ਨਵਾਂਸ਼ਹਿਰ, 4 ਨਵੰਬਰ : ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ ਐਟ ਢੰਡੂਆ ਦੇ ਸਹਾਇਕ ਪ੍ਰੋਜੈਕਟ ਅਫਸਰ ਸ. ਹਰਿੰਦਰ ਜੀਤ ਸਿੰਘ ਬਾਵਾ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਮੱਛੀ ਪਾਲਣ ਵਿਭਾਗ ਵਲੋਂ ਤਿੰਨ ਦਿਨਾਂ ਟ੍ਰੇਨਿੰਗ ਕੈਂਪ 23, 24 ਅਤੇ 25 ਨਵੰਬਰ 2022 ਨੂੰ ਮੱਛੀ ਪੂੰਗ ਫਾਰਮ ਢੰਡੂਆ (ਨੇੜੇ ਬਹਿਰਾਮ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਲੁਧਿਆਣਾ ਤੋਂ ਮੱਛੀ ਸਾਇੰਸ ਦਾਨ, ਅਗਾਂਹਵਧੂ ਮੱਛੀ ਪਾਲਕ ਅਤੇ ਮਹਿਕਮੇ ਦੇ ਅਫਸਰਾਂ ਵਲੋਂ ਇਸ ਕਿੱਤੇ ਬਾਰੇ ਸੰਪੂਰਣ ਜਾਣਕਾਰੀ ਦਿੱਤੀ ਜਾਵੇਗੀ, ਜਿਸ ਵਿਚ ਮੱਛੀ ਦੀ ਖੁਰਾਕ, ਮੱਛੀ ਤਲਾਬ ਦੇ ਪਾਣੀ ਦੀ ਗੁਣਵੱਤਾ ਅਤੇ ਰੱਖ -ਰਖਾਅ, ਮੱਛੀਆਂ ਦੀ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਮੱਛੀ ਦਾ ਮੰਡੀਕਰਨ, ਇੰਟੈਗਰੇਟਿਡ ਫਿਸ਼ ਫਾਰਮਿੰਗ, ਬਾਇਓਫਲੋਕ ਫਿਸ਼ ਫਾਰਮਿੰਗ, ਰਿ-ਸਰਕੁਲੇਟਰੀ ਐਕੂਆਕਲਚਰ, ਐਕੂਆਪੋਨਿਕਸ, ਮੱਛੀ ਦੀ ਆਰਥਿਕਤਾ ਆਦਿ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਤਹਿਤ ਵੱਖ-ਵੱਖ ਪ੍ਰੋਜੈਕਟਾਂ ਅਤੇ ਉਨ੍ਹਾਂ ਉਪਰ ਦਿੱਤੀ ਜਾਂਦੀ ਸਬਸਿਡੀ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈੰਪ ਵਿਚ ਅਗਾਂਹਵਧੂ ਮੱਛੀ ਪਾਲਕ ਦੇ ਫਾਰਮ ਅਤੇ ਫਿਸ਼ਰੀਜ਼ ਕਾਲਜ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਵੀ ਸ਼ਾਮਿਲ ਹੋਵੇਗਾ। ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਨੂੰ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਜੀਫਾ ਵੀ ਦਿੱਤਾ ਜਾਵੇਗਾ। ਪੂਰੇ ਟ੍ਰੇਨਿੰਗ ਪ੍ਰੋਗਰਾਮ ਵਿਚ ਚਾਹ ਅਤੇ ਲੰਚ ਦਾ ਪ੍ਰਬੰਧ ਹੋਵੇਗਾ। ਟ੍ਰੇਨਿੰਗ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਕੇਵਲ ਪਹਿਲੇ 50 ਸਿਖਿਆਰਥੀਆਂ ਨੂੰ ਹੀ ਦਿੱਤੀ ਜਾਵੇਗੀ। ਜਿਹੜੇ ਮੱਛੀ ਪਾਲਕ ਇਸ ਟ੍ਰੇਨਿੰਗ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਇਕ ਹਫਤੇ ਦੇ ਅੰਦਰ- ਅੰਦਰ ਸੀਨੀਅਰ ਮੱਛੀ ਪਾਲਣ ਅਫਸਰ ਢੰਡੂਆ, ਠਾਕੁਰ ਸਤਿਅਮ (ਸੰਪਰਕ ਨੰ. 6239192568) ਅਤੇ ਫਾਰਮ ਸੁਪਰਡੈਂਟ ਢੰਡੂਆ ਸ੍ਰੀਮਤੀ ਤੇਜਿੰਦਰ ਕੌਰ (ਸੰਪਰਕ ਨੰ. 9478228196) ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਸਬੰਧੀ ਵਧੇਰੇ ਜਾਣਕਾਰੀ ਲੈ ਸਕਦੇ ਹਨ।