ਏ ਡੀ ਸੀ ਵੱਲੋਂ ਸਕਿੱਲ ਸੈਂਟਰ ਦਾ ਨਿਰੀਖਣ

ਸਿਖਿਆਰਥੀਆਂ ਦੀ ਹਾਜ਼ਰੀ ਨਾਲ ਸਬੰਧਤ ਰਿਕਾਰਡ ਟ੍ਰੇਨਿੰਗ ਵਿਧੀ ਦੀ ਜਾਂਚ
ਨਵਾਂਸ਼ਹਿਰ, 8 ਜੁਲਾਈ :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਦੇ ਅਰਬਨ ਸਕਿੱਲ ਸੈਂਟਰ ਪਾਲਿਕਾ ਬਜਾਰ ਨਵਾਂਸ਼ਹਿਰ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ ਵੱਲੋਂ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਨਿਰੀਖਣ ਦੌਰਾਨ ਦਿੱਤੀ ਜਾ ਰਹੀ ਸਿਖਲਾਈ ਦੇ ਪਾਠਕ੍ਰਮ ਅਤੇ ਮਿਆਰ ਦੀ ਪੜਤਾਲ ਕੀਤੀ ਅਤੇ ਸਿਖਿਆਰਥੀਆਂ ਦੀ ਹਾਜ਼ਰੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਟ੍ਰੇਨਿੰਗ ਲੈ ਰਹੇ ਪ੍ਰਾਰਥੀਆਂ ਨਾਲ ਗੱਲਬਾਤ ਵੀ ਕੀਤੀ। ਨਿਰੀਖਣ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਪ੍ਰਾਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਰੋਜ਼ਗਾਰ ਤੋਂ ਇਲਾਵਾ ਆਪਣੇ ਕਿੱਤੇ ਵੀ ਸ਼ੁਰੂ ਕਰ ਸਕਦੇ ਹਨ ਅਤੇ ਚੱਲ ਰਹੀਆਂ ਲੋਨ ਸਕੀਮਾਂ ਤੋਂ ਵੀ ਲਾਭ ਲੈ ਸਕਦੇ ਹਨ। ਨਿਰੀਖਣ ਦੌਰਾਨ ਉਨ੍ਹਾਂ ਨੇ ਪ੍ਰਾਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਆਈਟਮਾਂ ਵੀ ਦੇਖੀਆਂ ਅਤੇ ਇਨ੍ਹਾਂ ਦੀ ਪ੍ਰਦਰਸ਼ਨੀ ਲਗਾਉਣ ਦੀ ਹਦਾਇਤ ਵੀ ਕੀਤੀ। ਇਸ ਨਿਰੀਖਣ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਦੀਪਾਂਕਰ ਗਰਗ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬਲਾਕ ਮੈਨੇਜਰ ਸ਼ੰਮੀ ਠਾਕੁਰ ਮੌਜੂਦ ਰਹੇ।


Virus-free. www.avast.com