ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਵੱਲੋਂ ਸਮਾਜਿਕ ਤੇ ਧਾਰਮਿਕ ਸੰਗਠਨਾਂ ਨਾਲ ਸਦਭਾਵਨਾ ਪੂਰਣ ਮਾਹੌਲ ਬਣਾਈ ਰੱਖਣ ਲਈ ਮੀਟਿੰਗ

ਡੀ ਸੀ ਰੰਧਾਵਾ ਵੱਲੋਂ ਜ਼ਿਲ੍ਹੇ 'ਚ ਭਾਈਚਾਰਕ ਤੇ ਸਮਾਜਿਕ ਸਾਂਝ ਨੂੰ ਹਰ ਹਾਲ ਕਾਇਮ ਰੱਖਣ ਦਾ ਸੱਦਾ

ਐਸ ਐਸ ਪੀ ਮੀਣਾ ਵੱਲੋਂ ਸੋਸ਼ਲ ਮੀਡੀਆਂ 'ਤੇ ਭੜਕਾਊ ਪੋਸਟਾਂ ਪਾਉਣ 'ਤੇ ਸਖਤ ਕਾਰਵਾਈ ਦੀ ਚਿਤਾਵਨੀ

ਨਵਾਂਸ਼ਹਿਰ, 9 ਨਵੰਬਰ :ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਦਭਾਵਨਾ ਪੂਰਣ ਮਾਹੌਲ ਨੂੰ
ਬਣਾਈ ਰੱਖਣ ਲਈ ਅੱਜ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ
ਮੀਣਾ ਵੱਲੋਂ ਜ਼ਿਲ੍ਹੇ ਦੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ
ਗਈ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਜ਼ਿਲ੍ਹੇ 'ਚ ਸਦਭਾਵਨਾ ਪੂਰਣ ਮਾਹੌਲ, ਆਪਸੀ ਭਾਈਚਾਰਕ
ਸਾਂਝ, ਸਮਾਜਿਕ ਸਬੰਧਾਂ ਨੂੰ ਹਰ ਹਾਲ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ
ਦੇ ਲੋਕ ਹਮੇਸ਼ਾਂ ਤੋਂ ਹੀ ਭਾਈਚਾਰਕ ਸਾਂਝ ਦੇ ਹਾਮੀ ਰਹੇ ਹਨ। ਉਨ੍ਹਾਂ ਨੇ ਪੁਰਾਣੇ
ਸਮੇਂ ਤੋਂ ਵੱਡੀਆਂ ਜੰਗਾਂ ਲੜੀਆਂ, ਭਾਰਤ-ਪਾਕਿ ਵੰਡ ਵੇਲੇ ਦੀ ਤ੍ਰਾਸਦੀ ਨੂੰ ਦੇਖਿਆ
ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਦੇ ਬਾਵਜੂਦ ਕਦੇ ਵੀ ਪੰਜਾਬ 'ਚ ਕਦੇ ਵੀ ਸਮਾਜਿਕ ਤੇ
ਭਾਈਚਾਰਕ ਸਾਂਝ 'ਚ ਤਰੇੜ ਨਹੀਂ ਆਉਣ ਦਿੱਤੀ।
ਉਨ੍ਹਾਂ ਕਿਹਾ ਕਿ ਪਿੰਡਾਂ 'ਚ ਲਗਦੀਆਂ ਸੱਥਾਂ ਜੋ ਹੁਣ ਘਟ ਗਈਆਂ ਹਨ, ਕਿਸੇ ਵੀ
ਤਰ੍ਹਾਂ ਦੇ ਮਾਮਲੇ ਨੂੰ ਆਪਸੀ ਗੱਲਾਂ-ਬਾਤਾਂ ਰਾਹੀਂ ਸੁਲਝਾਉਣ ਤੇ ਕੜਵਾਹਟ ਨੂੰ ਘਟਾਉਣ
'ਚ ਸਮਰੱਥ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ
ਦਾ ਸਭ ਤੋਂ ਵੱਡਾ ਜ਼ਾਮਨ ਰਿਹਾ ਹੈ, 'ਚ ਸਮਾਜਿਕ ਤਾਣਾ-ਬਾਣਾ ਮਜ਼ਬੂਤ ਰੱਖਣ 'ਚ ਸਾਡਾ ਸਭ
