ਸੈਲਫ਼ ਹੈਲਪ ਗਰੁੱਪਾਂ ਨੂੰ ਸਥਾਪਿਤ ਉਦਯੋਗਾਂ ਦੇ ਸਹਾਇਕ ਯੂਨਿਟਾਂ ਵਜੋਂ ਖੜਾ ਕਰਨ ਲਈ ਮੀਟਿੰਗ

ਡੀ ਸੀ ਵੱਲੋਂ ਉਦਯੋਗਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨੂੰ ਪਿੰਡਾਂ 'ਚ ਛੋਟੇ ਯੂਨਿਟ ਲਾ
ਕੇ ਰੋਜ਼ਗਾਰ ਮੁਹੱੲਅਿਾ ਕਰਵਾਉਣ ਦੀ ਲੋੜ 'ਤੇ ਜ਼ੋਰ
ਨਵਾਂਸ਼ਹਿਰ, 25 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਥਾਪਿਤ
ਉਦਯੋਗਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨੂੰ ਆਪਣੇ ਸਹਾਇਕ ਯੂਨਿਟਾਂ ਵਜੋਂ ਖੜਾ ਕਰਨ ਲਈ
ਉਦਯੋਗਿਕ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਅਜੀਵਿਕਾ ਮਿਸ਼ਨ ਤਹਿਤ ਪਿੰਡਾਂ 'ਚ ਬਹੁਤ ਸਾਰੇ ਹੈਲਪ
ਗਰੁੱਪ ਬਣਾਏ ਗਏ ਹਨ ਪਰ ਉਨ੍ਹਾਂ ਕੋਲ ਆਪਣੇ ਰੋਜ਼ਗਾਰ ਦਾ ਉਚਿੱਤ ਵਸੀਲਾ ਜਾਂ ਬਣਾਈਆਂ
ਜਾਣ ਵਾਲੀਆਂ ਵਸਤਾਂ ਦੀ ਮਾਰਕੀਟ ਦੇ ਹਿਸਾਬ ਜਾਂ ਮੰਗ ਮੁਤਾਬਕ ਵਿੱਕਰੀ ਨਾ ਹੋਣ ਕਾਰਨ,
ਉਹ ਵਪਾਰਕ/ਮੁਨਾਫ਼ਾ ਗਤੀਵਿਧੀਆਂ 'ਚ ਅਸਫ਼ਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ
ਗਰੁੱਪਾਂ ਦੀ ਬਾਂਹ ਫੜਨ ਲਈ ਸਥਾਪਿਤ ਉਦਯੋਗ ਆਪਣੇ ਸਹਾਇਕ ਯੂਨਿਟ ਲਾ ਕੇ ਇਨ੍ਹਾਂ ਸੈਲਫ
ਹੈਲਪ ਗਰੁੱਪਾਂ ਨੂੰ ਰੋਜ਼ਗਾਰ ਦੇੇਣ ਵਿੱਚ ਵੱਡੀ ਮੱਦਦ ਕਰ ਸਕਦੇ ਹਨ।
ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਮੌਜੂਦਗੀ 'ਚ ਸ਼ਹਿਰ ਦੇ ਉੱਘੇ ਵਪਾਰੀ
ਗੁਰਚਰਨ ਅਰੋੜਾ ਨੂੰ ਸਹਾਇਕ ਯੂਨਿਟਾਂ ਦੀ ਸਥਾਪਤੀ ਦਾ ਸਿਹਰਾ ਲੈਣ ਲਈ ਆਖਦਿਆਂ ਡਿਪਟੀ
ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ 900 ਦੇ ਕਰੀਬ ਸੈਲਫ਼ ਹੈਲਪ ਗਰੁੱਪ ਹਨ, ਜਿਨ੍ਹਾਂ
