ਜ਼ਿਲ੍ਹੇ 'ਚ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਲਹਿਰਾਉਣਗੇ ਤਿਰੰਗਾ
ਡਿਪਟੀ ਕਮਿਸ਼ਨਰ ਨੇ ਮੀਟਿੰਗ ਕਰਕੇ ਵਿਭਾਗਾਂ ਨੂੰ ਸੌਂਪੀਆਂ ਸੁਤੰਤਰਤਾ ਸਮਾਗਮ ਦੀਆਂ ਜ਼ਿੰਮੇਂਵਾਰੀਆਂ
ਨਵਾਂਸ਼ਹਿਰ, 20 ਜੁਲਾਈ, 2022:
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਸਥਿਤ ਆਜ਼ਾਦੀ ਸੰਗਰਾਮੀਆਂ ਦੇ ਬੁੱਤਾਂ/ਯਾਦਗਾਰਾਂ ਨੂੰ 15 ਅਗਸਤ (ਆਜ਼ਾਦੀ ਦਿਹਾੜੇ ਮੌਕੇ) ਸਜਾਉਣ ਤੇ ਇਕੱਠੇ ਹੋ ਕੇ ਉਨ੍ਹਾਂ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਲਈ ਨਮਨ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਅਮਿ੍ਰਤ ਮਹਾਂਉਤਸਵ ਮਨਾਇਆ ਜਾ ਰਿਹਾ ਹੋਣ ਕਾਰਨ, ਸਾਡਾ ਇਹ ਮੁਢਲਾ ਫ਼ਰਜ਼ ਹੈ ਕਿ ਅਸੀਂ ਆਪਣੇ ਆਪਣੇ ਸੁਤੰਤਰਤਾ ਸੰਗਰਾਮੀਆਂ ਦੀ ਦੇਣ ਨੂੰ ਯਾਦ ਰੱਖੀਏ।
ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਅਤੇ ਸਬ ਡਵੀਜ਼ਨ ਪੱਧਰੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸੱਦੀ ਵਿਭਾਾਗਾਂ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੰਚਾਇਤਾਂ ਰਾਹੀਂ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਯਾਦਗਾਰਾਂ ਨੂੰ ਪਿੰਡ ਪੱਧਰ 'ਤੇ ਸਜਾਉਣ ਅਤੇ ਨਮਨ ਕਰਨ ਲਈ ਤਾਲਮੇਲ ਕਰਨ ਲਈ ਆਖਿਆ।
ਡੀ ਸੀ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕੀਤਾ ਜਾਵੇਗਾ ਜਦਕਿ ਬੰਗਾ ਅਤੇ ਬਲਾਚੌਰ ਵਿਖੇ ਸਬ ਡਵੀਜ਼ਨ ਪੱਧਰੀ ਸਮਾਗਮ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਕਿਰਤ, ਯਾਤਰਾ ਤੇ ਸਭਿਆਚਾਰ ਮੰਤਰੀ, ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਖਟਕੜ ਕਲਾਂ ਵਿਖੇ ਦੇਸ਼ ਦੇ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਦੀ ਯਾਦਗਾਰ 'ਤੇ ਨਤਮਸਤਕ ਵੀ ਹੋਣਗੇ। ਸਬ ਡਵੀਜ਼ਨਾਂ ਵਿੱਚ ਸਬੰਧਤ ਐਸ ਡੀ ਐਮ ਦੀ ਪ੍ਰਧਾਨਗੀ 'ਚ ਸਮਾਗਮ ਹੋਣਗੇ।
ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ ਮਾਰਚ ਪਾਸਟ, ਝਾਕੀਆਂ, ਪੀ ਟੀ ਸ਼ੋਅ, ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਲਈ ਕਰਮਵਾਰ ਜ਼ਿਲ੍ਹਾ ਪੁਲਿਸ, ਵੱਖ-ਵੱਖ ਵਿਭਾਗਾਂ ਅਤੇ ਸਕੂਲ ਸਿਖਿਆ ਵਿਭਾਗ ਨੂੰ ਜ਼ਿੰਮੇਂਵਾਰੀ ਦਿੰਦਿਆਂ ਕਿਹਾ ਕਿ 12 ਅਗਸਤ ਨੂੰ ਫੁੱਲ ਡਰੈੱਸ ਰੀਹਰਸਲ ਕਰਵਾਈ ਜਾਵੇਗੀ ਜਦਕਿ 9 ਅਗਸਤ ਤੋਂ ਆਈ ਟੀ ਆਈ ਗਰਾਊਂਡ ਵਿੱਚ ਫਾਈਨਲ ਪ੍ਰੋਗਰਾਮ ਲਈ ਚੁਣੇ ਗਏ ਸਕੂਲਾਂ ਦੀ ਰੀਹਰਸਲ ਕਰਵਾਈ ਜਾਵੇਗੀ।
ਉਨ੍ਹਾਂ ਨੇ ਰੀਹਰਸਲ ਤੋਂ ਪਹਿਲਾਂ ਗਰਾਊਂਡ ਦੀ ਸਫ਼ਾਈ ਅਤੇ ਰੀਹਰਸਲ ਦੌਰਾਨ ਬੱਚਿਆਂ ਦੇਣ ਬੈਠਣ, ਪੀਣ ਵਾਲੇ ਪਾਣੀ ਅਤੇ ਰੀਫ਼੍ਰੈਸ਼ਮੈਂਟ ਦਾ ਪ੍ਰਬੰਧ ਕਰਨ ਲਈ ਵੀ ਆਖਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਦੌਰਾਨ ਵਧੀਆ ਸੇਵਾਵਾਂ ਲਈ ਸ਼ਲਾਘਾ ਸਰਟੀਫ਼ਿਕੇਟ ਨਾਲ ਸਨਮਾਨਿਤ ਹੋਣ ਵਾਲੀਆਂ ਅਰਜ਼ੀਆਂ 'ਚੋਂ ਪਿਛਲੇ 5 ਸਾਲਾਂ ਦੌਰਾਨ ਸਨਮਾਨ ਹਾਸਲ ਕਰ ਚੁੱਕੇ ਨਾਵਾਂ ਨੂੰ ਨਹੀਂ ਵਿਚਾਰਿਆ ਜਾਵੇਗਾ। ਸਨਮਾਨ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 5 ਅਗਸਤ, 2022 ਰੱਖੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦੀ ਬਿਰਧ ਅਵਸਥਾ ਕਾਰਨ ਸਮਾਗਮ ਵਿੱਚ ਬੁਲਾਉਣ ਦੀ ਬਜਾਏ, ਸਮਾਗਮ ਤੋਂ ਇੱਕ-ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਜਾ ਕੇ ਆਜ਼ਾਦੀ ਦਿਹਾੜੇ ਦੀ ਵਧਾਈ ਦੇਣ ਅਤੇ ਉਨ੍ਹਾਂ ਦੇ ਯੋਗਦਾਨ ਵਾਸਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਰਸਮ ਕੀਤੀ ਜਾਵੇਗੀ।
ਮੀਟਿੰਗ ਵਿੱਚ ਸ਼ਾਮਿਲ ਸਮੂਹ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਤ ਜ਼ਿੰਮੇਂਵਾਰੀ ਸੌਂਪਦਿਆਂ 4 ਅਗਸਤ ਨੂੰ ਕੀਤੀ ਜਾਣ ਵਾਲੀ ਸਮੀਖਿਆ ਮੀਟਿੰਗ ਵਿੱਚ ਰਿਪੋਰਟ ਦੇਣ ਲਈ ਆਖਿਆ ਗਿਆ।
ਮੀਟਿੰਗ ਵਿੱਚ ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਐਸ ਡੀ ਐਮ ਬਲਾਚੌਰ ਸੂਬਾ ਸਿੰਘ, ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਗੁਰਲੀਨ ਸਿੱਧੂ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਸਕੱਤਰ ਆਰ ਟੀ ਏ ਹੁਸ਼ਿਆਰਪੁਰ ਸੁਖਵਿੰਦਰ ਕੁਮਾਰ, ਜ਼ਿਲ੍ਹਾ ਖਜ਼ਾਨਾ ਅਫ਼ਸਰ ਰਾਮ ਪ੍ਰਤਾਪ, ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ, ਈ ਓ ਰਾਮ ਪ੍ਰਕਾਸ਼ ਨਵਾਂਸ਼ਹਿਰ ਤੇ ਰਾਹੋਂ, ਸੁਖਦੇਵ ਸਿੰਘ ਬੰਗਾ ਤੇ ਭਜਨ ਚੰਦ ਬਲਾਚੌਰ, ਰੇਂਜ ਅਫ਼ਸਰ ਰਘਵੀਰ ਸਿੰਘ, ਸਿਖਿਆ ਵਿਭਾਗ ਤੋਂ ਨੋਡਲ ਅਫ਼ਸਰ ਹਿਤੇਸ਼ ਸਹਿਗਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ:
ਡੀ ਸੀ ਐਨ ਪੀ ਐਸ ਰੰਧਾਵਾ ਆਜ਼ਾਦੀ ਦਿਹਾੜੇ ਦੀ ਤਿਆਰੀ ਸਬੰਧੀ ਬੁੱਧਵਾਰ ਨੂੰ ਨਵਾਂਸ਼ਹਿਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।