ਸ਼ਾਂਤੀ ਕਮੇਟੀ ਦੀ ਮੀਟਿੰਗ 'ਚ ਆਪਸੀ ਭਾਈਚਾਰਾ ਤੇ ਫ਼ਿਰਕੂ ਇਕਸੁਰਤਾ ਕਾਇਮ ਰੱਖਣ 'ਤੇ ਜ਼ੋਰ

ਕਿਸੇ ਨੂੰ ਵੀ ਅਮਨ-ਸ਼ਾਤੀ ਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ-ਸ਼ਾਂਤੀ ਕਮੇਟੀ
ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜਾਮਾਜਰਾ ਤੇ ਗੁਰਲਾਲ ਘਨੌਰ ਸਮੇਤ ਸਾਰੇ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ
ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡੀ.ਸੀ. ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰਿਕ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਭਰੋਸਾ
ਪਟਿਆਲਾ, 30 ਅਪ੍ਰੈਲ: ਪਟਿਆਲਾ ਵਿਖੇ ਲੰਘੇ ਦਿਨ ਵਾਪਰੀ ਘਟਨਾ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪੱਧਰੀ ਸ਼ਾਂਤੀ ਕਮੇਟੀ ਨੇ ਜ਼ਿਲ੍ਹੇ ਅੰਦਰ ਆਪਸੀ ਭਾਈਚਾਰਾ ਅਤੇ ਫ਼ਿਰਕੂ ਇਕਸੁਰਤਾ ਹਰ ਹਾਲ 'ਚ ਕਾਇਮ ਰੱਖਣ 'ਤੇ ਜ਼ੋਰ ਦਿੰਦਿਆਂ ਆਪਸੀ ਪ੍ਰੇਮ-ਪਿਆਰ, ਇਤਫ਼ਾਕ ਤੇ ਸਦਭਾਵਨਾ ਬਣਾਈ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਤੀ ਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸ਼ਾਂਤੀ ਕਮੇਟੀ ਦੀ ਮੀਟਿੰਗ 'ਚ ਵਿਧਾਇਕ ਡਾ. ਬਲਬੀਰ ਸਿੰਘ, ਅਜੀਤ ਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ ਤੇ ਗੁਰਲਾਲ ਘਨੌਰ, ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰਿਕ ਤੋਂ ਇਲਾਵਾ ਸਾਰੇ ਧਰਮਾਂ ਸਮੇਤ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਮੌਜੂਦ ਸਨ। ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸਜ਼ਾ ਦੇ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ। ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਵਾਕਿਆ ਟਾਲਿਆ ਜਾ ਸਕਦਾ ਸੀ ਪਰੰਤੂ ਜਿਹੜੇ ਲੋਕਾਂ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ 'ਚ ਸ਼ਹਿਰ ਦੇ ਲੋਕ ਸ਼ਾਮਲ ਨਹੀਂ ਸਨ, ਇਸ ਲਈ ਅਜਿਹੇ ਲੋਕਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਸ੍ਰੀ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਾਜਸੀ ਇੱਛਾ ਸ਼ਕਤੀ ਸਦਕਾ ਹਿੰਦੂ-ਸਿੱਖ ਏਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਤੇ ਸਾਡੀ ਆਸਥਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਤੇ ਪੀਰਾਂ-ਫ਼ਕੀਰਾਂ ਨੇ ਏਕੇ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਅਤੇ ਇਹ ਸਾਡੀ ਸਾਂਝੀ ਵਿਰਾਸਤ ਹੈ ਕਿ ਪੰਜਾਬ 'ਚ ਕਦੇ ਵੀ ਫਿਰਕੂ ਘਟਨਾਵਾਂ ਨਹੀਂ ਵਾਪਰੀਆਂ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੇ ਪਿੱਛੇ ਜਿਹੜੀ ਵੀ ਤਾਕਤ ਹੈ, ਪੰਜਾਬ ਸਰਕਾਰ ਉਸ ਨੂੰ ਬੇਨਕਾਬ ਕਰੇਗੀ ਕਿਉਂਕਿ ਜਿਸ ਮੁੱਦੇ 'ਤੇ ਇਹ ਲੋਕ ਆਪਣੀ ਰਾਜਨੀਤੀ ਕਰ ਰਹੇ ਹਨ, ਸੂਬੇ 'ਚ ਅਜਿਹਾ ਕੋਈ ਮੁੱਦਾ ਹੈ ਹੀ ਨਹੀਂ।
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਘਟਨਾ 'ਤੇ ਕਾਬੂ ਪਾਇਆ, ਸਾਨੂੰ ਸਭ ਨੂੰ ਅਮਨ-ਸ਼ਾਤੀ ਦੀ ਬਹਾਲੀ ਲਈ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਐਮ.ਐਲ.ਏ. ਗੁਰਲਾਲ ਘਨੌਰ ਨੇ ਕਿਹਾ ਕਿ ਨਿਜੀ ਹਿੱਤਾਂ ਲਈ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸ਼ਰਾਰਤੀ ਤੱਤਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸਾਨੂੰ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਅਤੇ ਚੌਕਸ ਰਹਿਣਾ ਚਾਹੀਦਾ ਹੈ। ਸ੍ਰੀ ਗੈਂਦ ਨੇ ਕਿਹਾ ਕਿ ਪਟਿਆਲਾ 'ਚ ਆਪਸੀ ਏਕਤਾ ਤੇ ਸਦਭਾਵਨਾ ਦਾ ਇੱਕ ਇਤਿਹਾਸ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਸਦਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਫ਼ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਾਜ਼ਮੀ ਹੋਵੇਗੀ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਤੇ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ 24 ਘੰਟੇ 'ਚ ਸ਼ਾਂਤੀ ਬਹਾਲ ਕੀਤੀ ਹੈ ਤੇ ਪਟਿਆਲਵੀਆਂ ਨੇ ਵੀ ਸੂਝ-ਬੂਝ ਤੇ ਸਿਆਣਪ ਦਾ ਸਬੂਤ ਦੇ ਕੇ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਉਪਰ ਵਿਸ਼ਵਾਸ ਨਹੀਂ ਕੀਤਾ। ਸ. ਛੀਨਾ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਪਹਿਲਾਂ ਵੀ ਸਦਾ ਸ਼ਾਂਤ ਰਿਹਾ ਹੈ ਤੇ ਭਵਿੱਖ 'ਚ ਵੀ ਅਮਨ-ਸ਼ਾਤੀ ਤੇ ਭਾਈਚਾਰਾ ਕਾਇਮ ਰਹੇਗਾ। ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਪਟਿਆਲਾ ਪੁਲਿਸ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਤੇ ਲੋਕਾਂ ਦੀ ਸੇਵਾ 'ਚ ਨਿਰੰਤਰ 24 ਘੰਟੇ ਹਾਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਸਾਡਾ ਸਾਥ ਦੇਣ ਤਾਂ ਕਿ ਅਫ਼ਵਾਹਾਂ ਨਾ ਫੈਲਣ। ਇਸ ਮੌਕੇ ਸੰਬੋਧਨ ਕਰਦਿਆਂ ਹਿੰਦੂ ਤਖ਼ਤ ਦੇ ਮੁਖੀ ਜਗਤ ਗੁਰੂ ਪੰਚਾਨੰਦ ਗਿਰੀ ਨੇ ਬੀਤੇ ਦਿਨ ਵਾਪਰੀ ਘਟਨਾ ਨੂੰ ਮੰਦਭਾਗੀ ਦਸਦਿਆਂ ਕਿਹਾ ਕਿ ਇਹ ਘਟਨਾ ਹਿੰਦੂਆਂ ਤੇ ਸਿੱਖਾਂ ਦਰਮਿਆਨ ਫੁੱਟ ਪਾਉਣ ਦੀ ਨਾਕਾਮ ਕੋਸ਼ਿਸ਼ ਸੀ। ਉਨ੍ਹਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਾਰਿਆਂ ਦੇ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਸਾਰੇ ਧਰਮ ਤੇ ਧਰਮ ਅਸਥਾਨ ਸਤਿਕਾਰਯੋਗ ਹਨ ਤੇ ਕੋਈ ਵੀ ਧਰਮ ਇਨ੍ਹਾਂ ਦੀ ਬੇਅਦਬੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਅਜਿਹਾ ਕਾਰਾ ਕਰਨ ਵਾਲੇ ਧਾਰਮਿਕ ਲੋਕ ਨਹੀਂ ਹੁੰਦੇ। ਉਨ੍ਹਾਂ ਨੇ ਸਾਰਿਆਂ ਨੂੰ ਸੁਚੇਤ ਹੋਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਕਿਸੇ ਨੂੰ ਵੀ ਸੂਬੇ ਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਸਾਈ ਧਰਮ ਦੇ ਪ੍ਰਤੀਨਿਧ ਸਿਸਟਰ ਫ਼ਲੇਵੀ ਨੇ ਕਿਹਾ ਕਿ ਸਾਰੇ ਮਨੁੱਖ ਇਕ ਪ੍ਰਮਾਤਮਾ ਦੇ ਪੁੱਤਰ ਹਨ ਤੇ ਕੋਈ ਵੀ ਧਰਮ ਸਾਨੂੰ ਆਪਸ 'ਚ ਲੜਨ ਦੀ ਸਿੱਖਿਆ ਨਹੀਂ ਦਿੰਦਾ। ਮੁਸਲਿਮ ਧਰਮ ਦੇ ਨੁਮਾਇੰਦੇ ਅਬਦੁਲ ਵਾਹਿਦ ਨੇ ਕਿਹਾ ਕਿ ਹਰੇਕ ਬਾਸ਼ਿੰਦੇ ਨੂੰ ਸ਼ਹਿਰ ਦੀ ਅਮਨ ਸ਼ਾਂਤੀ ਦੀ ਫ਼ਿਕਰ ਹੈ ਅਤੇ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਨਿੰਦਾ ਉਸੇ ਧਰਮ ਦੇ ਲੋਕਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀ ਕਾਂਤ, ਵਿਪਨ ਸ਼ਰਮਾ, ਖ਼ਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਵਿੰਟੀ ਤੇ ਸਿਮਰਨ ਸਿੰਘ ਨੇ ਵੀ ਸੰਬੋਧਨ ਕਰਦਿਆਂ ਜਿੱਥੇ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਉਥੇ ਹੀ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਅਤੇ ਗ਼ਲਤ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਆਪਸੀ ਰਿਸ਼ਤਾ ਨਹੁੰ-ਮਾਸ ਦਾ ਹੈ, ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ 'ਚ ਕੇਸ ਚੱਲਣੇ ਚਾਹੀਦੇ ਹਨ।

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਨੇ ਰਮਜ਼ਾਨ ਦੇ ਮੌਕੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਇਤਫਾਰੀ ਪਾਰਟੀ

