ਜ਼ਿਲ੍ਹੇ ’ਚ ਇਸ ਸਾਲ 150 ਏਕੜ੍ਹ ਰਕਬਾ ਬਾਗ਼ਾਂ ਹੇਠ ਲਿਆਂਦਾ ਜਾਵੇਗਾ: ਡੀ.ਸੀ. ਰੰਧਾਵਾ

ਕਾਠਗੜ੍ਹ/ਬਲਾਚੌਰ, 30 ਅਪ੍ਰੈਲ: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਇਸ ਵਿੱਤੀ ਵਰ੍ਹੇ ਦੌਰਾਨ 150 ਏਕੜ ਰਕਬਾ ਬਾਗ਼ਾਂ ਹੇਠ ਲਿਆਂਦਾ ਜਾਵੇਗਾ। ਇਸ ਮੰਤਵ ਲਈ ਬਾਗ਼ਬਾਨੀ ਵਿਭਾਗ ਵਲੋਂ ਨਵੇਂ ਬਾਗ਼ ਲਗਾਉਣ ਲਈ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।
 ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਅਗਾਂਹਵਧੂ ਬਾਗ਼ਬਾਨ ਭੁਪਿੰਦਰ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ ਵੱਲੋਂ ਪਿੰਡ ਐਮਾ ਚਾਹਲ ਵਿੱਚ ਕੌਮੀ ਬਾਗਬਾਨੀ ਮਿਸ਼ਨ ਅਧੀਨ ਲਗਾਏ ਗਏ ਆੜੂ ਅਤੇ ਅਲੂਚੇ ਦੇ ਬਾਗਾਂ ਦਾ ਦੌਰਾ ਕਰਨ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ ਸਬਜ਼ੀ ਬੀਜ ਦੀਆਂ 4 ਹਜ਼ਾਰ ਮਿੰਨੀ ਕਿੱਟਾਂ ਘਰੇਲੂ ਬਗੀਚੀ ਸਕੀਮ ਅਧੀਨ ਦਿੱਤੀਆਂ ਜਾਣਗੀਆ ਤਾਂ ਜੋ ਕਿਸਾਨ ਘਰ ਦੀ ਲੋੜ ਮੁਤਾਬਿਕ ਜ਼ਹਿਰਾਂ ਰਹਿਤ ਸਬਜ਼ੀਆਂ ਉਗਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ। 
 ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 520 ਟਿਊਬਵੈਲਾਂ 'ਤੇ ਨਿਊਟ੍ਰੀਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਲਦਾਰ ਬੂਟਿਆਂ ਦੀ ਲੁਆਈ ਕਰਵਾਈ ਜਾਵੇਗੀ ਤਾਂ ਜੋ ਕਿਸਾਨ ਆਪਣੇ ਘਰ ਵਿੱਚ ਤਾਜ਼ਾ ਅਤੇ ਸ਼ੁੱਧ ਫੁੱਲ ਪੈਦਾ ਕਰ ਸਕਣ। ਉਨ੍ਹਾਂ ਦੱਸਿਆਂ ਕਿ ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਢੀਂਗਰੀ ਖੁੰਬ ਦੀਆਂ 2 ਹਜ਼ਾਰ ਬੀਜ ਬੋਤਲਾਂ ਜਿਮੀਦਾਰਾਂ ਨੂੰ ਘਰ ਵਿੱਚ ਖੁੰਬ ਪੈਦਾ ਕਰਨ ਲਈ ਸਰਕਾਰੀ ਰੇਟ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। 
 ਡਿਪਟੀ ਕਮਿਸ਼ਨਰ ਨਾਲ ਮੌਜੂਦ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਨੇ ਦੱਸਿਆ ਕਿ ਵਿਭਾਗ ਵਲੋਂ ਨਵੇਂ ਬਾਗ਼ ਲਗਾਉਣ ਉੱਤੇ ਦਿੱਤੀ ਜਾਂਦੀ 50 ਫ਼ੀਸਦੀ ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਲਈ ਜ਼ਿਲ੍ਹਾ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਅਗਸਤ-ਸਤੰਬਰ ਅਤੇ ਪਤਝੜ ਫ਼ਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਦਸੰਬਰ-ਜਨਵਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਜਿਹੜਾ ਵੀ ਕਿਸਾਨ ਬਾਗ਼ ਲਗਾਉਣਾ ਚਾਹੁੰਦਾ ਹੈ, ਉਹ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਾਂ ਬਲਾਕ ਪੱਧਰ ਦੇ ਦਫ਼ਤਰ ਨਾਲ ਸੰਪਰਕ ਕਰਕੇ ਫ਼ਲਦਾਰ ਬੂਟਿਆਂ ਦੀ ਬੁਕਿੰਗ ਕਰਵਾ ਸਕਦਾ ਹੈ। ਇਸ ਸਮੇਂ ਡਾ. ਰਾਜੇਸ਼ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ ਬਲਾਚੌਰ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਪਿੰਡ ਐਮਾ ਚਾਹਲ ਵਿਖੇ ਬਾਗ਼ਾਂ ਦੇ ਦੌਰੇ ਦੌਰਾਨ ਨਜ਼ਰ ਆ ਰਹੇ ਹਨ।