ਡਿਪਟੀ ਕਮਿਸ਼ਨਰ ਵੱਲੋਂ ਵਿਜੀਲੈਂਸ ਯੂਨਿਟ ਨਵਾਂਸ਼ਹਿਰ ਦੇ ਮੁਖੀ ਨਾਲ ਮੀਟਿੰਗ

ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ 'ਤੇ ਜ਼ੋਰ
ਨਵਾਂਸ਼ਹਿਰ, 21 ਅਪਰੈਲ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਵਿਜੀਲੈਂਸ ਯੂਨਿਟ ਨਵਾਂਸ਼ਹਿਰ ਦੇ ਮੁਖੀ ਡੀ ਐਸ ਪੀ ਨਰੰਜਣ ਸਿੰਘ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਪਾਰਦਰਸ਼ਤਾ ਭਰਪੂਰ ਪ੍ਰਸ਼ਾਸਨ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋਂ 23 ਮਾਰਚ 2022 ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੂਬੇ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਦੇ ਲਏ ਅਹਿਦ ਨੂੰ ਉਸ ਦੀ ਮੂਲ ਅਤੇ ਪਵਿੱਤਰ ਭਾਵਨਾ ਤਹਿਤ ਲਾਗੂ ਕਰਨ ਦੀ ਸਾਡੀ ਵੱਡੀ ਜ਼ਿੰਮੇਂਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਨਤਾ ਦੀ ਸਹੂਲਤ ਲਈ ਜਾਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰ. 9501200200 ਇਸੇ ਵਚਨਬੱਧਤਾ ਵੱਲ ਇੱਕ ਇਤਿਹਾਸਕ ਕਦਮ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਪਾਰਦਰਸ਼ੀ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਦਫ਼ਤਰ ਵਿੱਚ ਕਿਸੇ ਵੀ ਜ਼ਿਲ੍ਹਾ ਵਾਸੀ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤੇ ਜਾਣ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਪੜਤਾਲ ਉਪਰੰਤ ਕਸੂਰਵਾਰ ਪਾਏ ਜਾਣ ਵਾਲਾ ਕਰਮਚਾਰੀ ਉਨ੍ਹਾਂ ਪਾਸੋਂ ਲਿਹਾਜ਼ ਦੀ ਆਸ ਨਾ ਰੱਖੇ। ਇਸ ਮੌਕੇ ਡੀ ਐਸ ਪੀ ਨਰੰਜਣ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਨਵਾਂਸ਼ਹਿਰ ਵਿਜੀਲੈਂਸ ਯੂਨਿਟ ਦੀ ਕਾਰਗੁਜ਼ਾਰੀ ਤੋਂ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਆਦੇਸ਼ਾਂ ਮੁਤਾਬਕ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉੁਣ ਦੀ ਵਚਨਬੱਧਤਾ 'ਤੇ ਪੂਰਣ ਪਹਿਰਾ ਦਿੰਦੇ ਹੋਏ, ਲੋਕਾਂ ਨੂੰ ਕਿਸੇ ਵੀ ਭਿ੍ਰਸ਼ਟ ਅਨਸਰ ਬਾਰੇ ਤੁਰੰਤ ਸੂਚਨਾ ਦੇਣ ਲਈ ਕਿਹਾ ਹੋਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਡੀ ਐਸ ਪੀ ਵਿਜੀਲੈਂਸ ਨਰੰਜਣ ਸਿੰਘ ਨਾਲ ਮੀਟਿੰਗ ਕਰਦੇ ਹੋਏ। ਨਾਲ ਏ ਡੀ ਸੀ ਜਸਬੀਰ ਸਿੰਘ ਵੀ ਨਜ਼ਰ ਆ ਰਹੇ ਹਨ।