ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਖਟਕੜ ਕਲਾਂ ਤੋਂ ਮੁਹਿੰਮ ਸ਼ੁਰੂ

ਡੀ ਸੀ ਤੇ ਐਸ ਐਸ ਪੀ ਨੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ
s


ਬੰਗਾ, 25 ਅਪਰੈਲ:  ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੀ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਅੱਜ ਜਿੱਥੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਅਹਿਦ ਦਿਵਾਇਆ, ਉੱਥੇ ਨਾਲ ਹੀ ਉਨ੍ਹਾਂ ਨੂੰ ਨਸ਼ਾ ਤਸਕਰਾਂ ਦੀ ਸੂਚੀ ਉਨ੍ਹਾਂ ਨਾਲ ਸਾਂਝੀ ਕਰਨ ਲਈ ਕਿਹਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਅਤੇ ਯਾਦਗਾਰ ਵਿਖੇ ਸ਼ਹੀਦ ਭਗਤ ਸਿੰਘ ਨੂੰ ਨਤਮਸਤਕ ਹੋਣ ਬਾਅਦ ਅਜਾਇਬ ਘਰ 'ਚ ਬਣੇ ਆਡੀਟੋਰੀਅਮ ਵਿਖੇ ਨੌਜੁਆਨਾਂ ਨੂੰ ਪਿੰਡ ਦੇ ਪਤਵੰਤਿਆਂ ਅਤੇ ਪੰਚਾਇਤ ਦੀ ਹਾਜ਼ਰੀ 'ਚ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਉਣ ਬਾਅਦ, ਡਿਪਟੀ ਕਮਿਸ਼ਨਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਇਸ ਪਵਿੱਤਰ ਧਰਤੀ 'ਤੇ ਸ. ਭਗਤ ਸਿੰਘ ਦੀ ਪਵਿੱਤਰ ਆਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਵਾਉਣ ਦਾ ਮੰਤਵ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਕੇ, ਸਮੁੱਚੇ ਪੰਜਾਬ ਦਾ ਰਾਹ ਦਸੇਰਾ ਬਣਾਉਣ ਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅੰਗਰੇਜ਼ ਸਾਮਰਾਜਵਾਦ ਵਿਰੁੱਧ ਲੜਾਈ ਵਿੱਢ ਕੇ 23 ਸਾਲ ਦੀ ਭਰ ਜੁਆਨ ਉਮਰੇ ਫਾਂਸੀ ਦਾ ਰੱਸਾ ਚੁੰਮ ਕੇ ਸਾਨੂੰ ਜੋ ਦੇਸ਼ ਪ੍ਰੇਮ ਦਾ ਸੰਦੇਸ਼ ਦਿੱਤਾ ਸੀ, ਅੱਜ ਅਸੀਂ ਉਸ ਤੋਂ ਦੂਰ ਜਾ ਕੇ ਨਸ਼ਿਆਂ ਦੀ ਰਸਾਤਲ ਵਿੱਚ ਧਸ ਗਏ ਹਾਂ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਨੌਜੁਆਨ ਪੀੜ੍ਹੀ ਨੂੰ ਬਣਾਉਣ ਲਈ ਨੌਜੁਆਨਾਂ ਨਾਲ ਗੱਲਬਾਤ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ, ਉਨ੍ਹਾਂ ਨੂੰ ਇਸ ਦਲ-ਦਲ 'ਚੋਂ ਬਾਹਰ ਕੱਢਣ 'ਚ ਇਲਾਜ ਦੇ ਕੇ ਸਹਾਇਤਾ ਕਰਨਾ ਅਤੇ ਪੁਨਰ ਵਸੇਬੇ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਇਸ ਮੁਹਿੰਮ 'ਚ ਇਨ੍ਹਾਂ ਸਾਰੇ ਪੱਖਾਂ ਨੂੰ ਛੋਹਿਆ ਜਾਵੇਗਾ ਤਾਂ ਜੋ ਉਹ ਮੁੜ ਤੋਂ ਇਸ ਪਾਸੇ ਵੱਲ ਮੂੰਹ ਨਾ ਕਰਨ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਆਰੰਭੀ ਗਈ ਨਸ਼ਾ ਮੁਕਤੀ ਤੇ ਵਿਰੋਧੀ ਮੁਹਿੰਮ ਦੇ ਦੋ ਪਹਿਲੂ ਹਨ। ਪਹਿਲਾ ਸਪਲਾਈ ਚੇਨ ਨੂੰ ਤੋੜਨ ਦਾ ਅਤੇ ਦੂਸਰਾ ਪੀੜਤਾਂ ਨੂੰ ਇਲਾਜ ਅਤੇ ਹੋਰ ਢੰਗਾਂ ਨਾਲ ਸਮਾਜ ਅਤੇ ਪਰਿਵਾਰ ਦੀ ਮੁੱਖ ਧਾਰਾ 'ਚ ਮੋੜ ਲਿਆਉਣ ਦਾ। ਉਨ੍ਹਾਂ ਕਿਹਾ ਕਿ ਪੁਲਿਸ ਜਾਂ ਪ੍ਰਸ਼ਾਸਨ ਇਕੱਲਾ ਹੀ ਇਸ ਮੁਹਿੰਮ ਨੂੰ ਕਾਮਯਾਬ ਨਹੀਂ ਕਰ ਸਕਦਾ ਬਲਕਿ ਇਸ ਦੇ ਹਾਂ-ਪੱਖੀ ਨਤੀਜੇ ਦੋਵਾਂ ਧਿਰਾਂ (ਪੁਲਿਸ, ਪ੍ਰਸ਼ਾਸਨ ਅਤੇ ਲੋਕਾਂ) ਦੇ ਬੇਹਤਰੀਨ ਆਪਸੀ ਤਾਲਮੇਲ ਨਾਲ ਹੀ ਸਾਹਮਣੇ ਆ ਸਕਦੇ ਹਨ। ਉੁਨ੍ਹਾਂ ਕਿਹਾ ਜ਼ਿਲ੍ਹੇ ਵਿੱਚ ਨਸ਼ੇ ਸਬੰਧੀ ਜਾਣਕਾਰੀ ਦੇਣ ਲਈ ਪਹਿਲਾਂ ਹੀ ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ, ਜਿਸ 'ਤੇ ਆਉਣ ਵਾਲੀ ਸ਼ਿਕਾਇਤ/ਸਮੱਸਿਆ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਜੇਕਰ ਕੋਈ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਨਸ਼ੇ ਸਬੰਧੀ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਸ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ।
ਦੋਵਾਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਕੇਵਲ ਸਰਕਾਰ ਅਤੇ ਪੁਲਿਸ ਦੀ ਨਾ ਸਮਝ ਕੇ, ਲੋਕਾਂ ਅਤੇ ਸਮਾਜ ਦੀ ਵੀ ਸਮਝਣ ਦੀ ਲੋੜ ਹੈ। ਦੋਵੇਂ ਧਿਰਾਂ ਇੱਕ ਦੂਸਰੇ ਦੀ ਪੂਰਕ ਬਣ ਕੇ ਹੀ ਇਸ ਨੂੰ ਖਦੇੜ ਸਕਦੀਆਂ ਹਨ। ਇਸ ਲਈ ਪਤਵੰਤਿਆਂ, ਪੰਚਾਇਤਾਂ, ਕਲੱਬਾਂ ਅਤੇ ਆਮ ਲੋਕਾਂ ਨੂੰ ਨਸ਼ੇ ਨਾਲ ਸਬੰਧਤ ਹਰ ਤਰ੍ਹਾਂ ਦੀ ਸੂਚਨਾ ਨੂੰ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਤੱਕ ਪੁੱਜਦਾ ਕਰਨਾ ਚਾਹੀਦਾ ਹੈ ਉੱਥੇ ਖੁਦ ਵੀ ਇਸ ਲੜਾਈ ਦਾ ਹਿੱਸਾ ਬਣ ਕੇ ਆਪਣੀ ਜ਼ਿੰਮੇਂਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਟਕੜ ਕਲਾਂ ਤੋਂ ਆਰੰਭੀ ਇਸ ਮੁਹਿੰਮ ਨੂੰ ਸਾਰੇ ਜ਼ਿਲ੍ਹੇ ਵਿੱਚ ਲਿਜਾਇਆ ਜਾਵੇਗਾ।
ਬਾਅਦ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਨਤਕ ਮੀਟਿੰਗ ਦੌਰਾਨ ਪਤਵੰਤਿਆਂ ਵੱਲੋਂ ਦਿੱਤੇ ਗਏ ਨਸ਼ਿਆਂ ਸਬੰਧੀ ਫ਼ੀਡਬੈਕ ਨੂੰ ਨੋਟ ਕਰਦੇ ਹੋਏ, ਦੋਵਾਂ ਅਧਿਕਾਰੀਆਂ ਨੇ ਇਸ 'ਤੇ ਜਲਦ ਹੀ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਜਨਤਕ ਮੀਟਿੰਗ ਦੀ ਖਾਸੀਅਤ ਇਹ ਰਹੀ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਸਮੇਤ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਥੇ ਲੋਕਾਂ ਵਿੱਚ ਹੀ ਬੈਠ ਕੇ ਲੰਗਰ ਦਾ ਪ੍ਰਸ਼ਾਦਾ ਛਕਿਆ ਅਤੇ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਸਾਂਝ ਨੂੰ ਹੋਰ ਪਕੇਰਾ ਕੀਤਾ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਅਤੇ ਬੰਗਾ ਦੇ ਐਸ ਡੀ ਐਮ ਨਵਨੀਤ ਕੌਰ ਬੱਲ ਅਤੇ ਹੋਰਨਾਂ ਅਧਿਕਾਰੀਆਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਦੇ ਆਧਾਰ 'ਤੇ ਰੇਲਵੇ ਅੰਡਰ ਬਿ੍ਰੱਜ, ਪਿੰਡ ਦੇ ਛੱਪੜ, ਠੋਸ ਕੂੜਾ ਸੰਭਾਲ ਪਲਾਂਟ (ਸੋਕ ਪਿੱਟਸ) ਅਤੇ ਲਾਇਬ੍ਰੇਰੀ ਦਾ ਦੌਰਾ ਵੀ ਕੀਤਾ। ਉਨ੍ਹਾਂ ਪਿੰਡ ਦੇ ਲੋਕਾਂ ਵੱਲੋਂ ਉਠਾਏ ਮਸਲਿਆਂ 'ਤੇ ਗੰਭੀਰਤਾ ਨਾਲ ਹੱਲ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜੁਆਨਾਂ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਪਿੰਡ 'ਚ ਵਿਸ਼ੇਸ਼ ਸਿਖਲਾਈ ਬੈਚ ਲਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਕੌਰ ਸਰਪੰਚ ਖਟਕੜ ਕਲਾਂ, ਸਰਪੰਚ ਕੁਲਵਰਣ ਸਿੰਘ ਥਾਂਦੀਆਂ, ਸਰਪੰਚ ਯੁਧਵੀਰ ਸਿੰਘ ਕਰਨਾਣਾ, ਸੁਰਿੰਦਰ ਸਿੰਘ ਸਰਪੰਚ ਬਾਹੜੋਵਾਲ ਅਤੇ ਸਰਪੰਚ ਗੁਰਮੇਜ ਰਾਮ ਭੂਖੜੀ ਤੋਂ ਇਲਾਵਾ ਪਿੰਡ ਦੇ ਵੱਡੀ ਗਿਣਤੀ ਵਿੱਚ ਨੌਜੁਆਨ, ਪਤਵੰਤੇ, ਪੰਚਾਇਤ ਮੈਂਬਰ, ਡੀ ਐਸ ਪੀ ਅਮਰਨਾਥ,  ਡੀ ਐਸ ਪੀ ਸ਼ਾਹਬਾਜ਼ ਸਿੰਘ, ਤਹਿਸੀਲਦਾਰ ਬੰਗਾ ਲਕਸ਼ੇ ਗੁਪਤਾ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਤੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਖਟਕੜ ਕਲਾਂ ਤੋਂ ਆਰੰਭੀ ਨਸ਼ਾ ਮੁਕਤੀ ਮੁਹਿੰਮ ਅਤੇ ਬਾਅਦ ਵਿੱਚ ਪਿੰਡ ਦੇ ਲੋਕਾਂ ਨਾਲ ਕੀਤੀ ਮੀਟਿੰਗ ਦੀਆਂ ਤਸਵੀਰਾਂ।