ਕੋਲ ਇੱਕ ਅੰਦਾਜ਼ੇ ਮੁਤਾਬਕ 9000 ਦੀ ਮਾਨਵੀ ਸ਼ਕਤੀ ਮੌਜੂਦ ਹੈ।
ਇਨ੍ਹਾਂ 'ਚ ਬਹੁਤ ਸਾਰੀਆਂ ਔਰਤਾਂ ਆਚਾਰ, ਮਸਾਲੇ, ਪਾਪੜ-ਵੜੀਆਂ, ਜੈਮ ਅਦਿ ਉਤਪਾਦ ਬਣਾ
ਸਕਦੀਆਂ ਹਨ ਪਰ ਅੱਗੇ ਇਨ੍ਹਾਂ ਉਤਪਾਦਾਂ ਦੀ ਲੋੜੀਂਦੀ ਵਿੱਕਰੀ ਨਾ ਹੋਣ ਕਾਰਨ, ਉਨ੍ਹਾਂ
ਦੇ ਹੌਂਸਲੇ ਪਸਤ ਹੋ ਜਾਂਦੇ ਹਨ।
ਉੁਨ੍ਹਾਂ ਕਿਹਾ ਕਿ ਜੇਕਰ ਵੱਡੇ ਵਪਾਰੀ ਅਜਿਹੀਆਂ ਘਰੇਲੂ ਵਰਤੋਂ ਦੀ ਚੀਜ਼ਾਂ ਉਨ੍ਹਾਂ
ਪਾਸੋਂ ਬਣਵਾ ਲੈਣ ਅਤੇ ਉਨ੍ਹਾਂ ਨੂੰ ਲਘੂ ਯੂਨਿਟ ਉਨ੍ਹਾਂ ਦੇ ਪਿੰਡਾਂ ਨੇੜੇ ਲਾ ਕੇ ਦੇ
ਦੇਣ ਤਾਂ ਇਸ ਨਾਲ ਉਨ੍ਹਾਂ ਦੇ ਰੋਜ਼ਗਾਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਨ੍ਹਾਂ
ਵਪਾਰਕ ਯੂਨਿਟਾਂ ਦੀ ਮਾਨਵੀ ਸ਼ਕਤੀ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਇਸ ਮੰਤਵ ਲਈ
ਉਨ੍ਹਾਂ ਨੂੰ ਸਬੰਧਤ ਵਪਾਰਕ ਅਦਾਰੇ ਵੱਲੋਂ ਲੋੜੀਂਦੀ ਸਿਖਲਾਈ ਅਤੇ ਸਬੰਧਤ ਸਮਾਨ ਤਿਆਰ
ਕਰਨ ਲਈ ਲੋੜੀਂਦੀ ਕੱਚੀ ਸਮੱਗਰੀ ਅਤੇ ਉਸ ਤੋਂ ਬਾਅਦ ਪੈਕਿੰਗ ਨਾਲ ਸਬੰਧਤ ਜਾਣਕਾਰੀ ਵੀ
ਮੁਹੱਈਆ ਕਰਵਾਈ ਜਾ ਸਕਦੀ ਹੈ।
ਗੁਰਚਰਨ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਕਦਮੀ ਨੂੰ ਵਪਾਰਕ ਪੱਧਰ 'ਤੇ
ਹਮਦਰਦੀ ਪੂਰਵਕ ਵਿਚਾਰਨ ਅਤੇ ਜਲਦ ਹੀ ਤਜਰਬੇ ਦੇ ਤੌਰ 'ਤੇ ਕੋਈ ਪ੍ਰਾਜੈਕਟ ਸ਼ੁਰੂ
ਕਰਵਾਉਣ ਦਾ ਭਰੋਸਾ ਦਿੱਤਾ।
ਮੀਟਿੰਗ 'ਚ ਡੀ ਪੀ ਐਮ ਅਭਿਸ਼ੇਕ ਜੈਨ, ਬਲਾਚੌਰ ਬਲਾਕ ਦੇ ਇੰਚਾਰਜ ਵਰਿੰਦਰ ਸਿੰਘ,
ਨਵਾਂਸ਼ਹਿਰ ਬਲਾਕ ਦੇ ਇੰਚਾਰਜ ਰਾਧਿਕਾ ਅਤੇ ਸੜੋਆ ਬਲਾਕ ਦੇ ਇੰਚਾਰਜ ਸੰਦੀਪ ਕੁਮਾਰ ਵੀ
ਮੌਜੂਦ ਸਨ।