ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ

ਜਲ ਨਿਕਾਸ ਅਧਿਕਾਰੀ, ਬਰਸਾਤੀ ਪਾਣੀ ਦੇ ਨਿਕਾਸ ਲਈ ਅਗਾਊਂ ਤਿਆਰੀ ਕਰਨ : ਸਾਕਸ਼ੀ ਸਾਹਨੀ
ਪਟਿਆਲਾ, 8 ਅਪ੍ਰੈਲ:-  ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਅੱਜ ਦੌਣ ਕਲਾਂ, ਘਨੌਰ, ਲੋਹ ਸਿੰਬਲੀ ਦੇ ਦੁਧਨਗੁਜਰਾ ਪਿੰਡਾਂ ਦਾ ਦੌਰਾ ਕਰਕੇ ਪਿਛਲੇ ਸਾਲਾਂ ਦੌਰਾਨ ਬਰਸਾਤੀ ਪਾਣੀ ਕਾਰਨ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਇਲਾਕਿਆਂ ਦਾ ਨਿਰੀਖਣ ਕੀਤਾ ਅਤੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਦੇ ਨਿਕਾਸ ਲਈ ਅਗਾਊਂ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਦੁਧਨਸਾਧਾਂ ਅੰਕੁਰਜੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ ਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਵੀ ਮੌਜੂਦ ਸਨ।
  ਸਾਕਸ਼ੀ ਸਾਹਨੀ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਆਧਾਰ ਬਣਾਕੇ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੀਂ ਯੋਜਨਾ ਤਿਆਰ ਕਰਨ ਤਾਂ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਯੋਜਨਾ ਨੂੰ ਅਮਲੀ ਜਾਮਾਂ ਪਹਿਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਕੀਤੀ ਤਿਆਰੀ ਹੀ ਕਾਰਗਰ ਸਾਬਤ ਹੋਵੇਗੀ, ਇਸ ਲਈ ਹੁਣ ਤੋਂ ਹੀ ਇਸ ਸਬੰਧੀ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ 'ਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
  ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਦੀ ਸਥਿਤੀ ਦਾ ਸਮੀਖਿਆ ਕਰਦਿਆ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਜਿਨ੍ਹਾਂ ਖੇਤਰਾਂ 'ਚ ਬਰਸਾਤਾਂ ਦੇ ਮੌਸਮ 'ਚ ਪਾਣੀ ਆਉਣ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ, ਉਸ ਲਈ ਵੱਖਰੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ, ਤਾਂ ਜੋ ਫਸਲੀ ਨੁਕਸਾਨ ਤੋਂ ਵੀ ਬਚਾਅ ਕੀਤਾ ਜਾ ਸਕੇ।
  ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਦਿਆ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਸਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਹਰੇਕ ਵਿਭਾਗ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਪੂਰੇ ਕਰੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲਾਕ ਵਿਕਾਸ ਅਫ਼ਸਰ ਪਿੰਡਾਂ ਦੇ ਛੱਪੜਾਂ ਅਤੇ ਗਲੀਆਂ/ਨਾਲੀਆਂ ਦੀ ਸਫ਼ਾਈ ਕਰਵਾਉਣ ਯਕੀਨੀ ਬਣਾਉਣ ਅਤੇ ਪਿੰਡਾਂ ਵਿਚ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਲਈ ਇੰਤਜ਼ਾਮ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਕੀਤੀ ਜਾਵੇ ਅਤੇ ਜ਼ਿਲ੍ਹੇ ਵਿਚ ਪੈਂਦੀਆਂ ਨਹਿਰਾਂ ਅਤੇ ਡਿਸਟ੍ਰੀਬਿਊਟਰੀਆਂ ਦੇ ਕੰਢਿਆਂ ਦੀ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਜਿਥੇ ਨਹਿਰਾਂ ਦੇ ਕੰਢੇ ਕਮਜ਼ੋਰ ਹਨ ਉਥੇ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਢੁਕਵੇਂ ਸਥਾਨਾਂ 'ਤੇ ਸਾਈਫਨ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਐਕਸੀਅਨ ਬੀ.ਐਡ.ਆਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਿਥੇ ਸੜਕਾਂ ਨਾਲ ਪਾਣੀ ਦੇ ਵਹਾਅ 'ਚ ਰੁਕਾਵਟ ਬਣਦੀ ਹੈ, ਉਥੇ ਪੁਲੀਆਂ ਲਗਾਉਣ ਦੀ ਵੀ ਹਦਾਇਤ ਕੀਤੀ।