ਦਾ ਬਰਾਬਰ ਦਾ ਯੋਗਦਾਨ ਹੈ, ਜਿਸ ਦੀ ਹੁਣ ਵੀ ਵੱਡੇ ਪੱਧਰ 'ਤੇ ਲੋੜ ਹੈ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਪਿੰਡਾਂ 'ਚ ਛੱਪੜਾਂ ਕੰਢੇ ਸੈਰਗਾਹਾਂ ਬਣਾਉਣ, ਨੌਜੁਆਨ
ਸ਼ਕਤੀ ਨੂੰ ਸਹੀ ਸੇਧ ਦੇਣ ਲਈ ਖੇਡ ਮੈਦਾਨ ਬਣਾਉਣ ਅਤੇ ਬਜ਼ੁਰਗਾਂ ਅਤੇ ਸਿਆਣਿਆਂ ਦੇ
ਆਪਸੀ ਵਿਚਾਰ-ਵਟਾਂਦਰੇ ਲਈ ਸੱਥਾਂ ਦੀ ਪੁਨਰ ਸੁਰਜੀਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ
ਕਿ ਧਾਰਮਿਕ ਸਥਾਨਾਂ 'ਚ ਲਾਏ ਸਪੀਕਰਾਂ ਦੀ ਆਵਾਜ਼ ਨੂੰ ਧਾਰਮਿਕ ਸਥਾਨ ਦੀ ਹਦੂਦ ਤੱਕ ਹੀ
ਸੀਮਤ ਰੱਖਣ, ਪਿੰਡਾਂ 'ਚ ਆਪਸੀ ਕੜਵਾਹਟਮ ਜੇਕਰ ਕਿਸੇ ਨਿੱਕੇ-ਮੋਟੇ ਕਾਰਨ ਤੋਂ ਆਉਂਦੀ
ਹੈ, ਨੂੰ ਪਿੰਡ ਦੇ ਸਿਆਣਿਆਂ ਵੱਲੋਂ ਖਤਮ ਕਰਵਾਉਣ ਜਿਹੇ ਯਤਨਾਂ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਤੱਕ ਸੰਕੀਰਣ (ਸੌੜੀ) ਸੋਚ ਤੋਂ ਦੂਰ ਰਹੇ ਹਾਂ, ਇੱਕ
ਦੂਜੇ ਦੇ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਹਾਂ ਅਤੇ ਪਾਰਟੀ ਤੇ ਧਾਰਮਿਕ ਪੱਧਰ ਤੋਂ ਉੱਪਰ
ਉੱਠ ਕੇ ਹਰ ਇੱਕ ਦੀ ਮੁਸੀਬਤ ਦੀ ਘੜੀ 'ਚ ਮੱਦਦ ਕਰਨ ਦੇ ਆਪਣੇ ਅਕੀਦੇ ਨੂੰ ਹਮੇਸ਼ਾਂ
ਕਾਇਮ ਰੱਖਦੇ ਹਾਂ। ਇਸ ਲਈ ਸਾਡੀ ਵੱਡੀ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਅਸੀਂ ਆਪਣੇ
ਜ਼ਿਲ੍ਹੇ ਨੂੰ ਸੌੜੀ ਸੋਚ ਤੋਂ ਦੂਰ ਰੱਖ ਕੇ ਸਦਭਾਵਨਾ ਪੂਰਣ ਮਾਹੌਲ ਨੂੰ ਬਣਾਈ ਰੱਖੀਏ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਮੀਟਿੰਗ ਦੇ ਮੰਚ 'ਤੇ
ਜੋ ਵਿਚਾਰ-ਚਰਚਾ ਹੋਈ ਹੈ, ਉਸ ਨੂੰ ਮੀਟਿੰਗ 'ਚ ਸ਼ਾਮਿਲ ਨੁਮਾਇੰਦੇ ਪਿੰਡ ਪੱਧਰ ਤੱਕ ਲੈ
ਕੇ ਜਾਣ ਅਤੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਿਤ ਕਰਨ।
ਉੁਨ੍ਹਾਂ ਕਿਹਾ ਕਿ ਅੱਜ ਕਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਾਰਨ ਇਸ ਦੀ ਗਲਤ ਵਰਤੋਂ
ਵੀ ਕਈ ਵਾਰ ਸਮਾਜ 'ਚ ਭੜਕਾਹਟ ਪੈਦਾ ਕਰਨ ਦਾ ਕਾਰਨ ਬਣ ਜਾਂਦੀ ਹੈ। ਉਨ੍ਹਾਂ ਨੇ ਸੋਸ਼ਲ
ਮੀਡੀਆ ਪਲੇਟਫ਼ਾਰਮ ਦੀ ਸਹੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ
