ਪਟਿਆਲਾ ਜ਼ਿਲ੍ਹੇ 'ਚ ਮਾਲ ਸੁਵਿਧਾ ਕੈਂਪਾਂ ਨਾਲ ਤਤਕਾਲ ਹੋਏ ਲੋਕਾਂ ਦੇ ਰੁਕੇ ਕੰਮ:- ਸਾਕਸ਼ੀ ਸਾਹਨੀ

ਮਾਲ ਸੁਵਿਧਾ ਕੈਂਪਾਂ 'ਚ ਹੁਣ ਤੱਕ 1324 ਇੰਤਕਾਲ ਤੇ 25 ਫ਼ਰਦ ਬਦਰਾਂ ਦਾ ਕੰਮ ਮੌਕੇ 'ਤੇ ਹੀ ਨਿਪਟਾਇਆ-ਡੀ.ਸੀ.
ਪਟਿਆਲਾ, 25 ਅਪ੍ਰੈਲ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਮਾਲ ਸੁਵਿਧਾ ਕੈਂਪਾਂ ਨਾਲ ਲੋਕਾਂ ਦੇ ਮਾਲ ਵਿਭਾਗ 'ਚ ਰੁਕੇ ਹੋਏ ਕੰਮ ਤਤਕਾਲ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਸਾਰੀਆਂ ਸਬ ਡਵੀਜਨਾਂ 'ਚ ਲੱਗੇ ਇਨ੍ਹਾਂ ਕੈਂਪਾਂ ਦੌਰਾਨ ਹੁਣ ਤੱਕ 1324 ਇੰਤਕਾਲ ਮੌਕੇ 'ਤੇ ਹੀ ਦਰਜ ਕੀਤੇ ਗਏ ਅਤੇ 25 ਫ਼ਰਦ ਬਦਰਾਂ ਸਮੇਤ ਮਾਲ ਵਿਭਾਗ ਨਾਲ ਸਬੰਧਤ ਹੋਰ ਕਈ ਕੰਮ ਵੀ ਮੌਕੇ 'ਤੇ ਹੀ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ।
ਸਾਕਸ਼ੀ ਸਾਹਨੀ ਨੇ ਇਨ੍ਹਾਂ ਕੈਂਪਾਂ ਨੂੰ ਆਮ ਲੋਕਾਂ ਲਈ ਵਰਦਾਨ ਦਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਤੱਕ ਸਿੱਧੀ ਪਹੁੰਚ ਬਣਾਈ ਹੈ, ਜਿਸ ਦਾ ਲੋਕ ਵੀ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਸਬ ਡਵੀਜ਼ਨ 'ਚ ਲੱਗੇ ਮਾਲ ਸੁਵਿਧਾ ਕੈਂਪ ਦੌਰਾਨ 570 ਇੰਤਕਾਲ ਤੇ 6 ਫ਼ਰਦ ਬਦਰਾਂ ਦਾ ਕੰਮ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਕੈਂਪਾਂ ਲਈ ਸਹਿਯੋਗ ਦੇਣ ਵਾਸਤੇ ਵਿਧਾਇਕ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ। ਇਸੇ ਤਰ੍ਹਾਂ ਰਾਜਪੁਰਾ 'ਚ 319 ਇੰਤਕਾਲ ਤੇ 14 ਫ਼ਰਦ ਬਦਰਾਂ, ਨਾਭਾ 'ਚ 245 ਇੰਤਕਾਲ ਤੇ 1 ਫ਼ਰਦ ਬਦਰ, ਸਮਾਣਾ 'ਚ 140 ਇੰਤਕਾਲ ਤੇ 4 ਫ਼ਰਦ ਬਦਰਾਂ, ਦੁਧਨਸਾਧਾਂ 'ਚ 31 ਇੰਤਕਾਲ ਅਤੇ ਪਾਤੜਾਂ ਵਿਖੇ 19 ਇੰਤਕਾਲ ਮੌਕੇ 'ਤੇ ਦਰਜ ਕੀਤੇ ਗਏ। ਇਸ ਦੌਰਾਨ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਕੰਮਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਸਮੇਤ ਝਗੜਾ ਰਹਿਤ ਇੰਤਕਾਲ ਮੌਕੇ 'ਤੇ ਹੀ ਦਰਜ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਪਟਵਾਰ ਸਰਕਲ 'ਚ ਅਜਿਹੇ ਮਾਲ ਸੁਵਿਧਾ ਕੈਂਪ ਲਾਉਣੇ ਜਾਰੀ ਰੱਖੇ ਜਾਣਗੇ ਤਾਂ ਕਿ ਇਨ੍ਹਾਂ ਕੈਂਪਾਂ ਵਾਲੇ ਇਲਾਕਿਆਂ ਦੇ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਫੁਟਕਲ ਕੰਮਾਂ, ਜਿਵੇ ਫ਼ਰਦ ਦੇਣੀ ਸਮੇਤ ਹੋਰ ਕੰਮਾਂ ਦਾ ਨਿਪਟਾਰਾ ਕੀਤਾ ਜਾ ਸਕੇ।