ਇਤਹਾਸਕ ਕਿਲਿ੍ਹਆਂ ਦਾ ਰੱਖ-ਰਖਾਅ ਉਨਾਂ ਦੀ ਮਹੱਤਤਾ ਦੇ ਅਨੁਸਾਰ ਕੀਤਾ ਜਾਵੇਗਾ- ਅਨਮੋਲ ਗਗਨ ਮਾਨ

-ਸੈਰ ਸਪਾਟਾ ਮੰਤਰੀ ਨੇ ਅੰਮ੍ਰਿਤਸਰ ਦੀ ਹੋਟਲ ਸਨਅਤ ਨਾਲ ਕੀਤੀ ਵਿਚਾਰ-ਚਰਚਾ
ਅੰਮ੍ਰਿਤਸਰ, 27 ਜੁਲਾਈ :-ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਨੇ ਅੰਮ੍ਰਿਤਸਰ ਵਿਖੇ ਸੈਰ ਸਪਾਟਾ ਸਨਅਤ ਨਾਲ ਜੁੜੀਆਂ ਧਿਰਾਂ ਨਾਲ ਗੱਲਬਾਤ ਕਰਦੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਇਤਹਾਸਕ ਕਿਲਿਆਂ ਦਾ ਰੱਖ-ਰਖਾਅ ਉਨਾਂ ਦੀ ਮਹੱਤਤਾ ਦੇ ਅਨੁਸਾਰ ਕੀਤਾ ਜਾਵੇਗਾ, ਜੋ ਕਿ ਸਾਡੇ ਵਿਰਸੇ ਅਤੇ ਇਤਹਾਸ ਨੂੰ ਰੂਪਮਾਨ ਕਰਨ। ਦੋ ਦਿਨਾਂ ਤੋਂ ਸ਼ਹਿਰ ਦੀਆਂ ਇਤਹਾਸਕ ਤੇ ਸੈਰ-ਸਪਾਟੇ ਵਾਲੇ ਸਥਾਨਾਂ ਦਾ ਦੌਰਾ ਕਰ ਰਹੇ ਮੈਡਮ ਮਾਨ ਨੇ ਕੱਲ੍ਹ ਸਥਾਨਕ ਕਿਲ੍ਹੇ ਵਿਚ ਚੱਲ ਰਹੀਆਂ ਡੀ. ਜੇ. ਦੀਆਂ ਧੁਨਾਂ ਉਤੇ ਕਿੰਤੂ ਕਰਦੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਜਿਸਦਾ ਨਾਮ ਕੇਵਲ ਪੰਜਾਬ ਹੀ ਨਹੀਂ, ਬਲਕਿ ਦੁਨੀਆਂ ਦੇ ਵੱਡੇ ਜਰਨੈਲਾਂ ਵਿਚ ਆਉਂਦਾ ਹੈ, ਦੇ ਸ਼ਾਹੀ ਕਿਲ੍ਹੇ ਵਿਚ ਸਾਡਾ ਮਨੋਰੰਜਨ ਨਹੀਂ, ਬਲਕਿ ਵਿਰਾਸਤ, ਇਤਹਾਸ ਤੇ ਸਾਡੇ ਅਮੀਰ ਵਿਰਸੇ ਦੀ ਤਰਜ਼ਮਾਨੀ ਕਰਨੀ ਚਾਹੀਦੀ ਹੈ ਅਤੇ ਇਸੇ ਨਾਲ ਸਬੰਧਤ ਹੀ ਸਾਰੀ ਪੇਸ਼ਕਾਰੀ ਇੱਥੇ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਮੈਂ ਪੰਜਾਬ ਦੀਆਂ ਸਾਰੀਆਂ ਇਤਹਾਸਕ ਥਾਵਾਂ, ਜਿੰਨਾ ਵਿਚ ਗੁਰੂ ਸਾਹਿਬਾਨ ਤੇ ਰਾਜਿਆਂ ਮਾਹਰਾਜਿਆਂ ਦੇ ਕਿਲ੍ਹੇ ਸ਼ਾਮਿਲ ਹਨ, ਨੂੰ ਉਨਾਂ ਦੇ ਇਤਹਾਸਕ ਪਰਿਪੇਖ ਵਿਚ ਸੰਭਾਲਣ ਦੀ ਕੋਸ਼ਿਸ਼ ਕਰਾਂਗੀ, ਤਾਂ ਜੋ ਪੰਜਾਬ ਲਈ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਖਿੱਚ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਜ ਸੈਰ ਸਪਾਟਾ ਸਨਅਤ ਦੇਸ਼ ਅਤੇ ਰਾਜ ਸਰਕਾਰਾਂ ਲਈ ਵੱਡੀ ਆਮਦਨ ਦਾ ਸਾਧਨ ਬਣ ਸਕਦੀ ਹੈ ਅਤੇ ਇਸ ਵਿਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਹੈ, ਪਰ ਸਾਡੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਅਸੀਂ ਇਸ ਕੰਮ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਕਾਰਜ ਕਾਲ ਵਿਚ ਅਜਿਹਾ ਕੰਮ ਕਰਾਂ ਕਿ ਆਉਣ ਵਾਲੀ ਸਰਕਾਰ ਵਿਚ ਸੈਰ-ਸਪਾਟਾ ਵਿਭਾਗ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ। ਉਨਾਂ ਇਸ ਮੌਕੇ ਹੋਟਲ ਸਨਅਤ ਤੋਂ ਸੁਝਾਅ ਲਏ ਅਤੇ ਕਿਹਾ ਕਿ ਉਹ ਆਪਣੇ ਸ਼ਹਿਰ ਦੇ ਵਿਕਾਸ ਲਈ ਸੈਲਾਨੀ ਪੱਖੀ ਰੋਡ ਮੈਪ ਤਿਆਰ ਕਰਨ ਅਤੇ ਮੈਂ ਛੇਤੀ ਹੀ ਤੁਹਾਡੇ ਨਾਲ ਵਿਸਥਾਰਤ ਮੀਟਿੰਗ ਕਰਕੇ ਇਸ ਨਕਸ਼ੇ ਅਨੁਸਾਰ ਕੰਮ ਕਰਨ ਲਈ ਯੋਜਨਾ ਉਲੀਕਾਗੀਂ। ਅੰਮ੍ਰਿਤਸਰ ਦੀ ਗੱਲ ਕਰਦੇ ਉਨਾਂ ਕਿਹਾ ਕਿ ਜਿੰਨੇ ਸ਼ਰਧਾਲੂ ਤੇ ਸੈਲਾਨੀ ਇੱਥੇ ਰੋਜ਼ਾਨਾ ਆਉਂਦੇ ਹਨ, ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਸ਼ਹਿਰ ਵਿਚ ਜਾਂਦੇ ਹੋਣ, ਪਰ ਇੰਨਾ ਲੋਕਾਂ ਨੂੰ ਇਕ ਤੋਂ ਵੱਧ ਦਿਨ ਲਈ ਰੋਕਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ, ਜਿਸ ਨਾਲ ਕਾਰੋਬਾਰ ਤੇ ਰੋਜ਼ਗਾਰ ਦੇ ਬੇਤਹਾਸ਼ਾ ਮੌਕੇ ਪੈਦਾ ਹੋਣਗੇ।
     ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸੈਰ-ਸਪਾਟਾ ਸਨਅਤ ਦੇ ਵਿਕਾਸ ਲਈ ਇਕ ਅਥਾਰਟੀ, ਜਿਸਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਹੀ ਹੋਵੇ, ਬਨਾਉਣ ਦਾ ਸੁਝਾਅ ਦਿੱਤਾ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ. ਏ ਪੀ ਸਿੰਘ ਚੱਠਾ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਕਹਿੰਦੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰਾਜ ਦੇ ਕਿਸੇ ਸੈਰ ਸਪਾਟਾ ਮੰਤਰੀ ਨੇ ਸਾਡੀਆਂ ਮੁਸ਼ਿਕਲਾਂ ਜਾਣਨ ਲਈ ਸਾਡੇ ਨਾਲ ਗੱਲਬਾਤ ਕੀਤੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਪਿਊਸ਼ ਕਪੂਰ ਨੇ ਭਵਿੱਖ ਦਾ 'ਰੋਡ ਮੈਪ' ਤਿਆਰ ਕਰਨ ਲਈ ਥੋੜਾ ਸਮਾਂ ਮੰਗਦੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਸੈਲਾਨੀ ਪੱਖੀ ਮਾਹੌਲ ਦੇਣ ਲਈ ਤੁਹਾਡੇ ਨਾਲ ਗੱਲਬਾਤ ਕਰੀਏ, ਨਾ ਕਿ ਆਪਣੇ ਨਿੱਜੀ ਮੁਫ਼ਾਦ ਲਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾਇਰੈਕਟਰ ਸੈਰ ਸਪਾਟਾ ਸ੍ਰੀ ਕੁਰਣੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ੍ਰੀ ਮਨਕੰਵਲ ਸਿੰਘ, ਐਸ ਪੀ ਟ੍ਰੈਫਿਕ ਅਮਨਦੀਪ ਕੌਰ, ਐਕਸੀਅਨ ਪੁੱਡਾ ਗੁਰਪ੍ਰੀਤ ਸਿੰਘ, ਸ੍ਰੀ ਰਵਿੰਦਰ ਕੁਮਾਰ ਹੰਸ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਆਉਣ ਉਤੇ ਪੁਲਿਸ ਦੇ ਜਵਾਨਾਂ ਵੱਲੋਂ ਉਨਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਸ੍ਰੀ ਅਰੁਣਪਾਲ

...