ਲਾਹੇਵੰਦ ਖੇਤੀ ਲਈ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦਾ ਆਪਸੀ ਤਾਲਮੇਲ ਜਰੂਰੀ-ਸੰਤੋਸ਼ ਕਟਾਰੀਆ

ਕਿਸਾਨ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ- ਡੀ ਸੀ ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 7 ਅਪਰੈਲ:- ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅੱਜ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਨਵੀਂ ਦਾਣਾ ਮੰਡੀ, ਕਰਿਆਮ ਰੋੋਡ, ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਇਸ ਮੇਲੇ ਵਿਚ ਸ੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ. ਹਲਕਾ ਬਲਾਚੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੇਲੇ ਦਾ ਉਦਘਾਟਨ ਕੀਤਾ। ਸ੍ਰੀ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
               ਸ਼੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ. ਹਲਕਾ ਬਲਾਚੌਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਦੀ ਵਿਭਾਗਾਂ ਤੱਕ ਪਹੁੰਚ ਨੂੰ ਅਸਾਨ ਬਣਾਉਣਾ ਜਰੂਰੀ ਹੈ। ਪੰਜਾਬ ਸਰਕਾਰ ਇਸ ਪੱਧਰ 'ਤੇ ਕੰਮ ਕਰ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ। ਇਸ ਕਿਸਾਨ ਮੇਲੇ ਵਿਚ ਸ਼੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ. ਹਲਕਾ ਬਲਾਚੌਰ ਵਲੋਂ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਵੀ ਕੀਤਾ ਗਿਆ।
           ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਹੋਰ ਫਸਲੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤ 'ਚ ਅੱਗ ਲਾਉਣ ਨਾਲ ਧਰਤੀ ਦੀ ਉਪਰਲੀ ਪਰਤ ਵਿਚ ਮੌਜੂਦ ਕਿਰਸਾਨੀ ਦੇ ਮਿੱਤਰ ਕੀੜੇ ਖੇਤਾਂ ਦੀ ਅੱਗ ਵਿਚ ਨਸ਼ਟ ਹੋ ਜਾਂਦੇ ਹਨ ਅਤੇ ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਜ਼ਮੀਨ ਵਿਚ ਮੌਜੂਦ ਤੱਤ ਜਿਵੇਂ ਕਿ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ ਅਤੇ ਜੈਵਿਕ ਮਾਦਾ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਹਨਾਂ ਨੇ ਆਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਦਾਣਾ-ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਮੰਡੀ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ।
ਇਸ ਮੌਕੇ ਸ੍ਰੀ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਸ੍ਰੀ ਕਲਜੀਤ ਸਿੰਘ ਸਰਹਾਲ ਬੰਗਾ ਅਤੇ ਸਤਨਾਮ ਸਿੰਘ ਜਲਵਾਹਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਆਪਣੀ ਬਿਜਾਈ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਖੇਤੀ ਮਾਹਿਰਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਫਸਲਾਂ ਤੋਂ ਵੱਧ ਤੋਂ ਵੱਧ ਮੁਨਾਫਾ ਲਿਆ ਜਾ ਸਕੇ।
 ਡਾ. ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਉਣੀ ਸੀਜਨ 2022 ਦੌਰਾਨ ਮੱਕੀ ਹੇਠ 10,000 ਹੈਕਟੇਅਰ, ਝੋਨੇ ਹੇਠ 58000 ਹੈਕਟੇਅਰ,ਗੰਨੇ ਹੇਠ 7500 ਹੈਕਟੇਅਰ, ਦਾਲਾਂ ਹੇਠ 350 ਹੈਕਟੇਅਰ ਰਕਬਾ ਲਿਆਂਦਾ ਜਾਵੇਗਾ। ਇਸ ਤੋਂ ਮੱਕੀ ਦੀ ਪੈਦਾਵਾਰ 57200 ਮੀਟਿ੍ਰਕ ਟਨ, ਝੋਨੇ ਦੀ 421000 ਮੀਟਿ੍ਰਕ ਟਨ, ਗੰਨੇ ਦੀ 58500 ਮੀਟਿ੍ਰਕ ਟਨ ਅਤੇ ਦਾਲਾਂ ਦੀ 300 ਮੀਟਿ੍ਰਕ ਟਨ ਪੈਦਾਵਾਰ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਸਾਉਣੀ 2022 ਲਈ ਮੱਕੀ, ਝੋਨਾ, ਬਾਸਮਤੀ ਅਤੇ ਦਾਲਾਂ ਆਦਿ ਫਸਲਾਂ ਲਈ ਮਿਆਰੀ ਬੀਜਾਂ ਦੀਆ ਵੱਖ ਵੱਖ ਕਿਸਮਾਂ ਦਾ ਪ੍ਰਬੰਧ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਭਾਗ ਵਲੋਂ ਬਿਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਖ ਵੱਖ ਸਕੀਮ ਅਧੀਨ ਸਾਲ 2021-22 ਦੌਰਾਨ  ਵੱਖ-ਵੱਖ ਮਸ਼ੀਨਰੀ ਉਪਦਾਨ ਤੇ ਦੇਣ ਲਈ ਆਨ ਲਾਈਨ ਪੋਰਟਲ 'ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਸੀ ਜਿਸਦੇ ਤਹਿਤ ਨਿੱਜੀ ਕਿਸਾਨਾਂ ਦੀਆਂ 355 ਮਸ਼ੀਨਾਂ, ਕਿਸਾਨ   ਗਰੁੱਪਾਂ   ਦੀਆਂ 52, ਐੱਫ.ਪੀ.ਓ. 03 ਅਤੇ ਸਹਿਕਾਰੀ ਸਭਾਵਾਂ ਦੀਆ 24 ਮਸ਼ੀਨਾਂ ਲਈ  434 ਮਸ਼ੀਨਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਹਨਾਂ ਵਿੱਚੋਂ 10 ਸਹਿਕਾਰੀ ਸਭਾਵਾਂ ਨੂੰ 16 ਮਸ਼ੀਨਾਂ, ਨਿੱਜੀ ਕਿਸਾਨਾਂ 266 ਮਸ਼ੀਨਾਂ ਅਤੇ 22 ਕਿਸਾਨ ਗਰੁੱਪਾਂ ਦੀਆਂ 52 ਮਸ਼ੀਨਾਂ ਲਈ ਕੁੱਲ 334 ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਗਈ। ਜਿਸ ਵਿਚੋਂ ਨਿੱਜੀ ਕਿਸਾਨਾਂ ਵਲੋਂ 211 ਮਸ਼ੀਨਾਂ, ਕਿਸਾਨ ਗਰੁੱਪਾਂ ਵਲੋਂ 26 ਮਸ਼ੀਨਾਂ ਅਤੇ ਸਹਿਕਾਰੀ ਸਭਾਵਾਂ ਵਲੋਂ 15 ਮਸ਼ੀਨਾਂ ਸਬਸਿਡੀ ਤੇ ਖਰੀਦੀਆਂ ਗਈਆਂ। ਜ਼ਿਲ੍ਹੇ ਦੀਆਂ ਕੁੱਲ 252 ਮਸ਼ੀਨਾਂ ਵਿਚੋਂ 217 ਸੁਪਰ ਸੀਡਰ, 14 ਮਲਚਰ, 07 ਜ਼ੀਰੋ ਟਿੱਲ ਡਰਿੱਲ, 02 ਪਲਾਓ, 01 ਸੁਪਰ ਐੱਸ.ਐੱਮ.ਐੱਸ., 05  ਬੇਲਰ ਅਤੇ 04 ਰੇਕ  ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਦੀ ਕੁੱਲ ਸਬਸਿਡੀ 2,93,80,140/- ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਡੀ.ਬੀ.ਟੀ ਰਾਹੀਂ ਟਰਾਂਸਫਸਰ ਕੀਤੀ ਗਈ।
    ਇਸ ਤੋਂ ਇਲਾਵਾ ਡਾ.ਜਗਦੀਸ਼ ਸਿੰਘ ਕਾਹਮਾ ਬਾਗਬਾਨੀ ਵਿਭਾਗ, ਜ਼ਿਲ੍ਹਾ ਮੰਡੀ ਅਫਸਰ ਸਵਰਨ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਮਹਿਰਾਂ ਵਲੋਂ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
    ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਡਾ. ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕੇ.ਵੀ.ਕੇ. ਲੰਗੜੋਆ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ। ਡਾ. ਜਸਵਿੰਦਰ ਕੁਮਾਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਲਛਮਣ ਦਾਸ ਏ.ਪੀ.ਪੀ.ਓ., ਡਾ. ਲੇਖ ਰਾਜ ਖੇਤੀਬਾੜੀ ਅਫਸਰ ਔੜ, ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ, ਬਲਾਚੌਰ, ਡਾ. ਕੁਲਦੀਪ ਸਿੰਘ ਏ.ਡੀ.ਓ (ਟੀ.ਏ.), ਇੰਜੀ: ਚੰਦਨ ਸ਼ਰਮਾ ਅਤੇ ਡਾ. ਕਮਲਦੀਪ ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਸ੍ਰੀਮਤੀ ਨੀਨਾ ਕੰਵਰ, ਪਰਮਵੀਰ ਡੀਪੀਡੀ , ਸ਼੍ਰੀ ਗੁਰਮੀਤ ਸਿੰਘ ਕਾਹਮਾ, ਸ੍ਰੀ ਹਰਦੀਪ ਝਿੱਕਾ, ਸ੍ਰੀ ਮਹਿੰਦਰ ਸਿੰਘ ਖਾਲਸਾ, ਸ੍ਰੀ ਉਤਮ ਸਿੰਘ ਨਾਮਧਾਰੀ ਸੀਡ ਸਟੋਰ, ਯੁੱਧਵੀਰ ਸਿੰਘ ਕਰਨਾਣਾ, ਗੁਰਨਾਮ ਸਿੰਘ ਕਰਨਾਣਾ, ਸ੍ਰੀ ਸੁਰਿੰਦਰ ਸਿੰਘ ਸੰਘਾ, ਬਲਵੀਰ ਸਿੰਘ ਟੱਪਰੀਆਂ, ਸ੍ਰੀ ਮਹਿੰਦਰ ਸਿੰਘ ਦੁਸਾਂਝ, ਸੀ੍ਰਮਤੀ ਚਰਨਜੀਤ ਕੌਰ ਬੈਂਸ, ਸੁਰਜੀਤ ਸਿੰਘ ਲੰਗੇਰੀ, ਸ਼੍ਰੀ ਬਲਦੇਵ ਸਿੰਘ ਆਦਿ ਹਾਜ਼ਰ ਸਨ। ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਆਏ 900 ਤੋਂ ਵੱਧ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਸ ਕੈਂਪ ਵਿੱਚ ਭਾਗ ਲਿਆ।
ਫ਼ੋਟੋ ਕੈਪਸ਼ਨ: ਨਵੀਂ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਲਾਏ ਗਏ ਕਿਸਾਨ ਮੇਲੇ ਦੌਰਾਨ ਐਮ ਐਲ ਏ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਸ੍ਰੀ ਕਲਜੀਤ ਸਿੰਘ ਸਰਹਾਲ ਬੰਗਾ ਤੇ ਹੋਰ ਨਜ਼ਰ ਆ ਰਹੇ ਹਨ।