ਜ਼ਿਲ੍ਹੇ ਵਿੱਚ ਨਸ਼ਾ ਰੋਕਥਾਮ ਲਈ ਨੌਜੁਆਨਾਂ ਨਾਲ ਮਿਲਣੀ ਦੀ ਸ਼ੁਰੂਆਤ 25 ਅਪ੍ਰੈਲ ਤੋਂ

ਨਵਾਂਸ਼ਹਿਰ, 22 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਦੇ ਨੌਜੁਆਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਾਉਣ ਲਈ 25 ਅਪ੍ਰੈਲ ਤੋਂ ਵਿਸ਼ੇਸ਼ ਪਹਿਲਕਦਮੀ ਵਿੱਢਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਨੌਜੁਆਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣਾ ਤੇ ਨਸ਼ੇ ਚ ਗੜੁੱਚ ਨੌਜੁਆਨਾਂ ਨੂੰ ਇਸ ਪਾਸੇ ਤੋਂ ਹਟਾਉਣਾ, ਉਨ੍ਹਾਂ ਅਤੇ ਐਸ ਐਸ ਪੀ ਦੀ ਪਹਿਲੀ ਕੋਸਸ਼ਿ ਹੈ। ਇਸ ਕੋਸ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਲੇਠੀ ਨੌਜੁਆਨ ਮਿਲਣੀ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਵਾਉਣ ਦੀ ਸ਼ੁਰੂਆਤ 25 ਅਪ੍ਰੈਲ ਨੂੰ ਸਵੇਰੇ 11 ਵਜੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੌਜੁਆਨਾਂ ਦੇ ਨਸ਼ੇ ਨੂੰ ਖਤਮ ਕਰਨ ਸਬੰਧੀ ਸੁਝਾਅ ਅਤੇ ਜੇਕਰ ਕੋਈ ਮੁਸ਼ਕਿਲ ਹੋਵੇਗੀ, ਉਹ ਵੀ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਐਸ ਐਸ ਪੀ ਸੰਦੀਪ ਸ਼ਰਮਾ ਨੇ ਇਸ ਮੌਕੇ ਆਖਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਨਾਲ ਜ਼ਿਲ੍ਹੇ ਦਾ ਨਾਮ ਜੁੜਿਆ ਹੋਣ ਕਾਰਨ ਇਸ ਜ਼ਿਲ੍ਹੇ ਨੂੰ ਨਸ਼ਿਆਂ ਤੋਂ ਬਿਲਕੁਲ ਮੁਕਤ ਕਰਨਾ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ, ਇਸੇ ਲਈ ਜ਼ਿਲ੍ਹੇ ਵਿੱਚ ਇਸ ਮੁਹਿੰਮ ਦਾ ਸ਼ੁੱਭ ਆਰੰਭ 25 ਅਪ੍ਰੈਲ ਤੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਇਸ ਮੁਹਿੰਮ ਨੂੰ ਚਲਾਉਣਗੇ ਅਤੇ ਨੌਜੁਆਨਾਂ ਅਤੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ, ਨਸ਼ਿਆਂ ਦੀ ਮਾਰ ਤੋਂ ਬਚਾਉਣਗੇ।