ਨਵਾਂਸ਼ਹਿਰ, 30 ਅਪ੍ਰੈਲ: ਰਮਜ਼ਾਨ ਦਾ ਮੁਸਲਮਾਨ ਧਰਮ ਵਿੱਚ ਵਿਸ਼ੇਸ਼ ਸਥਾਨ ਹੈ ਇਸ ਸਮੇ ਮੁਸਲਮਾਨ ਰੋਜੇ ਰੱਖਦੇ ਹਨ ਅੱਜ ਰੋਜ਼ਾ ਖੋਲਣ ਸਮੇ ਜਾਮਾ ਮਸਜਿਦ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਇਤਫਾਰੀ ਪਾਰਟੀ ਦੇ ਕੇ ਸਿੱਖ ਮੁਸਲਮਾਨ ਭਾਈਚਾਰਕ ਦਾ ਸੰਦੇਸ਼ ਦਿੱਤਾ ਮੌਲਵੀ ਸਾਹਿਬ ਦੀ ਅਗਵਾਈ ਚ ਮੁਸਲਮਾਨ ਭਾਈਆ ਵੱਲੋਂ ਜਿੱਥੇ ਸਿੱਖ ਭਾਈਚਾਰੇ ਦਾ ਧੰਨਵਾਦ ਕਰ ਰਮਜ਼ਾਨ ਦੇ ਇਤਿਹਾਸ ਵਾਰੇ ਚਰਚਾ ਕੀਤੀ । ਮੁਸਲਿਮ ਭਾਈਚਾਰੇ ਨੇ ਖੁੱਲੇ ਦਿਲ ਨਾਲ ਸਿੱਖ ਭਾਈਚਾਰੇ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਭਾਈਚਾਰਕ ਸਾਂਝ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕੇ ਅਸੀਂ ਸਾਰੇ ਉਸ ਅਕਾਲ ਪੁਰਖ ਦੇ ਬੰਦੇ ਹਾਂ । ਉਨ੍ਹਾਂ ਕਿਹਾ ਕੋਈ ਵੀ ਧਰਮ ਇਨਸਾਨ ਤੋਂ ਇਨਸਾਨ ਲਈ ਨਫਰਤ ਕਰਨਾ ਨਹੀਂ ਸਿਖਾਉਂਦਾ ਸਗੋਂ ਆਪਸੀ ਮੇਲ-ਜੋਲ ਅਤੇ ਪਿਆਰ ਦਾ ਹੀ ਸੰਦੇਸ਼ ਦਿੰਦਾ ਹੈ । ਸਾਡੇ ਗੁਰੂ ਸਾਹਿਬਾਨ ਨੇ ਵੀ ਇਨਸਾਨੀਅਤ ਦੀ ਰੱਖਿਆ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਸਾਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਮਿਲਜੁਲ ਕੇ ਰਹਿਣਾ ਚਾਹੀਦਾ ਹੈ । ਕੁਝ ਫਿਰਕਾਪ੍ਰਸਤ ਲੋਕ ਆਪਣੇ ਨਿਜੀ ਸਵਾਰਥ ਲਈ ਭਾਈਚਾਰਕ ਸਾਂਝ ਨੂੰ ਤੋੜਨ ਲਈ ਗਲਤ ਨੀਤੀਆਂ ਅਪਣਾਉਂਦੇ ਹਨ ਸਾਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਦੇ ਕਥਾਵਾਚਕ ਭਾਈ ਜੋਬਨਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਸੀ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕਥਾਵਾਚਕ ਜੋਬਨਪ੍ਰੀਤ ਸਿੰਘ, ਰਾਹੁਲ ਸਿੰਘ, ਇਕਰਾਰ ਜੀ, ਸ਼ਾਹਿਦ ਮੁਹੰਮਦ, ਰਾਸ਼ਿਦ ਖਾਨ, ਇਫਤਿਖਾਰ, ਰਣਜੀਤ ਸਿੰਘ, ਜਤਿੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਮੰਗਲ ਸਿੰਘ ਬੈਂਸ, ਚਰਨਜੋਤ ਸਿੰਘ, ਦਿਆਲ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ ।

ਕਾਲੀ ਦੇਵੀ ਮੰਦਿਰ ਨੇੜੇ ਦੋ ਧਿਰਾਂ ਦੇ ਆਪਸੀ ਤਕਰਾਰ ਸਬੰਧੀ 6 ਮੁਕੱਦਮੇ ਦਰਜ, 3 ਗ੍ਰਿਫ਼ਤਾਰ

ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡੀ.ਸੀ. ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰਿਕ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ
ਮਾਹੌਲ ਵਿਗਾੜਨ ਵਾਲਿਆਂ ਨੂੰ ਸਖ਼ਤੀ ਨਾਲ ਸਿੱਝਿਆ ਜਾਵੇਗਾ-ਚੰਦਰ ਗੈਂਦ
ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਆਈ.ਜੀ. ਛੀਨਾ
ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਵੀ ਹੋਵੇਗੀ ਸਖ਼ਤ ਕਾਰਵਾਈ

ਪਟਿਆਲਾ, 30 ਅਪ੍ਰੈਲ: ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਹੈ ਕਿ ਬੀਤੇ ਦਿਨ ਮਾਤਾ ਕਾਲੀ ਦੇਵੀ ਮੰਦਿਰ ਨੇੜੇ ਹਿੰਦੂ ਤੇ ਸਿੱਖ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਦੇ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਅਤੇ ਖਾਸ ਕਰਕੇ ਸ਼ਹਿਰ 'ਚ ਮਾਹੌਲ ਪੂਰਾ ਸ਼ਾਂਤ ਹੈ ਤੇ ਜ਼ਿਲ੍ਹਾ ਪੁਲਿਸ ਸਮੇਤ ਵਿਸ਼ੇਸ਼ ਪੁਲਿਸ ਬਲਾਂ ਦੀਆਂ ਵਾਧੂ ਟੁਕੜੀਆਂ ਵੱਲੋਂ 24 ਘੰਟੇ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਕਿ ਆਮ ਨਾਗਰਿਕਾਂ ਦਾ ਕਾਨੂੰਨ ਵਿਵਸਥਾ 'ਚ ਵਿਸ਼ਵਾਸ ਬਹਾਲ ਰਹੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਅਮਨ-ਸ਼ਾਂਤੀ ਤੇ ਫ਼ਿਰਕੂ ਇਕਸੁਰਤਾ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
          ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਦੇਰ ਸ਼ਾਮ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੰਦਰ ਗੈਂਦ ਨੇ ਕਿਹਾ ਕਿ ਪਟਿਆਲਾ ਅਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੀ ਘਟਨਾ ਨੂੰ ਪੁਲਿਸ ਨੇ ਪੂਰੀ ਪੇਸ਼ੇਵਰਾਨਾ ਸੂਝ-ਬੂਝ ਨਾਲ ਸੁਲਝਾਇਆ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ।
         ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਆਪਸੀ ਤਕਰਾਰ 'ਚ ਜਿੱਥੇ ਸ਼ਿਵ ਸੈਨਾ ਦੇ ਆਗੂ ਹਰੀਸ਼ ਸਿੰਗਲਾ ਸਮੇਤ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਥੇ ਹੀ ਸਮੁੱਚੇ ਮਾਮਲੇ 'ਚ ਮੁੱਖ ਦੋਸ਼ੀ ਵਜੋਂ ਬਰਜਿੰਦਰ ਸਿੰਘ ਪਰਵਾਨਾ ਉਰਫ਼ ਸਨੀ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਰਾਜਪੁਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਉਹ ਗਰਮ ਸੁਭਾਅ ਤੇ ਕੱਟੜ ਖਿਆਲਾਂ ਦਾ ਸ਼ਖ਼ਸ ਹੈ, ਜਿਸ ਬਾਬਤ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਜਦੋਂਕਿ ਹਰੀਸ਼ ਸਿੰਗਲਾ ਦਾ ਦੋ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
        ਆਈ.ਜੀ. ਛੀਨਾ ਨੇ ਦੱਸਿਆ ਕਿ ਪੂਰੇ ਮਾਮਲੇ ਸਬੰਧੀਂ 6 ਵੱਖ-ਵੱਖ ਪੁਲਿਸ ਕੇਸ ਦਰਜ ਕੀਤੇ ਹਨ, ਜਿਨ੍ਹਾਂ 'ਚੋਂ 5 ਥਾਣਾ ਕੋਤਵਾਲੀ ਅਤੇ 1 ਮੁਕੱਦਮਾ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ ਫੁਟੇਜ਼ ਸਮੇਤ ਸੋਸ਼ਲ ਮੀਡੀਆ ਨੂੰ ਵੀ ਵਾਚਿਆ ਜਾ ਰਿਹਾ ਹੈ।
          ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਪਿੰਡ ਅਜਨਾਲੀ ਦੇ ਵਸਨੀਕ ਬਲਵਿੰਦਰ ਸਿੰਘ, ਜਿਸ ਦੇ ਗੋਲੀ ਲੱਗੀ ਹੈ, ਦਾ ਡਾਕਟਰਾਂ ਦੀ ਟੀਮ, ਜਿਸ 'ਚ ਪੀ.ਜੀ.ਆਈ. ਦੇ ਮਾਹਰ ਵੀ ਸ਼ਾਮਲ ਹਨ, ਵੱਲੋਂ ਪੂਰਾ ਮੁਆਇਨਾ ਕੀਤਾ ਜਾ ਰਿਹਾ ਹੈ, ਦੇ ਇਲਾਜ 'ਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਹਰ ਮੁਕੱਦਮੇ ਦੀ ਪੂਰੀ ਪੜਤਾਲ ਬਿਨਾਂ ਕਿਸੇ ਦਬਾਅ ਤੋਂ ਸੁਤੰਤਰ ਢੰਗ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
          ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਆਸ਼ੂਤੋਸ਼ ਗੌਤਮ ਪੁੱਤਰ ਪਿਤਾਂਬਰ ਦੱਤ ਦੇ ਬਿਆਨਾਂ 'ਤੇ ਦਰਜ ਮੁਕੱਦਮਾ ਨੰਬਰ 73/22 ਥਾਣਾ ਕੋਤਵਾਲੀ, ਦੀ ਛਾਣਬੀਣ ਕਰਦਿਆਂ 24 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ 'ਚ ਮੁੱਖ ਦੋਸ਼ੀ ਕੁਲਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬਿਜਲਪੁਰ ਅੱਡਾ ਢੈਂਠਲ ਤੇ ਬਰਜਿੰਦਰ ਸਿੰਘ ਪਰਵਾਨਾ ਸ਼ਾਮਲ ਹਨ ਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲੁਕ ਆਊਟ ਕਾਰਨਰ ਜਾਰੀ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਆਈ.ਜੀ. ਸ. ਛੀਨਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਐਸ.ਆਈ. ਮੇਵਾ ਸਿੰਘ ਥਾਣਾ ਕੋਤਵਾਲੀ ਦੇ ਰੁੱਕੇ 'ਤੇ ਦਰਜ ਮੁਕਦਮਾ ਨੰਬਰ 74/22 'ਚ ਹਰੀਸ਼ ਸਿੰਗਲਾ ਪੁੱਤਰ ਰਾਜ ਕੁਮਾਰ ਸਿੰਗਲਾ ਅਤੇ 40/50 ਹੋਰ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।
          ਐਸ.ਐਸ.ਪੀ. ਦੀਪਕ ਪਾਰਿਕ  ਨੇ ਦਰਜ ਹੋਏ ਮੁਕਦਮਿਆਂ ਬਾਰੇ ਦੱਸਿਆ ਕਿ ਮੁਕੱਦਮਾ ਨੰਬਰ 72 ਮਿਤੀ 29 ਅਪ੍ਰੈਲ 2022 ਅ/ਧ 307/323/506/148/149/ ਆਈ.ਪੀ.ਸੀ. 25, 27/54/59 ਏ ਏ.ਸੀ.ਟੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 73 ਮਿਤੀ 29 ਅਪ੍ਰੈਲ 2022 ਅ/ਧ 323, 324,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ ਵਾਧਾ ਜੁਰਮ 307 ਆਈ.ਪੀ.ਸੀ., ਮੁਕੱਦਮਾ ਨੰਬਰ 74 ਮਿਤੀ 29 ਅਪ੍ਰੈਲ 2022 ਅ/ਧ 353,186,188,153-ਏ,506,148,149,120-ਬੀ ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 75 ਮਿਤੀ 29 ਅਪ੍ਰੈਲ 2022 ਅ/ਧ 324,323,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 76 ਮਿਤੀ 30 ਅਪ੍ਰੈਲ 2022 ਅ/ਧ 153-ਏ, 380,427,147,148,149-ਆਈ.