-ਰਾਜ ਵਿਆਪੀ ਨਕਾਬੰਦੀ ਅਤੇ ਵਾਹਨ ਚੈਕਿੰਗ ਮੁਹਿੰਮ-
*ਲਗਭਗ 2559 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 115 ਚਲਾਨ ਕੀਤੇ ਗਏ*
ਨਵਾਂਸ਼ਹਿਰ, 23 ਜੁਲਾਈ, 2022:
ਏ ਡੀ ਜੀ ਪੀ ਐਨ ਆਰ ਆਈ ਵਿੰਗ ਪੰਜਾਬ ਪੁਲਿਸ, ਵੀ ਨੀਰਜਾ ਦੀ ਅਗਵਾਈ ਵਿੱਚ ਅੱਜ ਐਸ.ਬੀ.ਐਸ.ਨਗਰ ਵਿੱਚ ਐਸ.ਐਸ.ਪੀ ਭਾਗੀਰਥ ਸਿੰਘ ਮੀਣਾ ਨਾਲ 'ਰਾਜ ਵਿਆਪੀ ਨਕਾਬੰਦੀ ਅਤੇ ਵਾਹਨਾਂ ਦੀ ਚੈਕਿੰਗ ਮੁਹਿੰਮ ਚਲਾਈ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਪੁਲਿਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਇਸ ਰਾਜ ਵਿਆਪੀ ਨਕਾਬੰਦੀ ਅਤੇ ਵਾਹਨ ਚੈਕਿੰਗ ਅਭਿਆਨ ਦਾ ਮਨੋਰਥ ਜ਼ਮੀਨੀ ਪੱਧਰ 'ਤੇ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣਾ ਅਤੇ ਲੋਕਾਂ ਦਾ ਵਿਸ਼ਵਾਸ ਵਧਾਉਣ ਤੋਂ ਇਲਾਵਾ ਮਾੜੇ ਅਨਸਰਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨਾ ਹੈ।
ਉਨ੍ਹਾਂ ਨੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨਾਲ ਜ਼ਿਲ੍ਹੇ ਦੇ ਵੱਖ-ਵੱਖ ਚੈਕਿੰਗ ਪੁਆਇੰਟਾਂ ਦਾ ਨਿਰੀਖਣ ਵੀ ਕੀਤਾ ਤੇ ਖੁਦ ਚੈਕਿੰਗ ਵੀ ਕਿਤੀ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਾਰਥਕ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ 10 ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਨਾਲ 500 ਪੁਲਿਸ ਮੁਲਾਜ਼ਮਾਂ ਵੱਲੋਂ 25 ਨਾਕੇ ਲਗਾਏ ਗਏ ਸਨ। ਇਸ ਮੁਹਿੰਮ ਦੌਰਾਨ 2559 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ 115 ਵਾਹਨ ਚਾਲਕਾਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਚਲਾਨ ਕੱਟੇ ਗਏ। ਮੁਹਿੰਮ ਦੌਰਾਨ ਸਪੀਡੋ ਮੀਟਰ ਅਤੇ ਅਲਕੋਮੀਟਰ ਵੀ ਵਰਤੇ ਗਏ। ਉਨ੍ਹਾਂ ਕਿਹਾ ਕਿ ਨਾਕਾਬੰਦੀ ਦੌਰਾਨ ਮੁਕੰਦਪੁਰ ਥਾਣੇ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ।
ਉਨ੍ਹਾਂ ਆਮ ਜਨਤਾ ਦੇ ਸਹਿਯੋਗ ਨਾਲ ਜ਼ਿਲ੍ਹੇ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣ ਲਈ ਜ਼ਿਲ੍ਹਾ ਪੁਲਿਸ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।