਹੇ ਸਮੇਂ ਦੀ ਸ਼ਰਣ ਪ੍ਰਦਾਨ ਕਰਵਾਉਣ ਲਈ ਸਥਾਪਿਤ ਸਖੀ-ਵਨ ਸਟਾਪ ਕ੍ਰਾਈਸਸ ਸੈਂਟਰ
ਵਿਖੇ ਇਸ ਸਾਲ ਜੁਲਾਈ ਤੋਂ ਅਕਤੂਬਰ ਮਹੀਨੇ ਤੱਕ 47 ਪੀੜਤਾਂ ਨੂੰ ਰਾਹਤ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖਰਾ ਸਟਾਫ਼ ਤਾਇਨਾਤ ਕੀਤਾ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੂੰ ਉਨ੍ਹਾਂ ਦੇ ਵਿਭਾਗ
ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਪਾਰਦਰਸ਼ਤਾ ਨਾਲ
ਹਰ ਇੱਕ ਲੋੜਵੰਦ ਤੱਕ ਪਹੁੰਚਾਉਣ ਲਈ ਆਖਿਆ। ਮੀਟਿੰਗ 'ਚ ਵਿਭਾਗ ਵੱਲੋਂ ਹਰ ਮਹੀਨੇ
ਕਰਵਾਈਆਂ ਜਾਂਦੀਆਂ ਪੋਸ਼ਣ ਅਭਿਆਨ ਜਾਗਰੂਕਤਾ ਗਤੀਵਿਧੀਆਂ ਜਿਨ੍ਹਾਂ 'ਚ ਮਹੀਨੇ ਦੀ 14
ਤੇ 28 ਤਰੀਕ ਨੂੰ ਮਨਾਏ ਜਾਂਦੇ ਅਨਪ੍ਰਾਸ਼ਣ ਦਿਵਸ, ਸਪੋਸ਼ਣ ਗੋਦਭਰਾਈ, ਹੱਥ ਧੋਣ ਦੀ
ਮਹੱਤਤਾ, ਦੁੱਧ ਪਿਲਾਉਣ ਦੀ ਮਹੱਤਤਾ, ਸਿਹਤ ਤੇ ਪੌਸ਼ਟਿਕ ਖੁਰਾਕ ਦੀ ਜਾਣਕਾਰੀ, ਹਰੇਕ
ਬੁੱਧਵਾਰ ਨੂੰ ਆਂਗਨਵਾੜੀਆਂ 'ਚ ਮਹਿਲਾਵਾਂ ਤੇ ਕਿਸ਼ੋਰ ਲੜਕੀਆਂ ਨੂੰ ਅਨੀਮੀਆ ਦੀ
ਰੋਕਥਾਮ ਸਬੰਧੀ ਜਾਗਰੂਕ ਕਰਨ ਅਤੇ ਹਰ ਮਹੀਨੇ ਦੀ 10 ਤਰੀਕ ਨੂੰ ਪਿੰਡ ਪੱਧਰੀ ਹੈਲਥ
ਸੈਨੀਟੇਸ਼ਨ ਤੇ ਨਿਊਟ੍ਰੀਸ਼ਨ ਡੇਅ ਮਨਾਉੁਣ ਦੀ ਲੜੀ ਵਜੋਂ ਆਸ਼ਾ ਤੇ ਏ ਐਨ ਐਮਜ਼ ਰਾਹੀਂ
ਬੱਚਿਆਂ ਦੇ ਵਿਕਾਸ, ਗਰਭਵਤੀ ਮਹਿਲਾਵਾਂ ਦੀ ਐਂਟੀਨਟਲ ਜਾਂਚ, ਟੀਕਾਕਰਣ, ਸਿਹਤ ਤੇ
ਪੌਸ਼ਟਿਕਤਾ ਸਿਖਿਆ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।