ਨਵਾਂਸ਼ਹਿਰ ਵਣ ਮੰਡਲ ਵੱਲੋਂ ਇਸ ਯੋਗਦਾਨ ਰਾਹੀਂ 12 ਏਕੜ ਦਾ ਛੋਟਾ ਜੰਗਲ ਵਿਕਸਿਤ ਕੀਤਾ ਜਾਵੇਗਾ
ਨਵਾਂਸ਼ਹਿਰ, 22 ਜੁਲਾਈ : ਸੂਬੇ ਵਿੱਚ 'ਹਰੀ ਛਤਰੀ' ਦੇ ਘਟਣ ਤੋਂ ਚਿੰਤਤ ਕਪੂਰਥਲਾ ਦੀ ਸਮਾਜ ਸੇਵੀ ਤੇ ਵਾਤਾਵਰਣ ਚਿੰਤਕ ਜੈਸਮੀਨ ਸੰਧੂ ਸੰਧਾਵਾਲੀਆ ਨੇ ਅੱਜ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ। ਉਸਨੇ ਆਪਣੇ ਪਿਤਾ ਮਰਹੂਮ ਰੁਬਿੰਦਰ ਸਿੰਘ ਸੰਧੂ ਦੀ ਯਾਦ ਵਿੱਚ ਹਰਿਆਵਲ ਵਧਾਉਣ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ 50,000 ਰੁਪਏ ਦਾ ਯੋਗਦਾਨ ਦਿੱਤਾ।
ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਮੀਟਿੰਗ ਹਾਲ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ੍ਰੀਮਤੀ ਜੈਸਮੀਨ ਸੰਧੂ ਦੇ ਇਸ ਮਿਸਾਲੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਾਤਾਵਰਣ ਨੂੰ ਬਚਾਉਣ ਵਿੱਚ ਬਹੁਤ ਸਹਾਈ ਅਤੇ ਦੂਸਰਿਆਂ ਲਈ ਪ੍ਰੇਰਨਾਦਾਇਕ ਸਿੱਧ ਹੋਵੇਗਾ। ਉਨ੍ਹਾਂ ਨੇ ਜੈਸਮੀਨ ਸੰਧੂ ਨੂੰ ਨੇਕ ਕਾਰਜ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਾਨ ਕੀਤੇ ਗਏ ਪੈਸੇ ਦੀ ਵਰਤੋਂ ਜੰਗਲਾਤ ਵਿਭਾਗ ਵੱਲੋਂ ਇਸ ਤਰੀਕੇ ਨਾਲ ਕੀਤੀ ਜਾਵੇਗੀ ਤਾਂ ਜੋ ਹੋਰ ਵਾਤਾਵਰਨ ਪ੍ਰੇਮੀਆਂ ਨੂੰ ਅਜਿਹੇ 'ਗ੍ਰੀਨ ਪ੍ਰਾਜੈਕਟਾਂ' ਵਿੱਚ ਸਵੈ-ਇੱਛੁਕ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਜੈਸਮੀਨ ਸੰਧੂ (ਉਨ੍ਹਾਂ ਦੀ ਚਚੇਰੀ ਭੈਣ) ਨੇ ਵਾਤਾਵਰਨ ਲਈ ਕੁਝ ਵਿੱਤੀ ਯੋਗਦਾਨ ਪਾਉਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਨੇ ਇਸ ਨੇਕ ਕਾਰਜ ਲਈ ਐਸ ਬੀ ਐਸ ਨਗਰ ਦੀ ਚੋਣ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਹਰਿਆਵਲ ਨੂੰ ਵਧਾਉਣ ਲਈ ਭਵਿੱਖ ਵਿੱਚ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਇਸ ਮੁਹਿੰਮ ਵਿੱਚ ਅਜਿਹੇ ਹੋਰ ਵਾਤਾਵਰਨ ਪ੍ਰੇਮੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਜੋ ਉਥੇ ਮੌਜੂਦ ਸਨ, ਨੇ ਸ੍ਰੀਮਤੀ ਜੈਸਮੀਨ ਸੰਧੂ ਦੇ ਇਸ ਯੋਗਦਾਨ ਨੂੰ ਵਿਲੱਖਣ ਅਤੇ ਕੁਦਰਤ ਦੇ ਅਨੁਕੂਲ ਕਰਾਰ ਦਿੱਤਾ।
