ਆਂਗਣਵਾੜੀ ਸੈਂਟਰਾਂ 'ਚ 20 ਨਵੰਬਰ ਤੱਕ ਕਰਵਾਈਆਂ ਜਾਣਗੀਆਂ ਵੱਖ-ਵੱਖ
ਗਤੀਵਿਧੀਆਂ-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਹੁਸ਼ਿਆਰਪੁਰ, 15 ਨਵੰਬਰ: ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ
ਵਿਕਾਸ ਵਿਭਾਗ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਦਿਵਸ ਮੌਕੇ ਜਿਲ੍ਹਾ
ਹੁਸ਼ਿਆਰਪੁਰ ਦੇ ਅਧੀਨ ਆਉਂਦੇ ਆਂਗਣਵਾੜੀ ਸੈਟਰਾਂ ਵਿਚ ਉਡਾਰੀਆਂ ਬਾਲ ਵਿਕਾਸ ਮੇਲੇ ਦੀ
ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ
ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ 20 ਨਵੰਬਰ ਤੱਕ
ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਪੌਦੇ/ਸਬਜੀਆਂ ਲਗਾਉਣੀਆਂ,
ਖੇਡਾਂ ਰਾਹੀਂ ਬੱਚਿਆਂ ਨੂੰ ਫਾਇਦੇਮੰਦ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ
ਪੜ੍ਹਾਉਣਾ/ਸਿਖਾਉਣਾ, ਡਾਂਸ ਦੇ ਨਾਲ-ਨਾਲ ਹੋਰ ਮਾਨਸਿਕ ਅਤੇ ਸਰੀਰਕ ਗਤੀਵਿਧੀਆਂ,
ਕੁਪੋਸ਼ਣ ਸਬੰਧੀ ਬੱਚਿਆਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕਰਨਾ, ਆਪਣੇ ਆਸ-ਪਾਸ ਦੀ ਸਫਾਈ,
ਕਵਿਤਾ/ਕਹਾਣੀਆਂ ਰਾਹੀਂ ਬੱਚਿਆਂ ਨੂੰ ਜਾਣਕਾਰੀ ਦੇਣਾ ਆਦਿ ਗਤੀਵਿਧੀਆਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਨਾਅਰੇ 'ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇਕੋ
ਆਵਾਜ਼, ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ' ਰਾਹੀਂ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ
ਜਾ ਰਿਹਾ ਹੈ। ਇਹ ਮੇਲਾ ਸਮੂਹ ਸ਼ਹਿਰ/ਪਿੰਡ ਵਾਸੀਆਂ, ਸਰਪੰਚਾਂ/ਕੌਂਸਲਰਾਂ ਦੇ ਨਾਲ-ਨਾਲ
ਸਮੂਹ ਸੁਪਰਵਾਈਜਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ
ਰਿਹਾ ਹੈ। ਇਸ ਮੇਲੇ ਵਿੱਚ ਆਂਗਣਵਾੜੀ ਸੈਂਟਰ ਵਿੱਚ ਦਰਜ ਲਾਭਪਾਤਰੀਆਂ ਤੋਂ ਇਲਾਵਾ
ਬੱਚਿਆਂ ਦੇ ਮਾਤਾ-ਪਿਤਾ/ ਦਾਦਾ-ਦਾਦੀ ਅਤੇ ਇਸ ਦੇ ਨਾਲ-ਨਾਲ ਆਮ ਲੋਕ ਵੀ ਸ਼ਾਮਲ ਹੋਣਗੇ।