ਪੰਜਾਬੀ ਭਾਸ਼ਾ ਦੇ ਸਭ ਤੋਂ ਵੱਡੇ ਦੁਸ਼ਮਣ

ਪੰਜਾਬੀ ਭਾਸ਼ਾ ਦੇ ਸਭ ਤੋਂ ਵੱਡੇ ਦੁਸ਼ਮਣ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਝੰਡਾ ਅਲੰਬਰਦਾਰ ਕਹਾਉਂਦੇ ਬੁੱਧੀਜੀਵੀ ਹੀ  ਹਨ । ਯੂਨੀਵਰਸਿਟੀਆਂ  ਵਿੱਚ ਪੰਜਾਬੀ ਦੇ ਵਿਭਾਗ ਹਨ । ਪੰਜਾਬੀ ਦੇ ਪ੍ਰੋਫੈਸਰ,  ਸਹਾਇਕ ਪ੍ਰੋਫੈਸਰ  ਹਨ । ਪੰਜਾਬ ਦੇ ਕਾਲਜਾਂ ਵਿਚ ਪੰਜਾਬੀ ਦੇ ਪ੍ਰੋਫੈਸਰ , ਸਹਾਇਕ ਪ੍ਰੋਫੈਸਰ , ਲੈਕਚਰਾਰ ਹਨ ।ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਦੇ ਲੈਕਚਰਾਰ ਗਿਆਰਵੀਂ ਅਤੇ ਬਾਰਵੀਂ ਸ਼੍ਰੇਣੀਆਂ ਨੂੰ ਪੜ੍ਹਾ ਰਹੇ ਹਨ  ।  ਪੰਜਾਬ ਦੇ ਸੀਨੀਅਰ ਸੈਕੰਡਰੀ ,  ਸੈਕੰਡਰੀ ਤੇ ਮਿਡਲ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਮਾਸਟਰ ਕਾਡਰ ਟੀਚਰ ਤਾਇਨਾਤ ਹਨ । ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ  ਪ੍ਰਾਇਮਰੀ ਟੀਚਰ (ਜੇ .ਬੀ. ਟੀ. , ਈ. ਟੀ .ਟੀ .) ਮੁੱਖ ਰੂਪ ਵਿੱਚ ਪੰਜਾਬੀ ਭਾਸ਼ਾ  ਵਿੱਚ  ਹੀ ਪੜ੍ਹਾਉਂਦੇ ਹਨ । ਪੰਜਾਬੀ ਪੜ੍ਹਾ ਰਹੇ ਇਹਨਾਂ ਅਧਿਆਪਕ  ਬੁੱਧੀਜੀਵੀਆਂ ਦੀ ਗਿਣਤੀ ਹੋਰ ਵਿਸ਼ਿਆਂ ਦੇ ਟੀਚਰਾਂ ਨਾਲੋਂ  ਕਾਫ਼ੀ ਵੱਧ ਹੈ । ਪੰਜਾਬੀ ਭਾਸ਼ਾ ਲਈ ਸਰਕਾਰੀ ਤੌਰ ਉੱਤੇ ਜ਼ਿੰੰਮੇਵਾਰ ਉਪਰੋਕਤ ਬੁੱਧੀਜੀਵੀਆਂ ਦੀ ਗਿਣਤੀ ਚੰਗੀ - ਖਾਸੀ ਦਹਿ ਹਜ਼ਾਰ  ਵਿੱਚ ਹੈ। ਇਹਨਾਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਅਤੇ ਇਸ  ਦੇ ਵਿਕਾਸ ਲਈ ਬਹੁਤ ਮੋਟੀਆਂ ਤਨਖ਼ਾਹਾਂ ਭੱਤੇ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ । ਉਪਰੋਕਤ ਤੋਂ ਇਲਾਵਾ ਰਾਜ ਸਰਕਾਰ ਦਾ ਪੰਜਾਬੀ ਭਾਸ਼ਾ ਵਿਭਾਗ ਵੀ ਹੈ  ਜੋ ਚਿੱਟੇ ਹਾਥੀ ਦਾ ਰੂਪ ਧਾਰਨ ਕਰ ਚੁੱਕਾ ਹੈ । ਇਸ ਵਿਭਾਗ ਦੀਆਂ ਬਰਾਂਚਾਂ ਹਰੇਕ ਜ਼ਿਲ੍ਹੇ ਵਿੱਚ ਹਨ ।  ਇਨ੍ਹਾਂ ਨੂੰ ਚਲਾਉਣ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸਮੇਤ ਸਟਾਫ ਤਾਇਨਾਤ ਹਨ । ਸਾਰੀਆਂ ਮੁੱਖ ਯੂਨੀਵਰਸਿਟੀਆਂ ਦੇ ਆਪਣੇ - ਆਪਣੇ ਪਬਲੀਕੇਸ਼ਨ ਬਿਊਰੋ ਹਨ । ਭਾਸ਼ਾ ਵਿਭਾਗ ਪੰਜਾਬ ਵੀ  ਕਿਤਾਬਾਂ ਦੀ ਪ੍ਰਕਾਸ਼ਨਾ ਕਰਦਾ ਹੈ । ਯੂਨੀਵਰਸਿਟੀਆਂ ਵਿੱਚ ਆਏ ਸਾਲ ਸੈਂਕੜੇ ਹੀ ਰਿਸਰਚ ਸਕਾਲਰ ਪੰੰਜਾਬੀ ਵਿੱਚ ਪੀ .ਐਚ. ਡੀਆਂ.  ਵੀ  ਕਰਦੇ ਹਨ । ਇਹਨਾਂ ਉੱਤੇ ਵੀ- ਭਾਰੀ ਸਰਕਾਰੀ ਅਤੇ ਗੈਰ ਸਰਕਾਰੀ ਖ਼ਰਚ ਹੁੰਦਾ ਹੈ । ਪੰਜਾਬ ਵਿੱਚ ਪੰਜਾਬੀ ਭਾਸ਼ਾ ਉੱਤੇ ਕਰੋੜਾਂ ਰੁਪਈਆਂ ਦਾ ਖਰਚ ਅਤੇ ਬਹੁਤ ਵੱਡੇ ਪੱਧਰ ਉੱਤੇ ਮਨੁੱਖੀ ਸੰਸਾਧਨ ਵਰਤੇ ਜਾ ਰਹੇ ਹਨ ਤਾਂ ਵੀ ਪੰਜਾਬੀ ਭਾਸ਼ਾ ਦੀ ਇੰੰਨੀ ਬੇਕਦਰੀ ਕਿਉਂ ਹੋ ਰਹੀ ਹੈ ? 
         ਦਰਅਸਲ "ਸਰਕਾਰੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ "  ," ਉਲਟੀ ਵਾੜ ਖੇਤ ਨੂੰ ਖਾ ਰਹੀ ਹੈ  । ਸਰਕਾਰੀ ਨੀਤੀਆਂ ਦਾ ਦੋਸ਼ ਦੂਜੇ ਨੰਬਰ ਤੇ ਆਉਂਦਾ ਹੈ। ਪੰਜਾਬੀ ਭਾਸ਼ਾ ਦੀ ਬੇਕਦਰੀ ਲਈ ਪਹਿਲੇ ਨੰਬਰ ਉੱਤੇ ਉਪਰੋਕਤ  ਬੁੱਧੀਜੀਵੀ ਜ਼ਿੰਮੇਵਾਰ ਹਨ ਜੋ  ਪੰਜਾਬੀ ਪੜ੍ਹਾ ਰਹੇ ਹਨ ।  ਉਪਰੋਕਤ ਵੱਖ - ਵੱਖ  ਵਰਗਾਂ ਦੇ  ਬੁੱਧੀਜੀਵੀਆਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ । ਇਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ । ਇਹਨਾਂ ਸਾਰੇ ਲੋਕਾਂ ਨੇ ਰਲ.-ਮਿਲ. ਕੇ ਪੰਜਾਬੀ ਭਾਸ਼ਾ ਦੇ  ਪ੍ਰਚਾਰ - ਪ੍ਰਸਾਰ ਵੀ ਕਦੀ ਵੀ ਕੋਈ ਵੀ ਠੋੋਸ  ਗੱਲ ਨਹੀਂ ਕੀਤੀ । ਪ੍ਰੈਕਟੀਕਲ ਉਪਰੋਕਤ ਬੁੱਧੀਜੀਵੀ ਆਪਣੀ ਸਰਕਾਰੀ ਡਿਊਟੀ ਨੂੰ ਰੋਜ਼ੀ - ਰੋਟੀ ਤੋਂ ਵੱਧ ਨਹੀਂ ਸਮਝਦੇ  ਅਤੇ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ। ਇਹਨਾਂ ਬੁੱਧੀਜੀਵੀਆਂ ਬਹੁਗਿਣਤੀ ਆਪਣੇ ਬੱਚਿਆਂ , ਪੁੱਤਰ-ਧੀਆਂ,  ਪੋਤੇ-ਪੋਤੀਆਂ ਦੋਹਤੇ-ਦੋਹਤੀਆਂ ਨੂੰ ਪੰਜਾਬੀ ਭਾਸ਼ਾ ਨੂੰ ਠੁੱਡ ਮਾਰਕੇ ਅੰਗਰੇਜ਼ੀ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਵਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਹੈ । ਇਸ ਕਰਕੇ ਹੀ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਸਾਰੀਆਂ ਲਗਭਗ ਸਾਰੀਆਂ ਸਵੈ - ਸੇਵੀ ਸੰਸਥਾਵਾਂ ਬਹੁਤ ਕਮਜ਼ੋਰ ਹਾਲਤ ਵਿਚ ਹਨ। ਪੰਜਾਬੀ ਭਾਸ਼ਾ ਹੌਲੀ- ਹੌਲੀ ਦਮ ਤੋੜਦੀ ਜਾ ਰਹੀ ਹੈ।