ਜਾਗਰੂਕਤਾ ਮੁਹਿੰਮ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਜਾਡਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ
ਨਵਾਂਸ਼ਹਿਰ 09 ਜੁਲਾਈ :- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਜਾਡਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ।ਇਸ ਜਾਗਰੂਕਤਾ ਕੈਂਪ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਪਾਰਟੀ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਗਈ। ਨਸ਼ਾ ਮੁਕਤ ਪੰਜਾਬ ਅਭਿਆਨ ਦੇ ਜ਼ਿਲ੍ਹਾ ਇੰਚਾਰਜ ਸ ਗੁਰਪ੍ਰਸਾਦ ਅਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸ੍ਰੀ ਪ੍ਰਵੀਨ ਕੁਮਾਰ ਅਤੇ ਲੈਕਚਰਾਰ ਸੁਰਜੀਤ ਸਿੰਘ ਮਝੂਰ ਦੀ ਦੇਖਰੇਖ ਹੇਠ ਇਹ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਸਤਨਾਮ ਸਿੰਘ ਜਲਵਾਹਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਕੇ ਅੱਜ ਪੰਜਾਬ ਲੈਵਲ ਉਤੇ ਪਹੁੰਚੇ ਹਾਂ ਇਸ ਲਈ ਤੁਸੀਂ ਸਾਰੇ ਵਿਦਿਆਰਥੀ ਵੀ ਸਾਡਾ ਆਉਣ ਵਾਲਾ ਭਵਿੱਖ ਹੋ ਅਤੇ ਤੁਹਾਡੇ ਵਿੱਚੋਂ ਕੱਲ ਨੂੰ ਐਮਐਲਏ ਐਮਪੀ,ਪੰਚ ਅਤੇ ਸਰਪੰਚ ਚੁਣੇ ਜਾਣੇ ਹਨ,ਇਸ ਲਈ ਆਪਣੇ ਜੀਵਨ ਨੂੰ ਅਗਰ ਤੁਸੀਂ ਨਸ਼ਿਆਂ ਤੋਂ ਬਚਾਉਣ ਵਿੱਚ ਸਫ਼ਲ ਰਹੇ ਤਾਂ ਯਾਦ ਰੱਖਿਓ ਤੁਹਾਨੂੰ ਜ਼ਿੰਦਗੀ ਵਿਚ ਕਦੀਂ ਕਿਸੇ ਚੀਜ਼ ਦੀ ਕਮੀਂ ਨਹੀਂ ਰਹੇਂਗੀ। ਜੇਕਰ ਤੁਸੀਂ ਚੰਦ ਘੰਟਿਆਂ ਦੀ ਆਜ਼ਾਦੀ ਲਈ ਇਹ ਨਸ਼ਿਆਂ ਵਾਲਾ ਰਸਤਾ ਅਪਣਾਇਆ ਤਾਂ ਪੂਰੀ ਜ਼ਿੰਦਗੀ ਤੁਸੀਂ ਖੁਦ ਨਰਕ ਬਣਾ ਲਵੋਗੇ। ਨਸ਼ੇੜੀ ਵਿਅਕਤੀ ਆਪਣੇ ਨਸ਼ੇ ਦੀ ਲੱਤ ਪੂਰੀ ਕਰਨ ਲਈ ਪਹਿਲਾਂ ਆਪਣੇ ਘਰ ਦੇ ਮੈਂਬਰਾਂ ਦਾ ਦਿਲ ਦੁੱਖੀ ਕਰਦਾ ਹੈ ਫਿਰ ਉਹ ਖੁਦ ਸਾਰੀ ਜ਼ਿੰਦਗੀ ਦੁੱਖੀ ਹੁੰਦਾ ਹੈ। ਨਸ਼ੇੜੀ ਵਿਅਕਤੀ ਦੀ ਸਮਾਜ ਵਿੱਚ ਵੀ ਕੋਈ ਕਦਰ ਨਹੀਂ ਰਹਿੰਦੀ ਅਤੇ ਨਸ਼ੇੜੀ ਵਿਅਕਤੀ ਦੇ ਪੱਲੇ ਨਸ਼ੇ ਤੋਂ ਸਿਵਾਏ ਹੋਰ ਕੁਝ ਨਹੀਂ ਰਹਿੰਦਾ। ਨਸ਼ੇੜੀ ਵਿਅਕਤੀ ਆਪਣੇ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ ਸਭ ਤੋਂ ਦੂਰੀ ਬਣਾ ਲੈਂਦਾ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਉਹ ਆਪਣੀ ਸਾਰੀ ਜ਼ਿੰਦਗੀ ਤਬਾਹ ਕਰ ਲੈਂਦਾ ਹੈ। ਜਲਵਾਹਾ ਨੇ ਨੌਜਵਾਨ ਵਿਦਿਆਰਥੀਆ ਨੂੰ ਮਾਨ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਵਿੱਚ ਕੀਤੇ ਜਾ ਰਹੇ ਇਤਿਹਾਸਕ ਬਦਲਾਅ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਡਾ ਬਲਜੀਤ ਕੌਰ ਵੱਲੋਂ ਸਤਨਾਮ ਸਿੰਘ ਜਲਵਾਹਾ ਨੂੰ ਸਕੂਲ ਵਿੱਚ ਆਉਣ ਉਤੇ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਸ਼ਾ ਮੁਕਤ ਪੰਜਾਬ ਅਭਿਆਨ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰਸਾਦ ਸਿੰਘ, ਸੁਰਜੀਤ ਸਿੰਘ ਮਝੂਰ, ਟ੍ਰੈਫਿਕ ਇੰਚਾਰਜ ਸ੍ਰੀ ਪ੍ਰਵੀਨ ਕੁਮਾਰ, ਮਨਦੀਪ ਸਿੰਘ ਅਟਵਾਲ, ਪ੍ਰਿੰਸੀਪਲ ਡਾ ਬਲਜੀਤ ਕੌਰ, ਕੁਲਵੰਤ ਸਿੰਘ ਰਕਾਸਣ, ਸੁਰਿੰਦਰ ਸਿੰਘ ਸੰਘਾ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ ਅਤੇ ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।