ਨਵਾਂਸ਼ਹਿਰ, 7 ਜੁਲਾਈ : ਜ਼ਿਲ੍ਹੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੀਆਂ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਨੂੰ ਹੋਰ ਬੇਹਤਰ ਢੰਗ ਨਾਲ ਚਲਾਉਣ ਅਤੇ ਜ਼ਿਲ੍ਹੇ ਦੇ ਉਦਯੋਗਾਂ ਦੀ ਮੰਗ ਅਨੁਸਾਰ ਸਿਖਲਾਈ ਦੇ ਮੌਕੇ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਨਅਤੀ ਪ੍ਰਤੀਨਿਧਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਟ੍ਰੇਨਿੰਗ ਪਾਰਟਨਰ ਬਣਨ ਲਈ ਪ੍ਰੇਰਦਿਆਂ ਆਪਣੀਆਂ ਫੈਕਟਰੀਆਂ ਵਿਖੇ ਹੀ ਸਕਿੱਲ ਸੈਟਰ ਖੋਲ੍ਹਣ ਬਾਰੇ ਕੰਪਿਊਟਰ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ ਗਈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਨਅਤਾਂ ਦੀ ਮੰਗ ਮੁਤਾਬਿਕ ਸਿਖਲਾਈ ਦੇ ਕੇ ਜ਼ਿਲ੍ਹਾ ਪੱਧਰ 'ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਮੀਟਿੰਗ ਦੌਰਾਨ ਹੈਲਥ ਕੈਪ ਅਤੇ ਸਵਰਾਜ ਮਾਜ਼ਦਾ ਦੇ ਪ੍ਰਤੀਨਿਧਾਂ ਵੱਲੋਂ ਪੀ.ਐਸ.ਡੀ.ਐਮ ਅਧੀਨ ਸਕਿੱਲ ਸੈਂਟਰ ਖੋਲ੍ਹਣ ਦੀ ਇੱਛਾ ਜਾਹਿਰ ਕੀਤੀ ਗਈ। ਇਸ ਤੋਂ ਇਲਾਵਾ ਸੈਂਟਰਲ ਫਾਰਮਾਸੂਟੀਕਲ, ਮੈਕਸ, ਸ਼੍ਰੀਆਂਸ ਪੇਪਰ ਮਿੱਲ, ਸਹਿਕਾਰੀ ਸ਼ੂਗਰ ਮਿੱਲ ਨਵਾਂਸ਼ਹਿਰ, ਨਵਾਂਸ਼ਹਿਰ ਪਾਵਰ ਕਾਰਪੋਰੇਸ਼ਨ ਅਤੇ ਏ-ਪਲੱਸ ਦੇ ਨੁਮਾਇੰਦਿਆਂ ਵੱਲੋਂ ਵੀ ਲੋੜ ਅਨੁਸਾਰ ਚਲਾਏ ਜਾਣ ਵਾਲੇ ਕੋਰਸਾਂ ਅਤੇ ਅਸਾਮੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਟਰਨਰ, ਫਿਟਰ, ਵੈਲਡਰ, ਪਲੰਬਰ, ਸੀ.ਐਨ.ਸੀ. ਓਪਰੇਟਰ, ਮੈਕਨੀਕਲ, ਮਸ਼ੀਨਨਿਸਟ, ਇਲੈਕਟ੍ਰਸ਼ੀਅਨ ਆਦਿ 'ਜੋਬ ਰੋਲਜ਼' ਵਿੱਚ ਸਕਿੱਲ ਟ੍ਰੇਨਿੰਗ ਲਈ ਸੁਝਾਅ ਦਿੱਤਾ ਗਿਆ। ਮੀਟਿੰਗ ਦੌਰਾਨ ਪੀ.ਐਸ.ਡੀ.ਐਮ ਦੇ ਸਟਾਫ ਵੱਲੋਂ ਪੀ.ਪੀ.ਟੀ ਰਾਹੀ ਵਿਭਾਗਾਂ ਦੀ ਮਿਸ਼ਨ ਵੱਲੋਂ ਕਰਾਏ ਜਾ ਰਹੇ ਵੱਖ-ਵੱਖ ਕੰਮਾਂ ਅਤੇ ਸਕਿੱਲ ਡਿਵੈਲਪਮੈਂਟ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਰੰਧਾਵਾ ਵੱਲੋਂ ਪੀ.ਐਸ.ਡੀ.ਐਮ. ਦੇ ਜ਼ਿਲ੍ਹੇ ਵਿੱਚ ਉਪਲਬਧ 'ਰੂਰਲ ਸਕਿੱਲ ਸੈਂਟਰਾਂ' ਨੂੰ ਵੀ ਜਲਦ ਤੋਂ ਜਲਦ ਚਲਾਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਸੰਜੀਵ ਕੁਮਾਰ, ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਅਰਸ਼ਦੀਪ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਹੁਨਰ ਵਿਕਾਸ ਮਿਸ਼ਨ ਨਾਲ ਸਬੰਧਤ ਸਟਾਫ ਵੀ ਮੌਜੂਦ ਸੀ।