ਗੁਣਵੱਤਾ ਜਾਂਚ ਲਈ ਭਾਰਤੀ ਮਾਣਕ ਬਿਊਰੋ ਦੀ ਮੋਬਾਇਲ ਐਪ ਦੀ ਵਰਤੋਂ ਕਰਨ ਦੀ ਅਪੀਲ

ਨਵਾਂਸ਼ਹਿਰ, 28 ਅਪ੍ਰੈਲ: ਡਿਪਟੀ ਕਮਿਸ਼ਨਰ (ਜ) ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਤਪਾਦਾਂ, ਹਾਲਮਾਰਕ ਵਾਲੇ ਗਹਿਣਿਆਂ, ਇਲੈਕਟ੍ਰਾਨਿਕ ਤੇ ਇਲੈਕਟਰੀਕਲ, ਮੈਡੀਕਲ, ਸਿੰਚਾਈ ਉਪਕਰਣ, ਦੁੱਧ ਪਾਊਡਰ,ਪੈਕ ਕੀਤਾ ਪਾਣੀ, ਖੇਡਾਂ ਦੀਆਂ ਵਸਤੂਆਂ ਅਤੇ ਹੋਰ ਵਸਤਾਂ ਭਾਰਤੀ ਮਾਣਕ ਬਿਊਰੋ (ਬਿਊਰੋ ਆਫ਼ ਇੰਡੀਅਨ) ਦੀ ਪ੍ਰਮਾਣਿਕਤਾ ਅਨੁਸਾਰ ਹੀ ਖਰੀਦਣ। ਉਨ੍ਹਾਂ ਕਿਹਾ ਕਿ ਉਹ ਬਜ਼ਾਰ ਵਿੱਚੋਂ ਕੋਈ ਵੀ ਸਮਾਨ ਖਰੀਦਣ ਮੌਕੇ ਬੀ ਆਈ ਐਸ ਮਾਣਕਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ ਆਈ ਐਸ) ਦੀ ਮੋਬਾਈਲ ਐਪ ਦੀ ਵਰਤੋਂ ਕਰਨ।
     ਅੱਜ ਇੱਥੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਅਧੀਨ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਰੋਜ਼ਾਨਾ ਘਰੇਲੂ ਅਤੇ ਸਰਕਾਰੀ ਪੱਧਰ ਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਮਿਆਰਾਂ ਸਬੰਧੀ ਦਿੱਤੀ ਗਈ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਐਪ ਨੂੰ ਗੂਗਲ ਐਪ ਸਟੋਰ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਲੋਕ ਪ੍ਰਮਾਣਿਕ ਉਤਪਾਦ ਦੇ ਵੇਰਵੇ ਪ੍ਰਾਪਤ ਕਰਨ ਲਈ ਲਾਇਸੈਂਸ ਨੰਬਰ ਵੀ ਚੈੱਕ ਕਰ ਸਕਦੇ ਹਨ।
  ਐਨ ਪੀ ਐਸ ਰੰਧਾਵਾ ਨੇ ਦੱਸਿਆ ਕਿ ਹਰ ਆਈ ਐਸ ਆਈ ਮਾਰਕ ਕੀਤੀ ਵਸਤੂ ਦਾ ਇੱਕ ਸੀਐਮਐਲ ਨੰਬਰ ਹੁੰਦਾ ਹੈ ਅਤੇ ਜੇਕਰ ਉਤਪਾਦ ਸ਼ੁੱਧ ਜਾਂ ਅਸਲੀ ਹੈ, ਤਾਂ ਐਪ ਲਾਇਸੈਂਸ ਦੇ ਪੂਰੇ ਵੇਰਵੇ ਦਿਖਾਏਗਾ।
     ਉਨ੍ਹਾਂ ਕਿਹਾ ਕਿ ਕਿਸੇ ਵੀ ਉਤਪਾਦ ਬਾਰੇ ਐਪ ਰਾਹੀਂ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
      ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਵੀ ਉਹ ਕਿਸੇ ਵੀ ਕਿਸਮ ਦੀ ਖਰੀਦ ਦੌਰਾਨ ਟੈਂਡਰ ਮੰਗਦੇ ਹਨ, ਤਾਂ ਉਹ ਭਾਰਤੀ ਮਿਆਰਾਂ ਦੇ ਮਾਪਦੰਡਾਂ ਅਨੁਸਾਰ ਉਤਪਾਦਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਆਈ.ਐੱਸ.ਆਈ. ਮਾਰਕ ਵਾਲੀ ਸਮੱਗਰੀ ਜਾਂ ਸਮਾਨ ਹੀ ਮੰਗਣ।
    ਉਨ੍ਹਾਂ ਕਿਹਾ ਕਿ ਇਹ ਸਬ-ਸਟੈਂਡਰਡ ਉਤਪਾਦਾਂ ਦੀ ਸਪਲਾਈ ਨੂੰ ਖ਼ਤਮ ਕਰਨ ਲਈ ਬੀ ਆਈ ਐਸ ਦੀ ਇਹ ਜਾਣਕਾਰੀ ਅਹਿਮ ਸਾਧਨ ਸਾਬਤ ਹੋਵੇਗੀ।
   ਇਸ ਤੋਂ ਪਹਿਲਾਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼, ਚੰਡੀਗੜ੍ਹ ਤੋਂ ਵਿਗਿਆਨੀ-ਐਫ ਅਤੇ ਮੁਖੀ ਸਮੀਰ ਕੁਮਾਰ ਸਹਾਣਾ ਅਤੇ ਉਨ੍ਹਾਂ ਦੀ ਟੀਮ ਨੇ ਬੀ ਆਈ ਐਸ ਐਕਟ, 2016 ਦੇ ਤਹਿਤ ਸਥਾਪਿਤ, ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਵੱਲੋਂ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਭਾਰਤੀ ਮਿਆਰਾਂ ਮੁਤਾਬਕ ਤਿਆਰ ਕਰਨ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਦੱਸਿਆ।
     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ ਆਦਿ ਹਾਜ਼ਰ ਸਨ।