ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ’ਚ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕਾਰਜ ’ਚ ਤੇਜ਼ੀ ਲਿਆਉਣ ਦੀ ਹਦਾਇਤ

ਸੁਪਰਵਾਈਜ਼ਰਾਂ ਨਾਲ ਮੀਟਿੰਗ ਦੌਰਾਨ ਨਵੰਬਰ ਤੱਕ ਮਿੱਥੀ ਸਮਾਂ-ਸੀਮਾ
ਨਵਾਂਸ਼ਹਿਰ, 20 ਨਵੰਬਰ : ਚੋਣ ਕਮਿਸ਼ਨ ਵੱਲੋਂ ਆਰੰਭੇ ਹੋਏ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਦੀ ਪ੍ਰਗਤੀ ਦੀ ਜ਼ਿਲ੍ਹੇ 'ਚ ਸਮੀਖਿਆ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜੀਵ ਵਰਮਾ ਨੇ ਸੁਪਰਵਾਈਜ਼ਰਾਂ ਨੂੰ ਕੰਮ 'ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕਰਦਿਆਂ ਉਨ੍ਹਾਂ ਨੇ ਸਮੂਹ ਸੁਪਰਵਾਈਜ਼ਰਾਂ ਨੂੰ ਜ਼ਿਲ੍ਹੇ 'ਚ ਹੁਣ ਤੱਕ ਹੋਏ 73.95 ਫ਼ੀਸਦੀ ਆਧਾਰ ਲਿੰਕ ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ 100 ਫ਼ੀਸਦੀ ਤੱਕ ਲਿਜਾਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਮੌਜੂਦਾ 495784 ਮਤਦਾਤਾਵਾਂ 'ਚੋਂ ਇਸ ਮੁਹਿੰਮ ਤਹਿਤ ਹੁਣ ਤੱਕ 366611 ਮਤਦਾਤਾਵਾਂ ਦੇ ਆਧਾਰ ਕਾਰਡ ਹੀ ਵੋਟਰ ਕਾਰਡ ਨਾਲ ਜੋੜੇ ਗਏ ਹਨ। ਏ ਡੀ ਸੀ ਵਰਮਾ ਨੇ ਵਿਧਾਨ ਸਭਾ ਹਲਕਾ ਵਾਰ ਮੁਲਾਂਕਣ ਕਰਦਿਆਂ ਸਭ ਤੋਂ ਘੱਟ ਪ੍ਰਤੀਸ਼ਤਤਾ ਵਾਲੇ ਹਲਕੇ ਨਵਾਂਸ਼ਹਿਰ 'ਚ ਇਸ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ 'ਚ ਹੁਣ ਤੱਕ 68.68 ਫ਼ੀਸਦੀ ਦੀ ਪ੍ਰਗਤੀ ਹੀ ਦਰਜ ਕੀਤੀ ਗਈ ਹੈ। ਬੰਗਾ ਹਲਕੇ 'ਚ 72.23 ਫ਼ੀਸਦੀ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਹੋਏ ਹੋਣ ਬਾਰੇ ਦੱਸਦਿਆਂ, ਉਨ੍ਹਾਂ ਨੇ ਇਸ ਹਲਕੇ 'ਚ ਵੀ ਮੁਹਿੰਮ ਨੂੰ ਤੇਜ਼ ਕਰਨ ਲਈ ਆਖਿਆ। ਬਲਾਚੌਰ ਵਿਧਾਨ ਸਭਾ ਹਲਕੇ 'ਚ 81.85 ਫ਼ੀਸਦੀ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਹੋਣ 'ਤੇ ਤੱਸਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਸੁਪਰਵਾਈਜ਼ਰਾਂ ਨੂੰ ਇਸ ਨੂੰ 100 ਫ਼ੀਸਦੀ 'ਤੇ ਲਿਜਾਣ ਲਈ ਆਖਿਆ। ਸੁਪਰਵਾਈਜ਼ਰਾਂ ਨੂੰ ਆਪਣੇ ਬੂਥ ਲੈਵਲ ਅਫ਼ਸਰਾਂ ਨਾਲ ਹਰ ਪੰਦਰਵਾੜੇ ਦੌਰਾਨ ਮੀਟਿੰਗ ਕਰਕੇ ਇਸ ਮੁਹਿੰਮ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਜ਼ਿਲ੍ਹੇ ਦੇ ਉੁਨ੍ਹਾਂ ਮਤਦਾਤਾਵਾਂ ਜਿਨ੍ਹਾਂ ਨੇ ਆਪਣੇ ਵੋਟਰ ਕਾਰਡ ਹਾਲਾਂ ਤੱਕ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਏ, ਨੂੰ ਆਪਣੇ ਆਧਾਰ ਨੰਬਰ ਆਪਣੇ ਬੀ ਐਲ ਓ ਨੂੰ ਫ਼ਾਰਮ 6 ਬੀ 'ਚ ਭਰਨ ਲਈ ਦੇਣ ਦੀ ਅਪੀਲ ਕਰਦਿਆਂ ਏ ਡੀ ਸੀ ਵਰਮਾ ਨੇ ਕਿਹਾ ਕਿ ਇਹ ਆਧਾਰ ਨੰਬਰ ਕੇਵਲ ਤੇ ਕੇਵਲ ਵੋਟਰ ਕਾਰਡ ਨਾਲ ਜੋੜਨ ਲਈ ਹੀ ਵਰਤੇ ਜਾਣਗੇ ਅਤੇ ਇਨ੍ਹਾਂ ਦੀ ਕੋਈ ਦੁਰਵਰਤੋਂ ਨਹੀਂ ਹੋਵੇਗੀ ਅਤੇ ਆਧਾਰ ਕਾਰਡ ਡਾਟੇ ਦੀ ਨਿੱਜਤਾ ਵੀ ਬਰਕਰਾਰ ਰਹੇਗੀ।