ਡਵੀਜ਼ਨਲ ਜੰਗਲਾਤ ਅਫ਼ਸਰ, ਨਵਾਂਸ਼ਹਿਰ, ਸਤਿੰਦਰ ਸਿੰਘ, ਜਿਨ੍ਹਾਂ ਨੇ ਇਹ ਵਾਤਾਵਰਨ ਦਾਨ ਪ੍ਰਾਪਤ ਕੀਤਾ, ਨੇ ਕਿਹਾ ਕਿ ਇਹ ਯੋਗਦਾਨ ਸਾਡੇ ਲਈ ਬਹੁਤ ਹੀ ਸਹਾਈ ਹੋਵੇਗਾ ਕਿਉਂਜੋ ਨਵਾਂਸ਼ਹਿਰ ਵਣਮੰਡਲ ਵੱਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਇੱਕ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ 12 ਏਕੜ ਜ਼ਮੀਨ ਨੂੰ ਮਿੰਨੀ ਜੰਗਲ ਵਜੋਂ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਰੀ ਛਤਰੀ ਨੂੰ ਵਧਾਉਣ ਲਈ ਇਹ ਮਾਇਕ ਯੋਗਦਾਨ ਦੇਣ ਅਤੇ ਭਵਿੱਖ ਦੀ ਲੋੜ ਲਈ ਆਪਣੇ ਹਮ-ਖਿਆਲੀ ਵਿਅਕਤੀਆਂ ਰਾਹੀਂ ਹੋਰ ਸਹਾਇਤਾ ਦੇਣ ਦਾ ਭਰੋਸਾ ਦੇਣ ਲਈ ਸਮਾਜ ਸੇਵੀ ਸ੍ਰੀਮਤੀ ਸੰਧੂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਾਜਵਾ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨ ਲਈ ਬੂਟੇ ਵੀ ਵੰਡੇ ਗਏ।
ਇਸ ਮੌਕੇ ਨਿਆਂਇਕ ਅਧਿਕਾਰੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਮਨੀਸ਼ਾ ਜੈਨ, ਸਕੱਤਰ ਡੀ ਐਲ ਐਸ ਏ ਸੀ ਜੇ ਐਮ ਕਮਲਦੀਪ ਸਿੰਘ ਧਾਲੀਵਾਲ, ਸੀ ਜੇ ਐਮ ਜਗਬੀਰ ਸਿੰਘ ਮਹਿੰਦੀਰੱਤਾ, ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਪਰਮਿੰਦਰ ਕੌਰ ਅਤੇ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਰਾਧਿਕਾ ਪੁਰੀ ਵੀ ਹਾਜ਼ਰ ਸਨ।
ਸੈਸ਼ਨ ਜੱਜ ਬਾਜਵਾ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਜਲਦੀ ਹੀ ਜ਼ਿਲ੍ਹਾ ਸਿਵਲ ਹਸਪਤਾਲ ਨੇੜੇ ਬਣ ਰਹੇ ਨਵੇਂ ਜੁਡੀਸ਼ੀਅਲ ਕੰਪਲੈਕਸ ਵਿਖੇ ਤਰਤੀਬਵਾਰ ਢੰਗ ਨਾਲ ਲੰਬਾ ਸਮਾਂ ਛਾਂ ਦੇਣ ਵਾਲੇ ਪੌਦੇ ਲਗਾਉਣ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਫ਼ੋਟੋ ਕੈਪਸ਼ਨ:
ਨਵਾਂਸ਼ਹਿਰ ਵਿਖੇ ਡੀ ਸੀ ਐਨ ਪੀ ਐਸ ਰੰਧਾਵਾ, ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਵਾਤਵਾਰਣ ਚਿੰਤਕ ਜੈਸਮੀਨ ਸੰਧੂ ਡੀ ਐਫ ਓ ਸਤਿੰਦਰ ਸਿੰਘ ਨੂੰ ਰੁੱਖ ਲਾਉਣ ਲਈ ਵਿੱਤੀ ਯੋਗਦਾਨ ਦਾ ਚੈਕ ਦਿੰਦੇ ਹੋਏ।
ਦੂਸਰੀ ਤਸਵੀਰ ਵਿੱਚ ਇਸ ਮੌਕੇ ਸੰਕੇਤਕ ਤੌਰ 'ਤੇ ਪੌਦਿਆਂ ਦੀ ਵੰਡ ਕਰਦੇ ਹੋਏ ਡੀ ਸੀ ਐਨ ਪੀ ਐਸ ਰੰਧਾਵਾ, ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ।