ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਖਲਾਈ ਅਧੀਨ ਪਟਵਾਰੀਆਂ ਦੀ ਕੰਪਿਊਟਰ ਟ੍ਰੇਨਿੰਗ ਦਾ ਜਾਇਜ਼ਾ

ਅਪਰੈਲ 2023 ਤੱਕ ਚੱਲੇਗੀ ਪਟਵਾਰੀ ਟ੍ਰੇਨਿੰਗ ਸਕੂਲ ਦੀ ਸਿਖਲਾਈ, 49 ਉਮੀਦਵਾਰ ਲੈ
ਰਹੇ ਨੇ ਪਟਵਾਰ ਟ੍ਰੇਨਿੰਗ ਸਕੂਲ ਦੀ ਸਿਖਲਾਈ
ਨਵਾਂਸ਼ਹਿਰ, 18 ਨਵੰਬਰ : ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਪਟਵਾਰੀਆਂ ਦੀ
ਸਥਾਨਕ ਪਟਵਾਰ ਟ੍ਰੇਨਿੰਗ ਸਕੂਲ 'ਚ ਚੱਲ ਰਹੀ ਕੰਪਿਊਟਰ ਸਿਖਲਾਈ ਦਾ ਅੱਜ ਵਧੀਕ ਡਿਪਟੀ
ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ 49 ਨਵ-ਨਿਯੁਕੱਤ ਪਟਵਾਰੀ
ਜ਼ਿਲ੍ਹਾ ਪੱਧਰੀ ਪਟਵਾਰ ਟ੍ਰੇਨਿੰਗ ਸਕੂਲ 'ਚ ਸਿਖਲਾਈ ਹਾਸਲ ਕਰ ਰਹੇ ਹਨ। ਇਹ ਸਿਖਲਾਈ
ਅਪਰੈਲ 2023 ਤੱਕ ਪਟਵਾਰ ਸਕੂਲ ਵਿਖੇ ਅਤੇ ਉਸ ਤੋਂ ਬਾਅਦ ਤਿੰਨ ਮਹੀਨੇ ਲਈ ਫ਼ੀਲਡ ਵਿਖੇ
ਕਰਵਾਈ ਜਾਵੇਗੀ।
ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਵਾਈ ਜਾ ਰਹੀ ਕੰਪਿਊਟਰ
ਟ੍ਰੇਨਿੰਗ 20 ਘੰਟੇ ਦੀ ਹੋਵੇਗੀ, ਜਿਸ ਨੂੰ 10 ਦਿਨ ਤੋਂ 15 ਦਿਨਾਂ 'ਚ ਪੂਰਾ ਕੀਤਾ
ਜਾਣਾ ਹੈ। ਇਸ ਸਿਖਲਾਈ ਦੌਰਾਨ ਕੰਪਿਊਟਰ ਟਾਈਪਿੰਗ ਅਤੇ ਲੈਂਡ ਰਿਕਾਰਡਜ਼ ਸਬੰਧੀ
ਸਾਫ਼ਟਵੇਅਰ 'ਚ ਕੰਮ ਕਰਨਾ ਸਿਖਾਇਆ ਜਾ ਰਿਹਾ ਹੈ। ਜਿਸ ਵਿੱਚ ਆਨਲਾਈਨ ਐਂਟਰੀਆਂ, ਫ਼ਰਦਾਂ
ਤੇ ਮਾਲ ਰਿਕਾਰਡ ਬਾਰੇ ਜਾਣਕਾਰੀ ਸ਼ਾਮਿਲ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਵਾਰ ਟ੍ਰੇਨਿੰਗ ਸਕੂਲ ਦੇ ਪਿ੍ਰੰਸੀਪਲ ਵਜੋਂ
ਸੇਵਾ ਮੁਕਤ ਤਹਿਸੀਲਦਾਰ ਜਸਵੀਰ ਸਿੰਘ ਮਾਹੀ ਅਤੇ ਇੰਸਟ੍ਰੱਕਟਰਾਂ ਵਜੋਂ ਸੇਵਾ ਮੁਕਤ
