ਕਿੱਤਾ ਮੁਖੀ ਕੋਰਸ ਬੰਦੀਆਂ ਨੂੰ ਰਿਹਾਈ ਤੋਂ ਬਾਅਦ ਬਣਾਉਣਗੇ ਆਤਮ ਨਿਰਭਰ : ਗੌਤਮ ਜੈਨ

ਪਟਿਆਲਾ, 22 ਅਪ੍ਰੈਲ: ਕੇਂਦਰੀ ਜੇਲ ਪਟਿਆਲਾ ਵਿਖੇ ਨਜ਼ਰਬੰਦ ਬੰਦੀਆਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਚਲਾਏ ਜਾ ਰਹੇ ਅਸਿਸਟੈਂਟ ਇਲੈਕਟ੍ਰੀਸ਼ੀਅਨ ਤੇ ਅਸਿਸਟੈਂਟ ਪੇਂਟਰ ਦੇ ਕੋਰਸਾਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਜਾਇਜ਼ਾ ਲਿਆ ਅਤੇ ਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਪਾਸੋਂ ਹੋਰ ਕੋਰਸ ਚਲਾਉਣ ਲਈ ਸੁਝਾਅ ਵੀ ਪ੍ਰਾਪਤ ਕੀਤੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਚਲਾਏ ਜਾ ਰਹੇ ਤਿੰਨ ਮਹੀਨੇ ਦੇ ਕਿੱਤਾ ਮੁਖੀ ਕੋਰਸ ਨਜ਼ਰਬੰਦ ਬੰਦੀਆਂ ਨੂੰ ਜੇਲ ਅੰਦਰ ਕੁਝ ਨਵਾਂ ਸਿਖਣ 'ਚ ਸਹਾਈ ਹੋਣਗੇ, ਉਥੇ ਹੀ ਰਿਹਾਈ ਤੋਂ ਬਾਅਦ ਸਵੈ ਰੋਜ਼ਗਾਰ ਸ਼ੁਰੂ ਕਰਨ 'ਚ ਵੀ ਮਦਦਗਾਰ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਬੰਦੀਆਂ ਲਈ ਹੋਰ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਹ ਸਿਖਲਾਈ ਪ੍ਰਾਪਤ ਕਰਕੇ ਰਿਹਾਈ ਤੋਂ ਬਾਅਦ ਮੁਖਧਾਰਾ 'ਚ ਆਕੇ ਆਪਣੀ ਜਿੰਦਗੀ ਚੰਗੀ ਤਰ੍ਹਾਂ ਬਿਤਾ ਸਕਣ। ਉਨ੍ਹਾਂ ਕਿਹਾ ਕਿ ਬੰਦੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਸਖਸ਼ੀਅਤ ਨਿਖਾਰ ਕਰਨ ਲਈ ਹੋਰ ਕੋਰਸ ਵੀ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਉਕਤ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਪ੍ਰੋਗਰਾਮ ਜਿਥੇ ਬੰਦੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ, ਉਥੇ ਹੀ ਬੰਦੀਆਂ ਨੂੰ ਸਮਾਜ ਦੀ ਮੁਖਧਾਰਾ ਨਾਲ ਜੋੜਨ 'ਚ ਸਹਾਈ ਹੁੰਦੇ ਹਨ। ਉਨ੍ਹਾਂ ਬੰਦੀਆਂ ਨੂੰ ਸਿਖਲਾਈ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਕਿੱਲ ਡਿਵੈਲਪਮੈਟ ਮਿਸ਼ਨ ਦੇ ਬਲਾਕ ਮਿਸ਼ਨ ਮੈਨੇਜਰ ਗਗਨਦੀਪ ਕੌਰ ਨੇ ਦੱਸਿਆ ਕਿ ਕੇਂਦਰ ਜੇਲ 'ਚ ਅਸਿਸਟੈਂਟ ਇਲੈਕਟ੍ਰੀਸ਼ੀਅਨ ਅਤੇ ਅਸਿਸਟੈਂਟ ਪੇਂਟਰ ਦੇ ਤਿੰਨ ਮਹੀਨੇ ਦੇ ਕੋਰਸ 'ਚ 40-40 ਬੰਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।  ਇਸ ਮੌਕੇ ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਪੀ.ਐਸ.ਡੀ.ਐਮ ਤੋਂ ਹਰਲੀਨ ਕੌਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਏ.ਡੀ.ਸੀ. ਗੌਤਮ ਜੈਨ ਕੇਂਦਰੀ ਜੇਲ ਪਟਿਆਲਾ ਵਿਖੇ ਚਲਾਏ ਜਾ ਰਹੇ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਦੌਰਾ ਕਰਦੇ ਹੋਏ।