ਪਿੰਡ ਅੱਟਾ ਫਰੀ ਅੱਖਾਂ ਦੇ ਅਪਰੇਸ਼ਨ ਕੈਂਪ ਦੇ ਦਾਨੀ ਬੀਬੀ ਰੇਸ਼ਮ ਕੌਰ ਸੋਹਲ ਅਤੇ ਉਨ੍ਹਾਂ ਦਾ ਬੇਟੇ ਸੁਰਜੀਤ ਸਿੰਘ ਸੋਹਲ ਦਾ ਸਨਮਾਨ

ਪਿੰਡ ਅੱਟਾ ਫਰੀ ਅੱਖਾਂ ਦੇ ਅਪਰੇਸ਼ਨ ਕੈਂਪ ਦੇ ਦਾਨੀ ਬੀਬੀ ਰੇਸ਼ਮ ਕੌਰ ਸੋਹਲ ਅਤੇ ਉਨ੍ਹਾਂ ਦਾ ਬੇਟੇ ਸੁਰਜੀਤ ਸਿੰਘ ਸੋਹਲ ਦਾ ਸਨਮਾਨ
ਬੰਗਾ : 15 ਨਵੰਬਰ :- () ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਸਹਿਯੋਗ ਨਾਲ ਪੰਜਾਬ ਦੇ ਅਲੱਗ-ਅਲੱਗ ਸਥਾਨਾਂ ਤੇ ਦਰਜਨਾਂ ਫਰੀ ਕੈਂਪ ਲਗਾਉਣ ਵਾਲੇ ਪਿੰਡ ਅੱਟਾ ਦੇ ਜੰਮਪਲ ਅਤੇ ਯੂ.ਕੇ. ਨਿਵਾਸੀ ਸਮਾਜ ਸੇਵਕ, ਮਹਾਨ ਦਾਨੀ ਸਵ: ਸੋਹਨ ਸਿੰਘ ਸੋਹਲ ਜੀ ਦੀ ਧਰਮ ਪਤਨੀ  ਸਰਦਾਰਨੀ ਰੇਸ਼ਮ ਕੌਰ ਸੋਹਲ ਯੂ ਕੇ ਅਤੇ ਸਪੁੱਤਰ ਸ੍ਰੀ ਸੁਰਜੀਤ ਸਿੰਘ ਸੋਹਲ ਯੂ ਕੇ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮਾਜ ਸੇਵਕ, ਮਹਾਨ ਦਾਨੀ ਸਵ: ਸੋਹਨ ਸਿੰਘ ਸੋਹਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਪੰਜਾਬ ਦੇ ਲੋੜਵੰਦਾਂ ਦੀ ਸੇਵਾ ਕਰਨ ਦਾ ਬਹੁਤ ਵੱਡਾ ਜਜ਼ਬਾ ਸੀ ਅਤੇ ਉਹ ਹਰ ਸਾਲ ਪੰਜਾਬ ਆ ਕੇ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਦਰਜਨਾਂ ਫਰੀ ਅੱਖਾਂ ਦੇ ਅਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਲਗਵਾਏ ਸਨ। ਜਿਸ ਲਈ ਉਨ੍ਹਾਂ ਇਲਾਕਿਆਂ ਦੇ ਲੋਕ ਸਵ: ਸ. ਸੋਹਨ ਸਿੰਘ ਸੋਹਲ ਜੀ ਨੂੰ ਅੱਜ ਵੀ ਯਾਦ ਕਰਦੇ ਹਨ। ਇਸ ਮੌਕੇ  ਸ. ਕਾਹਮਾ ਨੇ ਦਾਨੀਆਂ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਾਨੀ ਪਰਵਾਰ ਨੂੰ ਦਿੱਤੀ। ਸਰਦਾਰਨੀ ਰੇਸ਼ਮ ਕੌਰ ਸੋਹਲ ਨੇ ਢਾਹਾਂ ਕਲੇਰਾਂ ਵਿਖੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਨਿਰੰਤਰ ਚਲਾਏ ਜਾ ਰਹੇ ਸੇਵਾ ਕਾਰਜਾਂ ਭਾਰੀ ਸ਼ਲਾਘਾ ਕਰਦੇ ਕਿਹਾ ਕਿ ਉਹਨਾਂ ਦੇ ਪਤੀ ਸਵ: ਸੋਹਨ ਸਿੰਘ ਸੋਹਲ ਜੀ ਵੱਲੋਂ ਸਿਖਾਏ ਲੋਕ ਭਲਾਈ ਦੇ ਰਾਹ ਚੱਲਦੇ ਹੋਏ ਉਹਨਾਂ ਦੇ ਸਮੂਹ ਸੋਹਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦੇ ਫਰੀ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਕੈਂਪ ਲੋੜਵੰਦਾਂ ਦੀ ਮਦਦ ਲਈ ਲਗਾਏ ਜਾਂਦੇ ਰਹਿਣਗੇ। ਜਿਸ ਦੀ ਸ਼ੁਰੂਆਤ ਇਸ ਸਾਲ ਪਹਿਲੀ ਨਵੰਬਰ 2022 ਤੋਂ ਪਿੰਡ ਅੱਟਾ ਵਿਖੇ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾ ਕੇ ਕੀਤੀ ਜਾ ਚੁੱਕੀ ਹੈ। ਜਿਸ ਵਿਚ 450 ਤੋਂ ਵੱਧ ਮਰੀਜ਼ਾਂ ਦਾ ਫਰੀ ਚੈੱਕਅੱਪ ਹੋਇਆ ਹੈ ਅਤੇ 80 ਤੋਂ ਵੱਧ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਵੀ ਫਰੀ ਕੀਤੇ ਗਏ ਹਨ।
               ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਰਦਾਰਨੀ ਰੇਸ਼ਮ ਕੌਰ ਸੋਹਲ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਸੁਰਜੀਤ ਸਿੰਘ ਸੋਹਲ ਦਾ ਸਨਮਾਨ ਵੀ ਕੀਤਾ ਅਤੇ ਟਰੱਸਟ ਨੂੰ ਆਪਣੀ ਨੇਕ ਕਮਾਈ ਵਿਚੋਂ ਦਾਨ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਮੈਡਮ ਦਲਜੀਤ ਕੌਰ ਅਪਥੈਲਮਿਕ ਅਫਸਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸਰਦਾਰਨੀ ਰੇਸ਼ਮ ਕੌਰ ਸੋਹਲ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਸੁਰਜੀਤ ਸਿੰਘ ਸੋਹਲ ਦਾ ਸਨਮਾਨ ਕਰਦੇ ਹੋਏ ਟਰੱਸਟ ਪ੍ਰਬੰਧਕ