ਭ੍ਰਿਸ਼ਟਾਚਾਰ ਦੇ ਖਿਲਾਫ਼ ਇਕਜੁੱਟ ਹੋਣ ਦੀ ਅਪੀਲ ਦੇ ਨਾਲ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ

ਹੁਸ਼ਿਆਰਪੁਰ, 1 ਨਵੰਬਰ: ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵਲੋਂ ਆਯੋਜਿਤ ਵਿਜੀਲੈਂਸ ਜਾਗਰੂਕਤਾ ਸਪਤਾਹ ਤਹਿਤ 'ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ' ਥੀਮ ਤਹਿਤ ਅੱਜ ਐਸ.ਡੀ. ਕਾਲਜ ਹੁਸ਼ਿਆਰਪੁਰ ਅਤੇ ਜੀ.ਜੀ.ਐਸ.ਡੀ. ਕਾਲਜ ਹਰਿਆਣਾ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ।  ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਪ੍ਰਚਲਿਤ ਭ੍ਰਿਸ਼ਟ ਕਾਰਵਾਈ ਦੀ ਅਸਰਦਾਰ ਰੋਕਥਾਮ ਲਈ ਬੇਝਿੱਜਕ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾ ਸਕੇ। ਐਸ.ਡੀ. ਕਾਲਜ ਹੁਸ਼ਿਆਰਪੁਰ ਵਿਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਮੌਜੂਦ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਆਮ ਲੋਕਾਂ, ਸਮਾਜਿਕ ਪ੍ਰਤੀਨਿਧੀਆਂ ਆਦਿ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੇ ਤੋਂ ਸ਼ੁਰੂਆਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਪ੍ਰਣ ਲੈਣ ਕਿ ਉਹ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਕਾਰਵਾਈ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤਰ੍ਹਾਂ ਦੀ ਕਾਰਵਾਈ ਸਾਹਮਣੇ ਆਉਣ 'ਤੇ ਸਮਰੱਥ ਅਥਾਰਟੀ ਨੂੰ ਰਿਪੋਰਟ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਨੇਕ ਨੀਤੀ ਅਤੇ ਵਿਧੀ ਵਿਧਾਨ ਦਾ ਪਾਲਣ ਕਰਦੇ ਹੋਏ ਸਾਰੇ ਕੰਮ ਇਮਾਨਦਾਰੀ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਐਸ.ਡੀ. ਕਾਲਜ ਹੁਸ਼ਿਆਰਪੁਰ ਅਤੇ ਜੀ.ਜੀ.ਐਸ.ਡੀ. ਐਸ.ਡੀ. ਕਾਲਜ ਹਰਿਆਣਾ ਵਿਖੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਐਸ.ਐਸ.ਪੀ. ਸ਼੍ਰੀ ਰਾਜੇਸ਼ਵਰ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਸਮਾਜ ਦੇ ਹਰ ਹਿੱਸੇ ਨੂੰ ਇਸ ਬੁਰਾਈ ਤੋਂ ਪੂਰੀ ਤਰ੍ਹਾਂ ਸਫ਼ਾਈ ਲਈ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵਲੋਂ 18 ਸਾਲ ਤੋਂ ਵੱਧ ਉਮਰ ਵਰਗ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕੇਂਦਰਿਤ ਕਰਕੇ ਉਨ੍ਹਾਂ ਨੂੰ ਭ੍ਰਿਸ਼ਟ ਕਾਰਵਾਈ ਵਿਰੁੱਧ ਖੜ੍ਹਨ ਲਈ ਚੰਗੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਸਮਾਜਿਕ ਬੁਰਾਈ ਨੂੰ ਸੁਚਾਰੂ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਮੌਕੇ 'ਤੇ ਵਿਦਿਆਰਥੀਆਂ, ਆਮ ਲੋਕਾਂ, ਸਮਾਜਿਕ ਪ੍ਰਤੀਨਿਧੀਆਂ ਅਤੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਇਕ ਮੰਚ 'ਤੇ ਲਿਆਉਣ ਦਾ ਉਦੇਸ਼ ਹੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨੂੰ ਹੋਰ ਤੇਜ਼ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਦੇ ਧਿਆਨ ਵਿਚ ਆਉਂਦੀ ਹੈ, ਤਾਂ ਉਹ ਵਿਭਾਗ ਦੇ ਟੋਲ ਫਰੀ ਨੰਬਰ 1800-1800-100, ਐਂਟੀ ਕਰੱਪਸ਼ਨ ਲਾਈਨ ਨੰਬਰ 95012-00200 ਜਾਂ ਵਿਜੀਲੈਂਸ ਬਿਊਰੋ ਦੇ ਨਜ਼ਦੀਕੀ ਦਫ਼ਤਰ ਵਿਚ ਇਸ ਦੀ ਜਾਣਕਾਰੀ ਦੇ ਸਕਦੇ ਹਨ।
ਐਸ.ਐਮ.ਓ. ਡਾ. ਲਖਵੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਰਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼, ਸਮਾਜ ਅਤੇ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਦੇ ਪ੍ਰਤੀ ਆਵਾਜ਼ ਬੁਲੰੰਦ ਕੀਤੀ ਜਾਵੇ, ਤਾਂ ਜੋ 'ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ' ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤਯੋਗ ਨਹੀਂ ਹੈ, ਜਿਸ ਦੇ ਖਾਤਮੇ ਲਈ ਸਾਰੇ ਵਰਗਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਡੀ.ਐਸ.ਡੀ. ਵਿਜੀਲੈਂਸ ਸ਼੍ਰੀ ਮਨੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਉਂਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਖੜ੍ਹੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਵਿਦਿਆਰਥੀਆਂ ਤੇ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਜੀ.ਜੀ.ਐਸ.ਡੀ. ਕਾਲਜ ਹਰਿਆਣਾ ਵਿਚ ਆਯੋਜਿਤ ਸੈਮੀਨਾਰ ਦੌਰਾਨ ਵਿਸ਼ੇਸ਼ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਭ੍ਰਿਸ਼ਟਾਚਾਰ ਖਿਲਾਫ਼ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਐਸ.ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ, ਡੀ.ਐਸ.ਪੀ. (ਦਿਹਾਤੀ) ਸੁਰਿੰਦਰ ਪਾਲ, ਸ਼੍ਰੀ ਸਨਾਤਨ ਧਰਮ ਪ੍ਰਤੀਨਿੱਧੀ ਸਭਾ ਦੇ ਖੇਤਰੀ ਜਨਰਲ ਸਕੱਤਰ ਪ੍ਰੋ: ਗੁਰਦੀਪ ਸ਼ਰਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਕੌਂਸਲਰ ਸੰਜੇ ਕਪਿਲਾ, ਗੁਰੂ ਨਾਨਕ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਪਰਮਜੀਤ ਸਿੰਘ, ਐਸ.ਡੀ. ਕਾਲਜ ਪ੍ਰਬੰਧਕ ਕਮੇਟੀ ਹੁੁਸ਼ਿਆਰਪੁਰ ਦੇ ਪ੍ਰਧਾਨ ਹੇਮਾ ਸ਼ਰਮਾ, ਉਪ ਪ੍ਰਧਾਨ ਚਤੁਰ ਭੂਸ਼ਨ ਜੋਸ਼ੀ, ਸਕੱਤਰ ਗੋਪਾਲ ਸ਼ਰਮਾ, ਕੈਸ਼ੀਅਰ ਨੈਸ਼ਨਲ ਅਵਾਰਡੀ ਪ੍ਰਮੋਦ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਪ੍ਰੋ: ਪ੍ਰਸ਼ਾਂਤ ਸੇਠੀ, ਐਸ.ਡੀ ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਡਾ. ਰਾਧਿਕਾ ਰਤਨ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।