ਪਹਿਲਾ ਇਨਾਮ 50 ਹਜ਼ਾਰ ਰੁਪਏ, ਜੇਤੂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ
ਅੰਮ੍ਰਿਤਸਰ (18 ਜੁਲਾਈ) : ਸਿਟੀਜ਼ ਪ੍ਰੋਗਰਾਮ ਤਹਿਤ ਫੋਟੋਗ੍ਰਾਫੀ ਮੁਕਾਬਲਾ ''ਸਿਟੀਜ਼ ਆਫ ਦਾ ਫਿਊਚਰ'' ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਪੂਰੇ ਦੇਸ਼ ਵਿੱਚੋ ਸਿਟੀਜ਼ ਪ੍ਰੋਗਰਾਮ ਤਹਿਤ ਚੁਣੇ ਗਏ 12 ਸ਼ਹਿਰਾਂ ਅੰਮ੍ਰਿਤਸਰ, ਅਮਰਾਵਤੀ, ਅਗਰਤਲਾ, ਚੇਨਈ, ਦੇਹਰਾਦੂਨ, ਕੋਚੀ, ਉਜੈਨ, ਵਿਸ਼ਾਖਾਪਟਨਮ, ਭੁਵਨੇਸ਼ਵਰ, ਹੁਬਲੀ-ਧਾਰਵਾੜ, ਸੂਰਤ ਅਤੇ ਪੁਡੂਚੇਰੀ ਦੇ ਵਸਨੀਕ ਭਾਗ ਲੈ ਸਕਦੇ ਹਨ। ਮੁਕਾਬਲੇ ਦੇ ਤਹਿਤ ਭੇਜੀ ਗਈ ਫੋਟੋ ਸਸਟੇਨੇਬਲ ਮੋਬੀਲਿਟੀ, ਈ-ਗਵਰਨੈਂਸ, ਪਬਲਿਕ ਓਪਨ ਸਪੇਸ ਅਤੇ ਸੋਸ਼ਲ ਇਨੋਵੇਸ਼ਨ ਨਾਲ ਸਬੰਧਤ ਥੀਮ ਨੂੰ ਪ੍ਰਗਟ ਕਰਦੀ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫਰਾਂਸੀਸੀ ਵਿਕਾਸ ਏਜੰਸੀ (ਏ.ਐੱਫ.ਡੀ.), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਜ਼ (ਐਨ.ਆਈ.ਯੂ.ਏ.) ਵੱਲੋਂ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਤਹਿਤ ਚੁਣੇ ਗਏ 12 ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਵੀ ਇੱਕ ਹੈ। ਜਿਸ ਦੇ ਤਹਿਤ ਸ਼ਹਿਰ ਵਿੱਚ ਸਸਟੇਨੇਬਲ ਮੋਬੀਲਿਟੀ ਲਈ ਰਾਹੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜਿਸ ਲਈ ਸਰਕਾਰ ਵੱਲੋਂ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਲਈ 75,000 ਰੁਪਏ ਦੀ ਨਕਦ ਸਬਸਿਡੀ ਦਿੱਤੀ ਜਾ ਰਹੀ ਹੈ। ਐਨਆਈਯੂਏ ਵੱਲੋਂ ਕਰਵਾਏ ਜਾ ਰਹੇ ਇਸ ਫੋਟੋਗ੍ਰਾਫੀ ਮੁਕਾਬਲੇ ਤਹਿਤ ਸ਼ਹਿਰ ਵਾਸੀ ਸਿਰਫ਼ ਸਸਟੇਨੇਬਲ ਮੋਬੀਲਿਟੀ ਦੇ ਵਿਸ਼ੇ ਨੂੰ ਦਰਸ਼ਾਉਂਦੀ ਅੰਮ੍ਰਿਤਸਰ ਦੀ ਤਿੰਨ ਫੋਟੋ ਖਿੱਚ ਕੇ 15 ਅਗਸਤ ਤੱਕ ਐਨਆਈਯੂਏ ਦੀ ਵੈੱਬਸਾਈਟ ਰਾਹੀਂ ਆਪਣੀ ਐਂਟਰੀ ਭੇਜ ਸਕਦੇ ਹਨ। ਮੁਕਾਬਲੇ ਵਿੱਚ ਜੇਤੂ ਨੂੰ 50 ਹਜ਼ਾਰ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੇ ਨੂੰ 25 ਹਜ਼ਾਰ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 10 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਜੇਤੂਆਂ ਦੀ ਚੋਣ ਨਾਮਵਰ ਫੋਟੋਗ੍ਰਾਫਰ ਰਘੂ ਰਾਏ, ਕੇਤਕੀ ਸੇਠ ਅਤੇ ਸੌਨਕ ਬੈਨਰਜੀ ਦੀ ਤਿੰਨ ਮੈਂਬਰੀ ਜਿਊਰੀ ਵੱਲੋ ਕੀਤੀ ਜਾਵੇਗੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਪੁਰਸਕਾਰ ਪ੍ਰਾਪਤ ਫੋਟੋਆਂ ਅਤੇ ਚੁਣੀਆਂ ਗਈਆਂ ਤਸਵੀਰਾਂ ਦੀ ਦਿੱਲੀ ਵਿੱਚ ਵਰਲਡ ਹੈਬੀਟੇਟ ਸੈਂਟਰ ਵਿੱਚ ਪ੍ਰਦਰਸ਼ਨੀ ਵੀ ਲਗਾਈ ਜਾਏਗੀ। ਮੁਕਾਬਲੇ ਸੰਬੰਧੀ ਹੋਰ ਜਾਣਕਾਰੀ ਲਈ ਇਸ QR ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।