ਦੀ ਗਲਤ ਖ਼ਬਰ ਜਾਂ ਸੂਚਨਾ ਨੂੰ ਸਾਂਝਾ ਕਰਨ 'ਤੇ ਲੋਕ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ
ਕਈ ਵਾਰ ਆਪਣੀਆਂ ਟਿੱਪਣੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ, ਜੋ ਸਮਾਜ 'ਚ ਭੜਕਾਹਟ ਦਾ
ਕਾਰਨ ਬਣਦੀਆਂ ਹਨ। ਉਨ੍ਹਾਂ ਨੇ ਅਜਿਹੀ ਕਿਸੇ ਵੀ ਗ਼ਲਤ ਜਾਂ ਝੂਠੀ ਖ਼ਬਰ ਜਾਂ ਸੂਚਨਾ ਨੂੰ
ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਅਜਿਹੇ ਅਨਸਰਾਂ ਜੋ
ਕਿ ਸਮਾਜ 'ਚ ਪਾੜਾ ਪਾਉਣ ਵਾਲੀਆਂ ਅਜਿਹੀਆਂ ਗ਼ਲਤ ਸੂਚਨਾਵਾਂ ਨੂੰ ਅੱਗੇ ਸ਼ੇਅਰ ਕਰਨਗੇ,
ਖਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਪੱਧਰ 'ਤੇ ਵੀ ਅਜਿਹੀਆਂ ਸਦਭਾਵਨਾ ਮੀਟਿੰਗਾਂ ਕੀਤੀਆਂ
ਗਈਆਂ ਹਨ ਅਤੇ ਹਰ ਇੱਕ ਵਰਗ ਦੇ ਨੁਮਾਇੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੂਚਨਾ
ਮਿਲਣ 'ਤੇ ਸਭ ਤੋਂ ਪਹਿਲਾਂ ਪੁਲਿਸ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਨੇ ਮੀਟਿੰਗ 'ਚ ਕੁੱਝ ਨੁਮਾਇੰਦਿਆਂ ਵੱਲੋਂ ਨਜਾਇਜ਼ ਅਸਲੇ ਦੀ ਗੱਲ ਕੀਤੇ ਜਾਣ
'ਤੇ ਕਿਹਾ ਕਿ ਪੁਲਿਸ ਕਿਸੇ ਵੀ ਸਮਾਜ ਵਿਰੋਧੀ ਅਨਸਰ ਚਾਹੇ ਉਹ ਗੈਂਗਸਟਰਾਂ ਨੂੰ
ਉਤਸ਼ਾਹਿਤ ਕਰਦਾ ਹੋਵੇ ਜਾਂ ਫ਼ਿਰ ਨਸ਼ੇ ਰਾਹੀਂ ਨੌਜੁਆਨਾਂ ਨੂੰ ਗਲਤ ਰਾਹ ਪਾਉਂਦਾ ਹੋਵੇ,
ਖਿਲਾਫ਼ ਕਾਰਵਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਅਜਿਹੀ ਕੋਈ ਵੀ ਸੂਚਨਾ ਹੋਣ 'ਤੇ ਤੁਰੰਤ
ਆਪਣੇ ਨਾਲ ਨਿੱਜੀ ਤੌਰ 'ਤੇ ਜਾਂ ਡੀ ਐਸ ਪੀਜ਼ ਨਾਲ ਸਾਂਝੀ ਕਰਨ ਲਈ ਆਖਿਆ।
ਮੀਟਿੰਗ 'ਚ ਵੱਖ-ਵੱਖ ਸਮਾਜਿਕ ਤੇ ਧਾਰਮਿਕ ਨੁਮਾਇੰਦਿਆਂ ਤੋਂ ਇਲਾਵਾ ਏ ਡੀ ਸੀ (ਜ)
ਰਾਜੀਵ ਵਰਮਾ, ਏ ਡੀ ਸੀ (ਡੀ) ਅਮਰਦੀਪ ਸਿੰਘ ਬੈਂਸ, ਐਸ ਪੀ (ਪੀ ਬੀ ਆਈ) ਇਕਬਾਲ
ਸਿੰਘ, ਐਸ ਡੀ ਐਮਜ਼ ਸ਼ਿਵਰਾਜ ਸਿੰਘ ਬੱਲ ਨਵਾਂਸ਼ਹਿਰ ਤੇ ਡਾ. ਪੂਨਮ ਪ੍ਰੀਤ ਕੌਰ ਬੰਗਾ,
ਡੀ ਐਸ ਪੀਜ਼ ਲਖਵੀਰ ਸਿੰਘ ਜ਼ਿਲ੍ਹਾ ਹੈਡਕੁਆਰਟਰ, ਰਣਜੀਤ ਸਿੰਘ ਬਦੇਸ਼ਾਂ ਨਵਾਂਸ਼ਹਿਰ ਅਤੇ
ਸਰਵਣ ਸਿੰਘ ਬੱਲ ਬੰਗਾ ਮੌਜੂਦ ਸਨ।