ਕਾਨੂੰਗੋ ਚਰਨ ਦਾਸ, ਸੁਰਿੰਦਰ ਸਿੰਘ, ਕੁਲਦੀਪ ਸਿੰਘ ਤੇ ਰਣਜੀਤ ਸਿੰਘ ਇਨ੍ਹਾਂ
ਉਮੀਦਵਾਰਾਂ ਨੂੰ ਪਟਵਾਰੀ ਦੀ ਅਸਾਮੀ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਅਤੇ ਟ੍ਰੇਨਿੰਗ
ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਤਹਿਤ ਲੈਂਡ ਰਿਕਾਰਡ ਮੈਨੂਅਲ ਤਿੰਨ ਦੇ ਅਧਿਆਇ 14
ਤੋਂ 101 ਤੱਕ ਪਟਵਾਰੀ ਦੀ ਡਿਊਟੀ ਨਾਲ ਸਬੰਧਤ ਵੱਖ-ਵੱਖ ਕਾਰਜਾਂ ਜਿਵੇਂ ਕਿ
ਗਿਰਦਾਵਰੀ, ਪੈਮਾਇਸ਼, ਆਮਦ ਅਫ਼ਸਰ, ਰੋਜ਼ਨਾਮਚਾ ਦਰਜ ਕਰਨਾ, ਪਰਚਾ ਯਾਦਦਾਸ਼ਤ ਫ਼ਾਰਮ,
ਇੰਤਕਾਲ ਦਰਜ ਕਰਨਾ, ਮੌਤ ਦੀ ਸੂਰਤ 'ਚ ਵਿਰਾਸਤ ਦਾ ਇੰਤਕਾਲ ਦਰਜ ਕਰਨਾ, ਆਪਸੀ ਸਹਿਮਤੀ
ਨਾਲ ਤਕਸੀਮ ਦਾ ਇੰਤਕਾਲ ਸਰਜ ਕਰਨਾ, ਕੁਦਰਤੀ ਆਫ਼ਤਾਂ ਦੀ ਸੂਰਤ 'ਚ ਖਰਾਬਾ ਦਰਜ ਕਰਨਾ,
ਪਿੰਡ 'ਚ ਵਾਪਰਦੀ ਕਿਸੇ ਵੀ ਅਹਿਮ ਘਟਨਾ ਦੀ ਰੋਜ਼ਨਾਮਚਾ ਐਂਟਰੀ ਕਰਨੀ, ਕੁਰਕੀ ਬਾਰੇ
ਅਦਾਲਤ ਦੇ ਹੁਕਮਾਂ ਨੂੰ ਰਿਕਾਰਡ 'ਚ ਦਰਜ ਕਰਨਾ, ਮੁਆਮਲਾ ਮੁਆਫ਼ੀ, ਸੇਹੱਦਾ, ਆਵਾਜਾਈ
ਜਾਂ ਹਾਦਸੇ ਬਾਰੇ ਰਪਟ ਪਾਉਣੀ, ਨਕਸ਼ਾ ਬਣਾਉਣਾ ਆਦਿ ਮਾਲ ਵਿਭਾਗ ਨਾਲ ਸਬੰਧਤ ਕੰਮਾਂ
ਬਾਰੇ ਦੱਸਿਆ ਜਾ ਚੁੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਖਲਾਈ ਅਧੀਨ ਪਟਵਾਰੀਆਂ ਪਾਸੋਂ ਹੁਣ ਤੱਕ ਸਿੱਖੇ
ਕੰਮ ਬਾਰੇ ਸੁਆਲ ਵੀ ਪੁੱਛੇ ਅਤੇ ਪਟਵਾਰੀ ਦੀ ਜ਼ਿੰਮੇਂਵਾਰੀ ਨੂੰ ਅਤਿ ਅਹਿਮ ਦੱਸਦੇ
ਹੋਏ, ਸਿਖਲਾਈ ਪੂਰੀ ਮੇਹਨਤ ਅਤੇ ਲਗਨ ਨਾਲ ਪੂਰੀ ਕਰਨ ਲਈ ਆਖਿਆ ਗਿਆ।
ਇਸ ਮੌਕੇ ਪਿ੍ਰੰਸੀਪਲ ਜਸਬੀਰ ਸਿੰਘ ਮਾਹੀ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ
ਕੁਮਾਰ ਵੀ ਮੌਜੂਦ ਸਨ