ਭਿ੍ਰਸ਼ਟਾਚਾਰ ਮੁਕਤ ਭਾਰਤ ਦੇ ਨਿਰਮਾਣ ’ਚ ਵਿਦਿਆਰਥੀਆਂ ਦਾ ਯੋਗਦਾਨ ਮਹੱਤਵਪੂਰਣ-ਡੀ ਐਸ ਪੀ ਅਰਮਿੰਦਰ ਸਿੰਘ


ਬੰਗਾ, 3 ਨਵੰਬਰ :- ਜ਼ਿਲ੍ਹੇ 'ਚ ਚੌਕਸੀ ਜਾਗਰੂਕਤਾ ਸਪਤਾਹ ਮਨਾਏ ਜਾਣ ਦੌਰਾਨ ਅੱਜ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਡੀ ਐਸ ਪੀ ਵਿਜੀਲੈਂਸ ਅਰਮਿੰਦਰ ਸਿੰਘ ਨੇ ਭਿ੍ਰਸ਼ਟਾਚਾਰ ਮੁਕਤ ਭਾਰਤ ਤੇ ਵਿਕਸਿਤ ਰਾਸ਼ਟਰ ਦੀ ਵਕਾਲਤ ਕਰਦਿਆਂ ਕਿਹਾ ਕਿ ਸਿਖਿਆ ਅਦਾਰੇ 'ਚ ਸਮਾਗਮ ਕਰਨ ਦਾ ਮਨੋਰਥ ਇਨ੍ਹਾਂ ਭਵਿੱਖ ਦੇ ਨਿਰਮਾਤਾਵਾਂ ਨੂੰ ਭਿਸ਼ਟਾਚਾਰ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਭਿ੍ਰਸ਼ਟਾਚਾਰ ਕਈ ਰੂਪਾਂ 'ਚ ਹੋ ਸਕਦਾ ਹੈ, ਕੋਈ ਸਿੱਧੇ ਤੌਰ 'ਤੇ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਫ਼ਿਰ ਕਿਸੇ ਦੇ ਜਾਇਜ਼ ਕੰਮ ਨੂੰ ਲਟਕਾ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਹੈ ਜਾਂ ਫ਼ਿਰ ਆਮਦਨੀ ਦੇ ਵਸੀਲਿਆਂ ਤੋਂ ਵਧੇਰੇ ਆਮਦਨ ਇਕੱਠੀ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਦੇ ਟੋਲ ਫ੍ਰੀ ਨੰਬਰ 1800 1800 1000 ਜਾਂ ਫ਼ਿਰ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ 'ਤੇ ਰਿਕਾਰਡਿੰਗ ਜਾਂ ਵੀਡਿਓ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿ੍ਰੜ ਨਿਸ਼ਚੇ ਨਾਲ ਹੀ ਰਿਸ਼ਵਤ ਦਾ ਖਾਤਮਾ ਕੀਤਾ ਜਾ ਸਕਦਾ ਹੈ। ਇਸ ਨੂੰ ਠੱਲ੍ਹ ਪਾਉਣ ਲਈ ਹਰ ਇੱਕ ਦਾ ਸਾਥ ਜ਼ਰੂਰੀ ਹੈ। ਉੁਨ੍ਹਾਂ ਇਸ ਮੌਕੇ ਇਮਾਨਦਾਰ ਰਹਿਣ, ਕਾਨੂੰਨ ਅਤੇ ਨਿਯਮਾਂ ਦੀ ਆਪਣੀ ਜ਼ਿੰਦਗੀ 'ਚ ਪਾਲਣਾ ਕਰਨ, ਨਾ ਰਿਸ਼ਵਤ ਲੈਣ ਅਤੇ ਨਾ ਹੀ ਦੇਣ, ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਨ, ਹਰ ਕੰਮ ਨੂੰ ਜਨ ਹਿੱਤ ਵਿੱਚ ਕਰਨ, ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਮਾਨਦਾਰੀ ਦੀ ਮਿਸਾਲ ਪੈਦਾ ਕਰਨ ਅਤੇ ਭਿ੍ਰਸ਼ਟਾਚਾਰ ਸਬੰਧੀ ਸਮਰੱਥ ਤਫ਼ਤੀਸ਼ੀ ਏਜੰਸੀ ਨੂੰ ਸੂਚਨਾ ਦੇਣ ਦਾ ਪ੍ਰਣ ਦਿਵਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਜਾਗਰੂਕਤਾ ਸਮਾਗਮਾਂ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੂੰ ਭਿ੍ਰਸ਼ਟ ਤੰਤਰ ਖਿਲਾਫ਼ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਨ੍ਹਾਂ ਦਾ ਰਿਸ਼ਵਤ ਨੂੰ ਰੋਕਣ 'ਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਲਈ ਏਜੰਟਾਂ ਦਾ ਸਹਾਰਾ ਨਾ ਲਵੋ। ਅੱਜ ਕਲ੍ਹ ਸਾਰਾ ਕੁੱਝ ਆਨਲਾਈਨ ਹੈ। ਰਿਹਾਇਸ਼, ਜਾਤੀ, ਆਮਦਨ ਸਰਟੀਫ਼ਿਕੇਟ ਲੈਣਾ ਹੈ ਤਾਂ ਸਮੇਂ ਸਿਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਸਮੇਂ ਸਿਰ ਅਪਲਾਈ ਕੀਤਾ ਜਾਵੇ, ਸਰਕਾਰ ਵੱਲੋਂ ਅਰਜ਼ੀ ਦੇ ਨਿਪਟਾਰੇ ਦੇ ਦਿਨ ਨਿਰਧਾਰਿਤ ਹਨ। ਜੇਕਰ ਕੋਈ ਪ੍ਰੇਸ਼ਾਨੀ ਆਵੇ ਤਾਂ ਸਬੰਧਤ ਦਫ਼ਤਰ ਦੇ ਅਧਿਕਾਰੀ ਨੂੰ ਮਿਲਿਆ ਜਾਵੇ ਤੇ ਦੱਸਿਆ ਜਾਵੇ ਕਿ ਸਾਨੂੰ ਇਸ ਦਸਤਾਵੇਜ਼ ਦੀ ਸਮੇਂ ਤੋਂ ਪਹਿਲਾਂ ਜ਼ਰੂਰਤ ਹੈ ਅਤੇ ਇਸ ਨੂੰ ਜਲਦ ਜਾਰੀ ਕਰਨ ਦੀ ਬੇਨਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਿਸ਼ਵਤ ਦੇਣ ਤੋਂ ਹੱਥ ਪਿੱਛੇ ਖਿੱਚ ਲਈਏ ਤਾਂ ਯਕੀਨਨ ਇਸ ਨੂੰ ਖਤਮ ਕਰਨ 'ਚ ਸਾਡਾ ਯੋਗਦਾਨ ਮਿਸਾਲੀ ਹੋ ਸਕਦਾ ਹੈ।
ਪਿ੍ਰੰਸੀਪਲ ਤਰਸੇਮ ਸਿੰਘ ਭਿੰਡਰ ਨੇ ਭਿ੍ਰਸ਼ਟਚਾਰ ਖਤਮ ਕਰਨ ਲਈ ਵਿਜੀਲੈਂਸ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਫ਼-ਸੁੱਥਰਾ ਸਿਸਟਮ ਸਮਾਜ, ਰਾਜ ਅਤੇ ਦੇਸ਼ ਦੀ ਤਰੱਕੀ 'ਚ ਸਭ ਤੋਂ ਵਧੇਰੇ ਲਾਭਦਾਇਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਭਿ੍ਰਸ਼ਟਾਚਾਰ ਵਿਰੁੱਧ ਬੋਲਣ 'ਚ ਝਿਜਕ ਜਾਂਦੇ ਹਾਂ, ਜਿਸ ਨਾਲ ਭਿ੍ਰਸ਼ਟਾਚਾਰੀ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ। ਸਾਨੂੰ ਭਿ੍ਰਸ਼ਟਾਚਾਰ ਵਿਰੁੱਧ ਡੱਟ ਕੇ ਖੜ੍ਹਨਾ ਚਾਹੀਦਾ ਹੈ ਅਤੇ ਇਸ ਸਰਕਾਰਾਂ ਵੱਲੋਂ ਉਪਲਬਧ ਕਰਵਾਏ ਵੱਖ-ਵੱਖ ਮੰਚਾਂ 'ਤੇ ਸ਼ਿਕਾਇਤ ਕਰਨ ਦੇ ਨਾਲ-ਨਾਲ ਵੱਖ-ਵੱਖ ਮੰਚਾਂ 'ਤੇ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਾਲਜਾਂ 'ਚੋਂ ਪੜ੍ਹ ਕੇ ਵੱਖ-ਵੱਖ ਅਹੁਦਿਆਂ 'ਤੇ ਜਾਣਗੇ, ਇਸ ਲਈ ਉਨ੍ਹਾਂ ਨੂੰ ਅੱਜ ਤੋਂ ਹੀ ਰਿਸ਼ਵਤਖੋਰੀ ਵਿਰੁੱਧ ਤਹੱਈਆ ਲੈਣਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਭਿ੍ਰਸ਼ਟਾਚਾਰ 'ਤੇ ਭਾਸ਼ਣ ਵੀ ਦਿੱਤੇ ਅਤੇ ਨੌਜੁਆਨ ਵਰਗ ਦੀ ਭਿ੍ਰਸ਼ਟਾਚਾਰ ਖ਼ਿਲਾਫ਼ ਸੋਚ ਨੂੰ ਬੁਲੰਦ ਕੀਤਾ।