ਫ਼ਗਵਾੜਾ-ਰੂਪਨਗਰ ਕੌਮੀ ਮਾਰਗ ’ਤੇ ਬਹਿਰਾਮ ਤੋਂ ਮਾਹਿਲਪੁਰ ਸੜ੍ਹਕ ਲਈ ਫ਼ਲਾਈ ਓਵਰ ਮਨਜ਼ੂਰ

ਮਹਾਲੋਂ, ਲੰਗੜੋਆ ਬਾਈਪਾਸ ਅਤੇ ਕਾਠਗੜ੍ਹ ਤੋਂ ਨੈਸ਼ਨਲ ਹਾਈਵੇਅ 'ਤੇ ਹੋਵੇਗਾ ਸੇਫ਼ਟੀ ਆਡਿਟ-ਡੀ ਸੀ ਐਨ ਪੀ ਐਸ ਰੰਧਾਵਾ
ਮੰਡੀ ਬੋਰਡ ਨੂੰ ਘੱਕੇਵਾਲ ਤੋਂ ਡਰੀਮਲੈਂਡ ਪੈਲੇਸ ਰਾਹੀਂ ਨਵਾਂਸ਼ਹਿਰ ਨਾਲ ਜੋੜਨ ਵਾਲੀ ਸੜ੍ਹਕ ਨੂੰ ਮੁਕੰਮਲ ਕਰਨ ਲਈ ਰੇਲਵੇ ਨਾਲ ਤਾਲਮੇਲ ਕਰਨ ਲਈ ਆਖਿਆ
ਨਵਾਂਸ਼ਹਿਰ, 19 ਜੁਲਾਈ: ਫ਼ਗਵਾੜਾ-ਰੂਪਨਗਰ ਕੌਮੀ ਮਾਰਗ 'ਤੇ ਬੰਗਾ ਸਬ ਡਵੀਜ਼ਨ 'ਚ ਬਹਿਰਾਮ ਤੋਂ ਮਾਹਿਲਪੁਰ ਸੜ੍ਹਕ 'ਤੇ ਮੁੜਦੇ ਵਾਹਨਾਂ ਨਾਲ ਵਾਪਰਦੇ ਹਾਦਸਿਆਂ ਨੂੰ ਰੋੋਕਣ ਲਈ ਬਹਿਰਾਮ ਵਿਖੇ ਨੈਸ਼ਨਲ ਹਾਈਵੇਅ 'ਤੇ ਫ਼ਲਾਈ ਓਵਰ ਬਣਾਉਣ ਦੀ ਮੰਗ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਨੈਸ਼ਨਲ ਹਾੀਈਵੇਅ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚੋਂ ਲੰਘਦੇ ਫ਼ਗਵਾੜਾ-ਰੂਪਨਗਰ ਕੌਮੀ ਮਾਰਗ ਦੇ 'ਐਕਸੀਡੈਂਟ ਪ੍ਰੋਨ' (ਹਾਦਸੇ ਦੀ ਸੰਭਾਵਨਾ) ਥਾਂਵਾਂ ਦੇ ਹੱਲ ਲਈ ਕੀਤੀ ਗਈ ਇਸ ਮੀਟਿੰਗ ਵਿੱਚ ਨਵਾਂਸ਼ਹਿਰ ਦੇ ਮਹਾਲੋਂ ਤੇ ਲੰਗੜੋਆ ਬਾਈਪਾਸ ਅਤੇ ਕਾਠਗੜ੍ਹ ਤੋਂ ਨੈਸ਼ਨਲ ਹਾਈਵੇਅ 'ਤੇ ਚੜ੍ਹਨ ਵਾਲੇ ਕਈ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਇਨ੍ਹਾਂ ਥ ਾਂਵਾਂ 'ਤੇ ਵੀ ਫ਼ਲਾਈਓਵਰ ਦੀ ਲੋੜ ਮਹਿਸੂਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਥਾਂਵਾਂ ਦਾ ਆਈ ਆਈ ਟੀ ਰੁੜਕੀ ਜਾਂ ਅਜਿਹੀ ਹੋਰ ਵੱਕਾਰੀ ਸੰਸਥਾ ਪਾਸੋਂ ਸੇਫ਼ਟੀ ਆਡਿਟ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਰਾਹੀਂ ਕੇਂਦਰੀ ਸੜ੍ਹਕ ਤੇ ਹਾਈਵੇਅ ਮੰਤਰਾਲੇ ਨੂੰ ਇਨ੍ਹਾਂ ਥਾਂਵਾਂ 'ਤੇ ਫ਼ਲਾਈ ਓਵਰ ਬਣਾਉਣ ਲਈ ਕੇਸ ਭੇਜਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਹਾਈਵੇਅ ਅਥਾਰਟੀ ਵੱਲੋਂ ਕੌਮੀ ਮਾਰਗ 'ਤੇ ਲੋਕਾਂ ਵੱਲੋਂ ਬਣਾਏ ਨਜਾਇਜ਼ ਲਾਂਘਿਆਂ ਕਾਰਨ ਸੜ੍ਹਕ ਹਾਦਸੇ ਹੋਣ ਦੇ ਵਧੇ ਖਤਰਿਆਂ ਦਾ ਮੁੱਦਾ ਵੀ ਰੱਖਿਆ। ਜਿਸ 'ਤੇ ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇਅ 'ਤੇ ਨਜਾਇਜ਼ ਲਾਂਘਾ ਬਣਾਉਣ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਆਪਣੇ ਲੰਘਣ ਦੀ ਸੌਖ ਨੂੰ ਹਾਸਲ ਕਰਨ ਲਈ ਦੂਸਰਿਆਂ ਦੀ ਜਾਨ ਦਾਅ 'ਤੇ ਨਹੀਂ ਲਾਈ ਜਾ ਸਕਦੀ।ਡੀ ਸੀ ਰੰਧਾਵਾ ਨੇ ਮੀਟਿੰਗ 'ਚ ਹਾਜ਼ਰ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਘੱਕੇਵਾਲ ਤੋਂ ਨਵਾਂਸ਼ਹਿਰ ਨਾਲ ਆਵਾਜਾਈ ਨੂੰ ਬਦਲਵਾਂ ਰਾਹ ਦੇਣ ਲਈ ਡਰੀਮਲੈਂਡ ਪੈਲੇਸ ਤੱਕ ਬਣਾਈ ਗਈ ਸੜ੍ਹਕ ਦੇ ਅਧੂਰੀ ਹੋਣ ਅਤੇ ਰੇਲਵੇ ਕਰਾਸਿੰਗ ਵਾਲੀ ਥਾਂ 'ਤੇ ਬਣੀ ਰੁਕਾਵਟ ਦੇ ਹੱਲ ਲਈ ਰੇਲਵੇ ਨਾਲ ਤਾਲਮੇਲ ਕਰਕੇ ਇਸ ਦਾ ਗੱਲ ਕੱਢਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਸ ਪੱਧਰ 'ਤੇ ਉਨ੍ਹਾਂ ਦੇ ਦਖ਼ਲ ਦੀ ਜ਼ਰੂਰਤ ਪੈਂਦੀ ਹੈ, ਉਸ ਅਥਾਰਟੀ ਨੂੰ ਉਨ੍ਹਾਂ ਪਾਸੋਂ ਪੱਤਰ ਲਿਖਵਾ ਲਿਆ ਜਾਵੇ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਾਮ ਸਿੰਘ, ਐਨ ਐਚ ਏ ਆਈ ਦੇ ਡਿਪਟੀ ਮੈਨੇਜਰ ਸ਼ਾਂਤਨੂ ਉਪਾਧਿਆਇ ਤੋਂ ਇਲਾਵਾ ਮੰਡੀ ਬੋਰਡ ਦੇ ਐਸ ਡੀ ਓ ਤੇ ਹੋਰ ਅਧਿਕਾਰੀ ਮੌਜੂਦ ਸਨ।