ਆਮ ਆਦਮੀ ਕਲੀਨਿਕ ਆਮ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋਣਗੇ- ਸਿਹਤ ਮੰਤਰੀ ਜੌੜਾਮਾਜਰਾ

ਪਿੰਡ ਅਸਰਪੁਰ ਦੇ ਸਕੂਲ 'ਚ ਮਾਡਲ ਆਂਗਣਵਾੜੀ ਦੀ ਨਵੀਂ ਇਮਾਰਤ ਬੱਚਿਆਂ ਨੂੰ ਸਮਰਪਿਤ ਕੀਤੀ
ਸਮਾਣਾ, 24 ਜੁਲਾਈ: ''ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕ, ਆਮ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋਣਗੇ।'' ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ।
ਸ. ਜੌੜਾਮਾਜਰਾ ਅੱਜ ਨੇੜਲੇ ਪਿੰਡ ਅਸਰਪੁਰ ਵਿਖੇ ਜਾਗਦੇ ਰਹੋ ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਮੌਕੇ ਖ਼ੂਨਦਾਨੀਆਂ ਦਾ ਸਨਮਾਨ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਇਸ ਸਕੂਲ ਵਿਖੇ ਮਾਡਲ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਵੀ ਬੱਚਿਆਂ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਜਾਗਦੇ ਰਹੇ ਕਲੱਬ ਤੇ ਪਿੰਡ ਦੇ ਵਸਨੀਕਾਂ ਵੱਲੋਂ ਖ਼ੂਨਦਾਨ ਕਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਕਲੱਬ ਨੇ ਸਿਹਤ ਮੰਤਰੀ ਦਾ ਸਨਮਾਨ ਕੀਤਾ।
ਸਮਾਗਮ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲੋਕਾਂ ਦਾ ਦਰਦ ਬਾਖ਼ੂਬੀ ਸਮਝਦੇ ਹਨ, ਉਸੇ ਤਰ੍ਹਾਂ ਹੀ ਉਹ ਵੀ ਆਮ ਲੋਕਾਂ 'ਚੋਂ ਹੀ ਇੱਕ ਆਮ ਇਨਸਾਨ ਹਨ, ਉਨ੍ਹਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਭਲੀਭਾਂਤ ਪਤਾ ਹੈ ਅਤੇ ਉਹ ਕੋਈ ਰਜਵਾੜਾਸ਼ਾਹੀ 'ਚੋਂ ਨਹੀਂ ਹਨ।
ਸ. ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਚੰਗੀ ਸੋਚ ਹੈ ਕਿ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਤੱਕ ਹੀ ਸਸਤੀਆਂ ਦਰਾਂ 'ਤੇ ਪ੍ਰਦਾਨ ਕੀਤੀਆਂ ਜਾਣ, ਜਿਸ ਲਈ ਸਰਕਾਰ ਨੇ ਜਿੱਥੇ ਸਰਕਾਰੀ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਦਾ ਬੀੜਾ ਉਠਾਇਆ ਹੈ, ਉਥੇ ਹੀ ਨਵੇਂ ਆਮ ਆਦਮੀ ਕਲੀਨਿਕ ਵੀ ਆਜ਼ਾਦੀ ਦਿਹਾੜੇ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।
ਸਮਾਗਮ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਸੀ.ਡੀ.ਪੀ.ਓ. ਉਰਵਸ਼ੀ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਭਜਨ ਸਿੰਘ, ਬਲਕਾਰ ਸਿੰਘ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਗੁਰਵਿੰਦਰ ਸਿੰਘ, ਸਤਗੁਰ ਸਿੰਘ, ਜੀਵਨ ਜੋਤ ਸਿੰਘ, ਕੁਲਦੀਪ ਸਿੰਘ, ਸ਼ਿਵ ਕੁਮਾਰ ਸਮੇਤ ਅਧਿਆਪਕ ਅਤੇ ਵੱਡੀ ਗਿਣਤੀ ਪਿੰਡ ਵਾਸੀ ਅਤੇ ਨੌਜਵਾਨ ਮੌਜੂਦ ਸਨ।