ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾਵੇਗੀ - ਡਿਪਟੀ ਕਮਿਸ਼ਨਰ

ਨੈਸ਼ਨਲ ਫਲੈਗ ਕੋਡ ਬਾਰੇ ਦਿੱਤੀ ਜਾਵੇਗੀ ਜਾਣਕਾਰੀ, ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
ਨਵਾਂਸ਼ਹਿਰ, 26 ਜੁਲਾਈ : -
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮਿ੍ਰਤ ਮਹਾਂਉਤਸਵ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ 13 ਤੋਂ 15  ਅਗਸਤ ਤੱਕ 'ਹਰ ਘਰ ਤਿਰੰਗਾ' ਮੁਹਿੰਮ ਚਲਾਈ ਜਾਵੇਗੀ ਤੇ ਲੋਕਾਂ ਨੂੰ 'ਨੈਸ਼ਨਲ ਫਲੈਗ ਕੋਡ' ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ  ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਜ਼ਾਦੀ ਦਾ ਅੰਮਿ੍ਰਤ ਮਹਾਉਤਸਵ ਸਬੰਧੀ ਹੋਣ ਵਾਲੇ ਸਮਾਗਮਾਂ ਤੇ ਜਾਰੀ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹਰ ਘਰ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਆਦਿ 'ਤੇ ਤਿਰੰਗਾ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਤਿਆਰ ਕਰਨ ਲਈ ਆਖਦਿਆਂ ਇਸ ਸਬੰਧੀ ਆਪਣੀ ਮੰਗ ਏ ਡੀ ਸੀ (ਵਿਕਾਸ) ਦੇ ਦਫ਼ਤਰ ਨੂੰ ਸੌਂਪਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲੋਕਾਂ ਨੂੰ ਵਿਦਿਆਰਥੀਆਂ ਰਾਹੀਂ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ 'ਨੈਸ਼ਨਲ ਫਲੈਗ ਕੋਡ' ਬਾਰੇ ਜਾਣਕਾਰੀ ਦਿੱਤੀ ਜਾ ਸਕੇ।
ਇਸ ਮੌਕੇ ਉਨ੍ਹਾਂ ਸਕੂਲ ਸਿਖਿਆ ਵਿਭਾਗ ਨੂੰ ਸਮਾਜ ਨੂੰ ਸੇਧ ਦੇਣ ਵਾਲੀਆਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਤਸਵੀਰਾਂ ਬਣਵਾਉਣ ਦੇ ਮੁਕਾਬਲੇ ਕਰਵਾਉਣ ਇਨ੍ਹਾਂ ਵਿੱਚ ਆਜ਼ਾਦੀ ਦਾ ਅਮਿ੍ਰਤ ਮਹਾਂਉਤਸਵ ਸਬੰਧੀ ਲੋਗੋ ਵੀ ਸ਼ਾਮਲ ਕਰਨ ਲਈ ਆਖਿਆ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਜ਼ਾਦੀ ਦਾ ਅੰਮਿ੍ਰਤ ਮਹਾਉਤਸਵ ਦੇ ਲੋਗੋ ਹੇਠ ਸਕੂਲੀ ਬੱਚਿਆਂ ਦੇ ਪੇਟਿੰਗ, ਲੇਖ, ਕਵਿਤਾਵਾਂ ਸਲੋਗਨ ਅਤੇ ਭਾਸ਼ਣ ਮੁਕਾਬਲੇ ਜਾਰੀ ਰੱਖੇ ਜਾਣ।
ਮੀਟਿੰਗ ਵਿੱਚ ਸਿਖਿਆ ਵਿਭਾਗ ਤੋਂ ਹਿਤੇਸ਼ ਸਹਿਗਲ, ਜ਼ਿਲ੍ਹਾ ਨਹਿਰੂ ਯੁਵਾ ਕੋਆਰਡੀਨੇਟਰ ਵੰਦਨਾ ਲੋਅ, ਪੇਂਡੂ ਵਿਕਾਸ ਵਿਭਾਗ ਵੱਲੋਂ ਜੋਗਾ ਸਿੰਘ ਤੇ ਰਾਜ ਕੁਮਾਰ ਵੀ ਹਾਜਰ ਸਨ।