ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡੀ.ਸੀ. ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰਿਕ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ
ਮਾਹੌਲ ਵਿਗਾੜਨ ਵਾਲਿਆਂ ਨੂੰ ਸਖ਼ਤੀ ਨਾਲ ਸਿੱਝਿਆ ਜਾਵੇਗਾ-ਚੰਦਰ ਗੈਂਦ
ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਆਈ.ਜੀ. ਛੀਨਾ
ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਵੀ ਹੋਵੇਗੀ ਸਖ਼ਤ ਕਾਰਵਾਈ
ਮਾਹੌਲ ਵਿਗਾੜਨ ਵਾਲਿਆਂ ਨੂੰ ਸਖ਼ਤੀ ਨਾਲ ਸਿੱਝਿਆ ਜਾਵੇਗਾ-ਚੰਦਰ ਗੈਂਦ
ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਆਈ.ਜੀ. ਛੀਨਾ
ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਵੀ ਹੋਵੇਗੀ ਸਖ਼ਤ ਕਾਰਵਾਈ
ਪਟਿਆਲਾ, 30 ਅਪ੍ਰੈਲ: ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਹੈ ਕਿ ਬੀਤੇ ਦਿਨ ਮਾਤਾ ਕਾਲੀ ਦੇਵੀ ਮੰਦਿਰ ਨੇੜੇ ਹਿੰਦੂ ਤੇ ਸਿੱਖ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਦੇ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਅਤੇ ਖਾਸ ਕਰਕੇ ਸ਼ਹਿਰ 'ਚ ਮਾਹੌਲ ਪੂਰਾ ਸ਼ਾਂਤ ਹੈ ਤੇ ਜ਼ਿਲ੍ਹਾ ਪੁਲਿਸ ਸਮੇਤ ਵਿਸ਼ੇਸ਼ ਪੁਲਿਸ ਬਲਾਂ ਦੀਆਂ ਵਾਧੂ ਟੁਕੜੀਆਂ ਵੱਲੋਂ 24 ਘੰਟੇ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਕਿ ਆਮ ਨਾਗਰਿਕਾਂ ਦਾ ਕਾਨੂੰਨ ਵਿਵਸਥਾ 'ਚ ਵਿਸ਼ਵਾਸ ਬਹਾਲ ਰਹੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਅਮਨ-ਸ਼ਾਂਤੀ ਤੇ ਫ਼ਿਰਕੂ ਇਕਸੁਰਤਾ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਦੇਰ ਸ਼ਾਮ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੰਦਰ ਗੈਂਦ ਨੇ ਕਿਹਾ ਕਿ ਪਟਿਆਲਾ ਅਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੀ ਘਟਨਾ ਨੂੰ ਪੁਲਿਸ ਨੇ ਪੂਰੀ ਪੇਸ਼ੇਵਰਾਨਾ ਸੂਝ-ਬੂਝ ਨਾਲ ਸੁਲਝਾਇਆ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ।
ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਆਪਸੀ ਤਕਰਾਰ 'ਚ ਜਿੱਥੇ ਸ਼ਿਵ ਸੈਨਾ ਦੇ ਆਗੂ ਹਰੀਸ਼ ਸਿੰਗਲਾ ਸਮੇਤ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਥੇ ਹੀ ਸਮੁੱਚੇ ਮਾਮਲੇ 'ਚ ਮੁੱਖ ਦੋਸ਼ੀ ਵਜੋਂ ਬਰਜਿੰਦਰ ਸਿੰਘ ਪਰਵਾਨਾ ਉਰਫ਼ ਸਨੀ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਰਾਜਪੁਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਉਹ ਗਰਮ ਸੁਭਾਅ ਤੇ ਕੱਟੜ ਖਿਆਲਾਂ ਦਾ ਸ਼ਖ਼ਸ ਹੈ, ਜਿਸ ਬਾਬਤ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਜਦੋਂਕਿ ਹਰੀਸ਼ ਸਿੰਗਲਾ ਦਾ ਦੋ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਈ.ਜੀ. ਛੀਨਾ ਨੇ ਦੱਸਿਆ ਕਿ ਪੂਰੇ ਮਾਮਲੇ ਸਬੰਧੀਂ 6 ਵੱਖ-ਵੱਖ ਪੁਲਿਸ ਕੇਸ ਦਰਜ ਕੀਤੇ ਹਨ, ਜਿਨ੍ਹਾਂ 'ਚੋਂ 5 ਥਾਣਾ ਕੋਤਵਾਲੀ ਅਤੇ 1 ਮੁਕੱਦਮਾ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ ਫੁਟੇਜ਼ ਸਮੇਤ ਸੋਸ਼ਲ ਮੀਡੀਆ ਨੂੰ ਵੀ ਵਾਚਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਪਿੰਡ ਅਜਨਾਲੀ ਦੇ ਵਸਨੀਕ ਬਲਵਿੰਦਰ ਸਿੰਘ, ਜਿਸ ਦੇ ਗੋਲੀ ਲੱਗੀ ਹੈ, ਦਾ ਡਾਕਟਰਾਂ ਦੀ ਟੀਮ, ਜਿਸ 'ਚ ਪੀ.ਜੀ.ਆਈ. ਦੇ ਮਾਹਰ ਵੀ ਸ਼ਾਮਲ ਹਨ, ਵੱਲੋਂ ਪੂਰਾ ਮੁਆਇਨਾ ਕੀਤਾ ਜਾ ਰਿਹਾ ਹੈ, ਦੇ ਇਲਾਜ 'ਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਹਰ ਮੁਕੱਦਮੇ ਦੀ ਪੂਰੀ ਪੜਤਾਲ ਬਿਨਾਂ ਕਿਸੇ ਦਬਾਅ ਤੋਂ ਸੁਤੰਤਰ ਢੰਗ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਆਸ਼ੂਤੋਸ਼ ਗੌਤਮ ਪੁੱਤਰ ਪਿਤਾਂਬਰ ਦੱਤ ਦੇ ਬਿਆਨਾਂ 'ਤੇ ਦਰਜ ਮੁਕੱਦਮਾ ਨੰਬਰ 73/22 ਥਾਣਾ ਕੋਤਵਾਲੀ, ਦੀ ਛਾਣਬੀਣ ਕਰਦਿਆਂ 24 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ 'ਚ ਮੁੱਖ ਦੋਸ਼ੀ ਕੁਲਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬਿਜਲਪੁਰ ਅੱਡਾ ਢੈਂਠਲ ਤੇ ਬਰਜਿੰਦਰ ਸਿੰਘ ਪਰਵਾਨਾ ਸ਼ਾਮਲ ਹਨ ਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲੁਕ ਆਊਟ ਕਾਰਨਰ ਜਾਰੀ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਆਈ.ਜੀ. ਸ. ਛੀਨਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਐਸ.ਆਈ. ਮੇਵਾ ਸਿੰਘ ਥਾਣਾ ਕੋਤਵਾਲੀ ਦੇ ਰੁੱਕੇ 'ਤੇ ਦਰਜ ਮੁਕਦਮਾ ਨੰਬਰ 74/22 'ਚ ਹਰੀਸ਼ ਸਿੰਗਲਾ ਪੁੱਤਰ ਰਾਜ ਕੁਮਾਰ ਸਿੰਗਲਾ ਅਤੇ 40/50 ਹੋਰ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. ਦੀਪਕ ਪਾਰਿਕ ਨੇ ਦਰਜ ਹੋਏ ਮੁਕਦਮਿਆਂ ਬਾਰੇ ਦੱਸਿਆ ਕਿ ਮੁਕੱਦਮਾ ਨੰਬਰ 72 ਮਿਤੀ 29 ਅਪ੍ਰੈਲ 2022 ਅ/ਧ 307/323/506/148/149/ ਆਈ.ਪੀ.ਸੀ. 25, 27/54/59 ਏ ਏ.ਸੀ.ਟੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 73 ਮਿਤੀ 29 ਅਪ੍ਰੈਲ 2022 ਅ/ਧ 323, 324,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ ਵਾਧਾ ਜੁਰਮ 307 ਆਈ.ਪੀ.ਸੀ., ਮੁਕੱਦਮਾ ਨੰਬਰ 74 ਮਿਤੀ 29 ਅਪ੍ਰੈਲ 2022 ਅ/ਧ 353,186,188,153-ਏ,506,148,149,120-ਬੀ ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 75 ਮਿਤੀ 29 ਅਪ੍ਰੈਲ 2022 ਅ/ਧ 324,323,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 76 ਮਿਤੀ 30 ਅਪ੍ਰੈਲ 2022 ਅ/ਧ 153-ਏ, 380,427,147,148,149-ਆਈ.ਪੀ.ਸੀ. ਪ੍ਰੀਵੇਨਸ਼ਨ ਆਫ਼ ਡੇਮੇਜ਼ ਟੂ ਪਬਲਿਕ ਪ੍ਰਾਪਰਟੀ ਐਕਟ 1984 ਥਾਣਾ ਕੋਤਵਾਲੀ ਪਟਿਆਲਾ ਤੋਂ ਇਲਾਵਾ ਮੁਕੱਦਮਾ ਨੰਬਰ 71 ਮਿਤੀ 30 ਅਪ੍ਰੈਲ 2022 ਅ/ਧ 29/04/2022, ਅ/ਧ 323,324,341,353,186,148,149 ਆਈ.ਪੀ.ਸੀ. ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਤਫ਼ਤੀਸ਼ ਡਾ. ਮਹਿਤਾਬ ਸਿੰਘ, ਐਸ.ਪੀ. ਹਰਪਾਲ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਮੋਹਿਤ ਅਗਰਵਾਲ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।