ਅਸਲਾ ਡੀਲਰਾਂ ਕੋਲ ਲੰਬੇ ਸਮੇਂ ਤੋਂ ਜਮ੍ਹਾਂ ਪਏ ਲਾਇਸੰਸੀ ਹਥਿਆਰਾਂ ਦੀ ਰਿਪੋਰਟ ਮੰਗੀ
ਨਵਾਂਸ਼ਹਿਰ, 22 ਨਵਬੰਰ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਾਇਸੰਸੀ ਹਥਿਆਰਾਂ ਦੀ
ਸਮੀਖਿਆ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ
ਲਾਇਸੰਸੀ ਹਥਿਆਰਾਂ ਦੀ ਆਰੰਭੀ ਸਮੀਖਿਆ ਪ੍ਰਕਿਰਿਆ ਦੌਰਾਨ 266 ਲਾਇਸੰਸ ਰੱਦ ਕੀਤੇ ਗਏ
ਹਨ ਜਦਕਿ 50 ਹੋਰ ਮੁਅੱਤਲ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਡਿਪਟੀ
ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਬਾਅਦ ਜ਼ਿਲ੍ਹੇ ਅੰਦਰ ਜਾਰੀ 2327
ਅਸਲਾ ਲਾਇਸੰਸਾਂ ਦੀ ਪੜਤਾਲ ਕੀਤੀ ਗਈ, ਜਿਸ ੳਪਰੰਤ ਉਕਤ ਲਾਇਸੰਸ ਰੱਦ ਅਤੇ ਮੁਅੱਤਲ
ਕੀਤੇ ਗਏ। ਉਨ੍ਹਾਂ ਦੱਸਿਆ ਕਿ ਰੱਦ ਕੀਤੇ ਗਏ ਅਸਲਾ ਲਾਇਸੰਸ ਜ਼ਿਲ੍ਹੇ ਦੀ ਅਸਲਾ ਸ਼ਾਖਾ
ਅਤੇ ਜ਼ਿਲ੍ਹਾ ਪੁਲਿਸ ਵੱਲੋਂ ਕੀਤੀਆਂ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਕੈਂਸਲ ਕੀਤੇ
ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕੋਰਟ ਕੇਸ, ਅਸਲਾ ਧਾਰਕ ਦੇ ਵਿਦੇਸ਼ ਦੀ
ਨਾਗਰਿਕਤਾ ਲੈਣਾ ਜਾਂ ਬਿਰਧ ਅਵਸਥਾ 'ਚ ਹੋਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਜਿਹੜੇ
ਅਸਲਾ ਲਾਇਸੰਸ ਮੁਅੱਤਲ ਕੀਤੇ ਗਏ, ਉਨ੍ਹਾਂ ਵਿੱਚ ਪੁਲਿਸ ਮਾਮਲੇ ਜਾਂਂ ਸਮੇਂ ਸਿਰ
ਲਾਇਸੰਸਾਂ ਦੇ ਨਵਿਆਉਣ ਦੀ ਪ੍ਰਕਿਰਿਆ ਨਾ ਅਪਨਾਉਣਾ ਆਦਿ ਸ਼ਾਮਿਲ ਹਨ।
ਏ ਡੀ ਸੀ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਉਕਤ ਰੱਦ ਅਤੇ ਮੁਅੱਤਲੀ ਦੀ ਕਾਰਵਾਈ ਤੋਂ
ਬਾਅਦ ਬਾਕੀ ਬਚੇ 2011 ਅਸਲਾ ਲਾਇਸੰਸ ਵੀ ਸਮੀਖਿਆ ਅਧੀਨ ਹਨ। ਉਨ੍ਹਾਂ ਦੱਸਿਆ ਕਿ ਨਵੇਂ
ਲਾਇਸੰਸ ਤਿੰਨ ਮਹੀਨੇ ਤੱਕ ਜਾਰੀ ਨਾ ਕਰਨ ਦੀਆਂ ਹਦਾਇਤਾਂ ਅਨੁਸਾਰ ਰੋਕੇ ਜਾਣ ਤੋਂ
ਇਲਾਵਾ ਨਵਿਆਉਣ ਲਈ ਆਈਆਂ ਅਰਜ਼ੀਆਂ 'ਚ ਬਿਨੇਕਾਰ ਦੀ ਪੁਲਿਸ ਪੜਤਾਲ, ਉਸ ਦੀ ਹਥਿਆਰ
ਰੱਖਣ ਦੀ ਲੋੜ, 70 ਸਾਲ ਤੋਂ ਉੱਪਰ ਵਾਲੇ ਦੀ ਮੈਡੀਕਲ ਫਿੱਟਨੈਸ ਆਦਿ ਕਾਰਨਾਂ ਨੂੰ
ਧਿਆਨ 'ਚ ਘੋਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐਨ ਆਰ ਆਈ ਬਹੁਤਾਤ ਵਾਲਾ ਜ਼ਿਲ੍ਹਾ ਹੋਣ ਕਾਰਨ ਅਸਲਾ ਡੀਲਰਾਂ ਕੋਲ
ਲੰਬੇ ਸਮੇਂ ਤੋਂ ਜਮਾਂ ਪਏ ਲਾਇਸੰਸੀ ਹਥਿਆਰਾਂ ਦਾ ਵੇਰਵਾ ਵੀ ਮੰਗਿਆ ਗਿਆ ਹੈ ਤਾਂ ਜੋ
ਉਸ ਸਬੰਧੀ ਵੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ
ਅਸਲਾ ਲਾਇਸੰਸ ਹੋਲਡਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ
ਚੱਲ ਰਹੀ ਪੜਤਾਲ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ
ਇਹ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ।