ਜੰਗ-ਏ-ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਅਤੇ ਸ਼ਹੀਦ ਬਾਬਾ ਮਹਾਰਾਜ ਸਿੰਘ ਵਰਗੇ ਮਹਾਨ ਸ਼ਹੀਦਾਂ ਨੂੰ ਭੁੱਲ ਜਾਣਾ ਕੌਮ ਦੀ ਬਦਕਿਸਮਤੀ ਹੋਵੇਗੀ : ਪ੍ਰੋ. ਬਡੂੰਗਰ

ਪਟਿਆਲਾ  8 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਅਤੇ ਪਹਿਲੇ ਸ਼ਹੀਦ ਸ਼ਹੀਦ ਬਾਬਾ ਮਹਾਰਾਜ ਸਿੰਘ  ਵਰਗੇ ਮਹਾਨ ਸ਼ਹੀਦਾਂ ਨੂੰ ਭੁੱਲ ਜਾਣਾ ਕੌਮ ਦੀ ਬਦਕਿਸਮਤੀ ਹੋਵੇਗੀ ।  ਪ੍ਰੋ. ਬਡੂੰਗਰ ਨੇ ਕਿਹਾ ਕਿ  ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਦੇ ਜੰਮਪਲ  ਸਨ, ਜਿਨ੍ਹਾਂ ਨੇ 1857 ਦੇ ਗ਼ਦਰ ਤੋਂ  ਪਹਿਲਾਂ ਹਥਿਆਰਬੰਦ ਹੋ ਕੇ ਭਾਰਤ ਵਿੱਚੋਂ ਅੰਗਰੇਜ਼ੀ ਹਕੂਮਤ  ਦਾ ਬੋਰੀ ਬਿਸਤਰਾ ਗੋਲ ਕਰਨ ਲਈ ਅੰਗਰੇਜ਼ਾਂ ਖਿਲਾਫ ਵਿਦਰੋਹ ਦੀ  ਨੀਰ ਰੱਖਣ ਦੇ ਨਾਲ ਨਾਲ ਹੁਣ ਖ਼ਾਲਸਾ ਰਾਜ ਨੂੰ ਖ਼ਤਮ ਹੋਣ ਤੋਂ ਬਚਾਉਣ ਅਤੇ ਅੰਗਰੇਜ਼ਾਂ ਦੇ ਗੁਲਾਮ ਹੋਣ ਤੋਂ ਬਚਾਉਣ ਦੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ  । ਪ੍ਰੋ. ਬਡੂੰਗਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਮਹਾਰਾਜ ਸਿੰਘ ਵੱਲੋਂ  ਅੰਗਰੇਜ਼ੀ ਹਕੂਮਤ ਖ਼ਿਲਾਫ਼ ਜੰਗ ਛੇੜਨ ਦਾ ਮੁੱਢ ਬੰਨ੍ਹਿਆ ਗਿਆ ਤੇ ਇਨ੍ਹਾਂ ਦੀਆਂ ਆਜ਼ਾਦੀ ਸਰਗਰਮੀਆਂ ਤੋਂ ਡਰੇ ਅੰਗਰੇਜ਼ ਹਕੂਮਤ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਤੱਕ  ਜਾਰੀ ਕਰ ਕੇ ਭਾਰੀ ਇਨਾਮ ਰੱਖ ਦਿੱਤੇ ਗਏ, ਜਦ ਕਿ ਕਿਸੇ ਗੱਦਾਰ ਵੱਲੋਂ ਮੁਖਬਰੀ ਕੀਤੇ ਜਾਣ ਤੇ  ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਈ ਦਿਨ ਭੁੱਖੇ ਭਾਣੇ ਰੱਖਣ ਉਪਰੰਤ 30 ਜਨਵਰੀ, 1850 ਨੂੰ ਲਾਰਡ ਡਲਹੌਜ਼ੀ ਦੇ ਹੁਕਮਾਂ ਤੇ ਜਲੰਧਰ ਅਤੇ 19 ਅਪ੍ਰੈਲ ਨੂੰ ਕਲਕੱਤੇ ਵਿਲੀਅਮ ਫੋਰਟ ਕਿਲ੍ਹੇ ਵਿੱਚ ਭੇਜ ਜਿੱਥੇ ਜਾਣ ਉਪਰੰਤ ਬਾਅਦ ਵਿੱਚ 9 ਜੂਨ ਨੂੰ ਸਿੰਘਾਪੁਰ ਦੀ ਇਕ ਕਾਲ ਕੋਠੜੀ ਵਿੱਚ ਡੱਕ ਦਿੱਤਾ ਗਿਆ ਜਿੱਥੇ ਹਵਾ ਅਤੇ ਰੋਸ਼ਨੀ ਦਾ ਵੀ ਪ੍ਰਬੰਧ ਤੱਕ ਨਹੀਂ ਸੀ, ਤੇ ਉਹ ਗੰਭੀਰ ਬੀਮਾਰ ਹੋ ਗਏ ਉੱਥੇ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਤੱਕ ਵੀ ਜਾਂਦੀ  ਰਹੀ,  ਜਦਕਿ ਇਸ ਸਭ ਦੇ ਬਾਵਜੂਦ ਵੀ ਰੂਹਾਨੀਅਤ ਦੇ ਤੌਰ ਤੇ ਚੜ੍ਹਦੀ ਕਲਾ ਵਿੱਚ ਰਹੇ ਤੇ ਆਖ਼ਰ  ਉਹ 5 ਜੁਲਾਈ 1857 ਨੂੰ ਸ਼ਹੀਦੀ ਜਾਮ ਪੀ ਗਏ । 
ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਨੂੰ ਆਪਣੇ ਅਮੋਲਿਕ ਇਤਿਹਾਸ ਨੂੰ ਹਿਰਦਿਆਂ ਵਿੱਚ ਕਾਇਮ ਰੱਖਣਾ ਤੇ ਮਾਣ ਮਹਿਸੂਸ ਕਰਕੇ ਯਾਦ ਰੱਖਣਾ  ਚਾਹੀਦਾ ਹੈ, ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਮਹਾਨ ਸ਼ਹੀਦਾਂ ਬਾਰੇ ਜਾਣਕਾਰੀ ਮਿਲ ਸਕੇ  ।

Virus-free. www.avast.com