ਜ਼ਿਲ੍ਹੇ 'ਚ ਨਵੀਂਆਂ ਵੋਟਾਂ ਬਣਾਉਣ ਲਈ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜੁਆਨਾਂ ਨੂੰ ਫ਼ਾਰਮ 6 ਭਰਨ 'ਚ ਸੁਵਿਧਾ ਦੇਣ ਲਈ 19 ਅਤੇ 20 ਨਵੰਬਰ, 2022 (ਸ਼ਨੀਵਾਰ ਅਤੇ ਐਤਵਾਰ) ਅਤੇ 3 ਅਤੇ 4 ਦਸੰਬਰ, 2023 (ਸ਼ਨੀਵਾਰ ਅਤੇ ਐਤਵਾਰ) ਨੂੰ ਲਾਏ ਜਾ ਰਹੇ ਬੂਥ ਪੱਧਰੀ ਵਿਸ਼ੇਸ਼ ਕੈਂਪਾਂ 'ਚ ਆਪਣੇ ਆਧਾਰ ਕਾਰਡ ਨੰਬਰ ਵੀ ਮੌਜੂਦਾ ਵੋਟਾਂ ਨਾਲ ਲਿੰਕ ਕਰਵਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਜਿੱਥੇ ਦੋਹਰੀਆਂ ਵੋਟਾਂ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇਗਾ ਉੱਥੇ ਮਤਦਾਤਾ ਸੂਚੀ ਨੂੰ ਵੀ ਸ਼ੁੱਧ ਤੇ ਤਰੁਟੀਰਹਿਤ ਬਣਾਇਆ ਜਾ ਸਕੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਜਿਨ੍ਹਾਂ ਹਾਲੇ ਤੱਕ ਵੋਟ ਨਹੀਂ ਬਣਵਾਈ, ਨੂੰ ਇਸ ਮੁਹਿੰਮ ਦੌਰਾਨ ਵੋਟ ਬਣਾਉਣ ਅਤੇ ਉਨ੍ਹਾਂ ਵੋਟਰਾਂ, ਜਿਨ੍ਹਾਂ ਹਾਲੇ ਤੱਕ ਆਧਾਰ ਕਾਰਡ ਨਾਲ ਆਪਣਾ ਵੋਟਰ ਕਾਰਡ ਲਿੰਕ ਨਹੀਂ ਕਰਵਾਇਆ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੋਟਰ ਖੁਦ ਵੀ ਮੋਬਾਇਲ 'ਤੇ ਵੋਟਰ ਹੈਲਪ ਲਾਈਨ ਡਾਊਨਲੋਡ ਕਰਕੇ ਜਾਂ ਫ਼ਿਰ ਆਨਲਾਈਨ ਨੈਸ਼ਨਲ ਵੋਟਰ ਸਰਵਿਸ ਪੋਰਟਲ ਡਾਟ ਇੰਨ 'ਤੇ ਲਾਗਇੰਨ ਕਰਕੇ, ਉਸ 'ਚ ਆਪਣੇ ਵੇਰਵੇ ਭਰ ਕੇ ਆਪਣਾ ਆਧਾਰ ਕਾਰਡ ਨੰਬਰ ਆਪਣੇ ਵੋਟਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਇਸ ਮੀਟਿੰਗ 'ਚ ਐਕਸਟਰਾ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਮਿਸ ਗੁਰਲੀਨ, ਸਹਾਇਕ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰ ਬਲਾਚੌਰ ਤਹਿਸੀਲਦਾਰ ਰਵਿੰਦਰ ਬਾਂਸਲ, ਸਹਾਇਕ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰ ਬੰਗਾ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਚੋਣ ਤਹਿਸੀਲਦਾਰ ਅਮਨਦੀਪ ਸਿੰਘ, ਕਾਨੂੰਗੋ ਪਲਵਿੰਦਰ ਸਿੰਘ, ਈ ਓ ਬੰਗਾ ਸੁਖਦੇਵ ਸਿੰਘ ਤੇ ਈ ਓ ਬਲਾਚੌਰ ਭਜਨ ਚੰਦ ਸਮੇਤ ਜ਼ਿਲ੍ਹੇ ਦੇ ਸੁਪਰਵਾਈਜ਼ਰ ਮੌਜੂਦ ਸਨ।