ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਕੀਤਾ ਸਵਾਗਤ
ਅੰਮ੍ਰਿਤਸਰ, 22 ਅਪ੍ਰੈਲ : -ਅਮਰੀਕਾ ਸਰਕਾਰ ਦਾ ਉਚ ਪੱਧਰੀ ਵਫਦ, ਜਿਸ ਵਿਚ ਕਾਂਗਰਸ ਮੈਨ, ਸੈਨੇਟਰ ਅਤੇ ਹੋਰ ਵਿਸਿਆਂ ਦੇ ਮਾਹਰ ਸ਼ਾਮਿਲ ਸਨ, ਅੱਜ ਵਿਸ਼ੇਸ਼ ਤੌਰ ਉਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜਾ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵਫਦ ਨੂੰ ਜੀ ਆਇਆਂ ਕਹਿਣ ਲਈ ਆਏ। ਉਨਾਂ ਹਵਾਈ ਅੱਡੇ ਉਤੇ ਸਾਰੇ ਮੈਂਬਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਗੁਰੂ ਨਗਰੀ ਪਹੁੰਚਣ ਲਈ ਜੀ ਆਇਆਂ ਕਿਹਾ। ਇਸ ਮਗਰੋਂ ਉਹ ਵਫਦ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਜਿੱਥੇ ਉਨਾਂ ਵਫਦ ਨੂੰ ਦਰਬਾਰ ਸਾਹਿਬ ਦੇ ਇਤਹਾਸ, ਮਰਯਾਦਾ ਅਤੇ ਲੰਗਰ ਬਾਰੇ ਵਿਸ਼ੇਸ਼ ਤੌਰ ਉਤੇ ਜਾਣੂੰ ਕਰਵਾਇਆ। ਸਾਰੇ ਮੈਂਬਰਾਂ ਨੇ ਲੰਗਰ ਦੀ ਤਿਆਰੀ ਅਤੇ ਲੰਗਰ ਵਰਤਾਉਣ ਦੀ ਮਰਯਾਦਾ ਨੂੰ ਬੜੇ ਗੁਹ ਨਾਲ ਵੇਖਿਆ। ਸ. ਬੈਂਸ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਮਰੀਕਾ ਦਾ ਉਚ ਪੱਧਰੀ ਵਫ਼ਦ, ਜੋ ਕਿ ਅਮਰੀਕਾ ਸਰਕਾਰ ਵਿਚ ਵੱਡਾ ਪ੍ਰਭਾਵ ਰੱਖਦਾ ਹੈ, ਅੱਜ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ਉਤੇ ਆਏ ਹਨ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਪ੍ਰਭਾਵ ਵਧਿਆ ਹੈ। ਉਨਾਂ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਤਰਫੋਂ ਮੈਨੂੰ ਇਸ ਵਫਦ ਦੀ ਪ੍ਰਹੁਣਚਾਰੀ ਲਈ ਭੇਜਿਆ ਗਿਆ। ਇਸ ਮੌਕੇ ਸੂਚਨਾ ਕੇਂਦਰ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਵਫ਼ਦ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ।