ਸ਼ਹੀਦ ਏ ਆਜ਼ਮ ਸ ਭਗਤ ਸਿੰਘ ਸਾਡੇ ਰੌਲ ਮਾਡਲ ਹਨ ਅਤੇ ਅਸੀਂ ਉਨ੍ਹਾਂ ਦਾ ਅਪਮਾਨ ਬਿਲਕੁੱਲ ਵੀ ਬਰਦਾਸਤ ਨਹੀਂ ਕਰਾਂਗੇ:- ਜਲਵਾਹਾ

ਨਵਾਂਸ਼ਹਿਰ 17 ਜੁਲਾਈ :   ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਬਾਰੇ ਜੋ ਗ਼ਲਤ ਬਿਆਨਬਾਜ਼ੀ ਸ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਵਾਰ ਵਾਰ ਕਰਦਿਆਂ ਹੋਇਆਂ ਸ ਭਗਤ ਸਿੰਘ ਜੀ ਨੂੰ ਅੱਤਵਾਦੀ ਹਤਿਆਰਾ ਅਤੇ ਕਾਤਲ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ ਉਸ ਉਤੇ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ, ਸ਼ਹੀਦ ਸ ਭਗਤ ਸਿੰਘ ਜੀ ਦੀ ਜਨਮਭੂਮੀ ਵਾਲੇ ਜ਼ਿਲੇ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ ਉੱਪ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਉਨ੍ਹਾਂ ਦੇ ਰੌਲ ਮਾਡਲ ਹਨ ਅਤੇ  ਸ ਸਿਮਰਨਜੀਤ ਮਾਨ ਵੱਲੋਂ ਵਾਰ ਵਾਰ ਸ ਭਗਤ ਸਿੰਘ ਬਾਰੇ ਜੋ ਗਲਤ ਤੇ ਨਿੰਦਣਯੋਗ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸਦਾ ਉਹ ਸਖ਼ਤ ਵਿਰੋਧ ਕਰਦੇ ਹਨ। ਇਸ ਮੌਕੇ ਜਲਵਾਹਾ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ ਮਾਨ ਇੱਕ ਪੜੇ ਲਿਖੇ ਅਤੇ ਸਿਆਣੇ ਸਿਆਸਤਦਾਨ ਹੋਣ ਦੇ ਬਾਵਜੂਦ ਉਹ ਬਹੁਤ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਐਹੋ ਜਿਹੇ ਘਟੀਆ ਕਿਸਮ ਦੇ ਬਿਆਨ ਸ਼ੋਭਾ ਨਹੀਂ ਦਿੰਦੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਸ ਭਗਤ ਸਿੰਘ ਬਾਰੇ ਗਲਤ ਟਿੱਪਣੀ ਕੀਤੀ ਗਈ ਹੋਵੇ, ਸੰਗਰੂਰ ਜ਼ਿਮਨੀ ਚੋਣ ਦੌਰਾਨ ਵੀ ਉਨ੍ਹਾਂ ਵੱਲੋਂ ਸ ਭਗਤ ਸਿੰਘ ਬਾਰੇ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਸੀ ਪਰ ਉਸ ਵਕ਼ਤ ਸੰਗਰੂਰ ਹਲਕੇ ਦੇ ਵੋਟਰਾਂ ਨੇ ਇਸ ਬਿਆਨ ਵੱਲ ਧਿਆਨ ਨਹੀਂ ਦਿੱਤਾ ਅਤੇ ਹੁਣ ਕੱਲ ਫਿਰ ਇੱਕ ਨਿੱਜੀ ਚੈਨਲ ਨੂੰ ਦਿਤੇ ਬਿਆਨ ਵਿਚ ਸ ਮਾਨ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਅੱਤਵਾਦੀ, ਹਤਿਆਰਾ ਅਤੇ ਫ਼ਿਰਕੂ ਨੌਜਵਾਨ ਕਹਿ ਕੇ ਸੰਬੋਧਨ ਕੀਤਾ ਅਤੇ ਉਸ ਮਹਾਨ ਨਾਇਕ ਦਾ ਅਪਮਾਨ ਕੀਤਾ ਜੋਕਿ ਬਹੁਤ ਹੀ ਮੰਦਭਾਗਾ ਅਤੇ ਅਤਿ ਨਿੰਦਣਯੋਗ ਕਾਰਾ ਹੈ। ਪੰਜਾਬ ਸਮੇਤ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਨੌਜਵਾਨਾਂ ਵਿੱਚ ਇਸ ਘਟੀਆ ਬਿਆਨ ਦਾ ਬਹੁਤ ਜ਼ਿਆਦਾ ਰੋਸ ਹੈ ਅਤੇ ਅਸੀਂ ਸ ਮਾਨ ਨੂੰ 24 ਘੰਟੇ ਦਾ ਸਮਾਂ ਦਿੰਦੇ ਹਾਂ ਕਿ ਉਹ ਆਪਣੀ ਕੀਤੀ ਗਲਤੀ ਸੁਧਾਰ ਲੈਣ ਅਤੇ ਆਪਣੇ ਸ਼ਬਦ ਵਾਪਸ ਲੈਣ ਅਤੇ ਸ਼ਹੀਦ ਭਗਤ ਸਿੰਘ ਬਾਰੇ ਕੀਤੀ ਨਿੰਦਣਯੋਗ ਬਿਆਨਬਾਜ਼ੀ ਕਰਕੇ ਸਮੂਹ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਤਿੱਖਾ ਸੰਘਰਸ਼ ਵਿੰਢਾਂਗੇ ਅਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਕਰਵਾਵਾਂਗੇ। ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਅੱਜ ਪੰਜਾਬ ਭਰ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਪਰ ਸ ਮਾਨ ਵੱਲੋਂ ਮੁਆਫੀ ਮੰਗਣ ਤੋਂ ਇੰਨਕਾਰ ਕਰ ਦਿੱਤਾ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸ ਮਾਨ ਤੋਂ ਮੁਆਫ਼ੀ ਮੰਗਵਾਉਣ ਤੇ ਕਹੇ ਸ਼ਬਦ ਵਾਪਸ ਲੈਣ ਲਈ ਕਿੰਨਾ ਕਾਮਯਾਬ ਹੁੰਦੀ ਹੈ ਅਤੇ ਪੰਜਾਬ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸ਼ਹੀਦ ਭਗਤ ਸਿੰਘ ਨੂੰ ਪਹਿਲਾਂ ਪੰਜਾਬ ਵਿੱਚ ਸ਼ਹੀਦ ਦਾ ਦਰਜਾ ਜ਼ਰੂਰ ਦੇਣ।