ਬਾਲ ਭੀਖ ਵਿਰੁੱਧ ਮੁਹਿੰਮ, ਸ਼ੇਰਾਂ ਵਾਲਾ ਗੇਟ ਤੇ ਲੀਲਾ ਭਵਨ ਵਿਖੇ ਗੁਬਾਰੇ ਵੇਚਣ ਤੇ ਭੀਖ ਮੰਗਣ ਵਾਲਿਆਂ ਦੀ ਕਾਊਂਸਲਿੰਗ

ਪਟਿਆਲਾ, 22 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਸ਼ਹਿਰ ਵਿਚ 'ਮੇਰਾ ਬਚਪਨ' ਪ੍ਰਾਜੈਕਟ ਤਹਿਤ ਬਾਲ ਭਿੱਖਿਆ ਤੇ ਕਾਉਂਸਲਿੰਗ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸ਼ਹਿਰ ਲੀਲਾ ਭਵਨ ਅਤੇ ਸੇ਼ਰਾਂ ਵਾਲਾ ਗੇਟ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਡਾ. ਸ਼ਾਇਨਾ ਕਪੂਰ ਤੇ ਡੀਐਸਪੀ ਚੰਦ ਸਿੰਘ ਵਲੋਂ ਸਰਵੇਖਣ ਕੀਤਾ ਗਿਆ, ਥਾਣਾ ਮਹਿਲਾ ਦੇ ਮੁਖੀ ਸਰਪ੍ਰੀਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਸੜਕ 'ਤੇ ਭੀਖ ਮੰਗਣ ਵਾਲੇ ਤੇ ਗੁਬਾਰੇ ਵੇਚਣ ਵਾਲੇ ਬੱਚਿਆਂ ਦੀ ਕੌਂਸਲਿੰਗ ਕੀਤੀ ਗਈ ਅਤੇ ਮੌਕੇ 'ਤੇ ਮੋਜੂਦ ਇਨਾਂ ਬੱਚਿਆਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਅਤੇ ਡੀਐਸਪੀ ਚੰਦ ਸਿੰਘ ਵੱਲੋਂ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ 'ਤੇ ਘੁਮਣ ਵਾਲੇ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਇਨਾਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ।