ਪਟਿਆਲਾ, 7 ਨਵੰਬਰ: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਬਾਂ ਦੀ ਕਾਸ਼ਤ ਉਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕੇ.ਵੀ.ਕੇ. ਕੇਂਦਰ ਰੌਣੀ ਵਿਖੇ ਕਰਵਾਇਆ ਗਿਆ। ਜਿਸ ਵਿੱਚ 45 ਸਿੱਖਿਆਰਥੀਆਂ ਨੇ ਸਿਖਲਾਈ ਪ੍ਰਾਪਤ ਕੀਤੀ।
ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਦੀ ਰਹਿਨੁਮਾਈ ਹੇਠ ਕਰਵਾਏ ਕੋਰਸ ਵਿੱਚ ਸਿੱਖਿਆਰਥੀਆਂ ਨੂੰ ਖੁੰਬਾਂ ਦੀ ਕਾਸ਼ਤ ਕਰਨ ਸਮੇਂ ਧਿਆਨ ਦੇਣਯੋਗ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ ਨੇ ਸਰਕਾਰ ਵੱਲੋਂ ਵੱਖ-ਵੱਖ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ।ਸਿਖਲਾਈ ਦੇ ਕੋਰਸ ਕੁਆਰਡੀਨੇਟਰ ਡਾ. ਰਚਨਾ ਸਿੰਗਲਾ ਨੇ ਤੂੜੀ ਤੋਂ ਕੰਪੋਸਟ ਤਿਆਰ ਕਰਨ ਦੀ ਵਿਧੀ, ਸਪਾਂਨਿੰਗ, ਕੇਸਿੰਗ ਅਤੇ ਤੁੜਾਈ ਬਾਰੇ ਜਾਣਕਾਰੀ ਦਿੱਤੀ। ਕੋਰਸ ਦੌਰਾਨ ਸਿੱਖਿਆਰਥੀਆਂ ਨੇ ਆਪਣੇ ਹੱਥੀ ਕੰਪੋਸਟ ਤਿਆਰ ਕਰਨ ਦੀ ਵਿਧੀ ਨੂੰ ਜਾਣਿਆ।ਸਿੱਖਿਆਰਥੀਆਂ ਨੂੰ ਬਾਗਬਾਨੀ ਵਿਭਾਗ ਦੀ ਸਪਾਨ ਲੈਬ ਦਾ ਦੌਰਾ ਵੀ ਕਰਵਾਇਆ ਗਿਆ।ਡਾ. ਰਜਨੀ ਗੋਇਲ ਨੇ ਖੁੰਬਾਂ ਤੋਂ ਅਚਾਰ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਅਗਾਂਹਵਧੂ ਖੁੰਬ ਉਤਪਾਦਕਾਂ ਦੇ ਨਾਲ ਗੱਲਬਾਤ ਵੀ ਕਰਵਾਈ ਗਈ। ਕੋਰਸ ਦੇ ਅਖੀਰਲੇ ਦਿਨ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ, ਪਿੰਡ ਪਬਰੀ ਵਿਖੇ ਖੁੰਬ ਫਾਰਮ ਦੀ ਗਿਆਨ-ਵਧਾਊ ਫੇਰੀ ਵੀ ਕਰਵਾਈ ਗਈ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀ ਖ਼ਰੀਦੀਆਂ। ਕੋਰਸ ਦੇ ਅੰਤ ਵਿੱਚ ਡਾ. ਵਿਪਨ ਕੁਮਾਰ ਰਾਮਪਾਲ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਵੀ ਦਿੱਤੀ।