ਨਵਾਂਸ਼ਹਿਰ ’ਚ ਕੋਵਿਡ-19 ਕਰਨ ਫੌਤ ਹੋਏ 331 ਵਿਅਕਤੀਆਂ ਦੇ ਪਰਿਵਾਰਾਂ ਨੂੰ 50000 ਰੁਪਏ ਦੀ ਵਿੱਤੀ ਮਦਦ ਮਿਲੀ-ਵਿਸ਼ੇਸ਼ ਸਾਰੰਗਲ

ਨਵਾਂਸ਼ਹਿਰ, 1 ਅਪਰੈਲ:- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ  ਜ਼ਿਲ੍ਹੇ ਵਿੱਚ ਕੋਵਿਡ-19 ਕਾਰਨ ਫ਼ੌਤ ਹੋਏ ਵਿਅਕਤੀਆਂ ਦੇ 331 ਪਰਿਵਾਰਾਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਲਾਭ ਦਿੱਤਾ ਗਿਆ ਹੈ। ਅੱਜ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ (ਡੀ ਡੀ ਐਮ ਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਪੀੜਤਾਂ ਦੇ 331 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 50,000 ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਦਾਅਵੇਦਾਰਾਂ ਨੇ ਆਪਣੀ ਅਰਜ਼ੀ ਨਿਰਧਾਰਿਤ ਫਾਰਮ ਰਾਹੀਂ ਐਸ.ਡੀ.ਐਮਜ਼ ਨੂੰ ਦਸਤਾਵੇਜ਼ਾਂ ਸਮੇਤ ਜਮ੍ਹਾਂ ਕਰਵਾਈ ਸੀ, ਜਿਸ ਵਿੱਚ ਮੌਤ ਦੇ ਕਾਰਨਾਂ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਦਾ ਸਰਟੀਫਿਕੇਟ, ਦਾਅਵੇਦਾਰ ਦਾ ਪਛਾਣ ਦਾ ਸਬੂਤ, ਮਿ੍ਰਤਕ ਅਤੇ ਦਾਅਵੇਦਾਰ ਵਿਚਕਾਰ ਰਿਸ਼ਤੇ ਦਾ ਸਬੂਤ, ਲੈਬਾਰਟਰੀ ਜਾਂਚ ਦੀ ਰਿਪੋਰਟ,  ਕੋਵਿਡ-19 ਲਈ ਸਕਾਰਾਤਮਕ (ਪਾਜ਼ੇਟਿਵ ਰਿਪੋਰਟ) (ਅਸਲ ਜਾਂ ਪ੍ਰਮਾਣਿਤ ਕਾਪੀ), ਹਸਪਤਾਲ ਦੁਆਰਾ ਮੌਤ ਦਾ ਸੰਖੇਪ ਸਾਰ ਜਿੱਥੇ ਮੌਤ ਹੋਈ ਹੈ (ਹਸਪਤਾਲ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ), ਮੌਤ ਸਰਟੀਫਿਕੇਟ ਦੀ ਅਸਲ ਕਾਪੀ ਅਤੇ ਕਾਨੂੰਨੀ ਵਾਰਸਾਂ ਦਾ ਸਰਟੀਫਿਕੇਟ, ਆਦਿ ਸ਼ਾਮਿਲ ਹਨ।
ਸ੍ਰੀ ਸਾਰੰਗਲ ਨੇ ਅੱਗੇ ਕਿਹਾ ਕਿ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਅਤੇ ਫੀਲਡ ਪੱਧਰੀ ਤਸਦੀਕ ਤੋਂ ਬਾਅਦ ਰਾਸ਼ੀ ਦਾ ਭੁਗਤਾਨ ਕੀਤਾ ਗਿਆ।
ਮੀਟਿੰਗ ਦੌਰਾਨ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਨਾਲ ਸਬੰਧਤ ਹੋਰ ਮੱਦਾਂ ਵੀ ਵਿਚਾਰੀਆਂ ਗਈਆਂ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਏ ਡੀ ਸੀਜ਼ ਜਸਬੀਰ ਸਿੰਘ, ਅਮਰਦੀਪ ਸਿੰਘ ਬੈਂਸ, ਅਮਿਤ ਸਰੀਨ, ਐਸ ਡੀ ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ, ਦੀਪਕ ਰੋਹੀਲਾ, ਡੀ ਆਰ ਓ ਅਜੀਤਪਾਲ ਸਿੰਘ ਆਦਿ ਹਾਜ਼ਰ ਸਨ।