ਪੀ.ਸੀ. ਪ੍ਰੀਵੇਨਸ਼ਨ ਆਫ਼ ਡੇਮੇਜ਼ ਟੂ ਪਬਲਿਕ ਪ੍ਰਾਪਰਟੀ ਐਕਟ 1984 ਥਾਣਾ ਕੋਤਵਾਲੀ ਪਟਿਆਲਾ ਤੋਂ ਇਲਾਵਾ ਮੁਕੱਦਮਾ ਨੰਬਰ 71 ਮਿਤੀ 30 ਅਪ੍ਰੈਲ 2022 ਅ/ਧ 29/04/2022, ਅ/ਧ 323,324,341,353,186,148,149 ਆਈ.ਪੀ.ਸੀ. ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਤਫ਼ਤੀਸ਼ ਡਾ. ਮਹਿਤਾਬ ਸਿੰਘ, ਐਸ.ਪੀ. ਹਰਪਾਲ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਮੋਹਿਤ ਅਗਰਵਾਲ ਵੀ ਮੌਜੂਦ ਸਨ।
 ਫੋਟੋ ਕੈਪਸ਼ਨ- ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਜ਼ਿਲ੍ਹੇ ’ਚ ਇਸ ਸਾਲ 150 ਏਕੜ੍ਹ ਰਕਬਾ ਬਾਗ਼ਾਂ ਹੇਠ ਲਿਆਂਦਾ ਜਾਵੇਗਾ: ਡੀ.ਸੀ. ਰੰਧਾਵਾ

ਕਾਠਗੜ੍ਹ/ਬਲਾਚੌਰ, 30 ਅਪ੍ਰੈਲ: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਇਸ ਵਿੱਤੀ ਵਰ੍ਹੇ ਦੌਰਾਨ 150 ਏਕੜ ਰਕਬਾ ਬਾਗ਼ਾਂ ਹੇਠ ਲਿਆਂਦਾ ਜਾਵੇਗਾ। ਇਸ ਮੰਤਵ ਲਈ ਬਾਗ਼ਬਾਨੀ ਵਿਭਾਗ ਵਲੋਂ ਨਵੇਂ ਬਾਗ਼ ਲਗਾਉਣ ਲਈ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।
 ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਅਗਾਂਹਵਧੂ ਬਾਗ਼ਬਾਨ ਭੁਪਿੰਦਰ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ ਵੱਲੋਂ ਪਿੰਡ ਐਮਾ ਚਾਹਲ ਵਿੱਚ ਕੌਮੀ ਬਾਗਬਾਨੀ ਮਿਸ਼ਨ ਅਧੀਨ ਲਗਾਏ ਗਏ ਆੜੂ ਅਤੇ ਅਲੂਚੇ ਦੇ ਬਾਗਾਂ ਦਾ ਦੌਰਾ ਕਰਨ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ ਸਬਜ਼ੀ ਬੀਜ ਦੀਆਂ 4 ਹਜ਼ਾਰ ਮਿੰਨੀ ਕਿੱਟਾਂ ਘਰੇਲੂ ਬਗੀਚੀ ਸਕੀਮ ਅਧੀਨ ਦਿੱਤੀਆਂ ਜਾਣਗੀਆ ਤਾਂ ਜੋ ਕਿਸਾਨ ਘਰ ਦੀ ਲੋੜ ਮੁਤਾਬਿਕ ਜ਼ਹਿਰਾਂ ਰਹਿਤ ਸਬਜ਼ੀਆਂ ਉਗਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ। 
 ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 520 ਟਿਊਬਵੈਲਾਂ 'ਤੇ ਨਿਊਟ੍ਰੀਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਲਦਾਰ ਬੂਟਿਆਂ ਦੀ ਲੁਆਈ ਕਰਵਾਈ ਜਾਵੇਗੀ ਤਾਂ ਜੋ ਕਿਸਾਨ ਆਪਣੇ ਘਰ ਵਿੱਚ ਤਾਜ਼ਾ ਅਤੇ ਸ਼ੁੱਧ ਫੁੱਲ ਪੈਦਾ ਕਰ ਸਕਣ। ਉਨ੍ਹਾਂ ਦੱਸਿਆਂ ਕਿ ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਢੀਂਗਰੀ ਖੁੰਬ ਦੀਆਂ 2 ਹਜ਼ਾਰ ਬੀਜ ਬੋਤਲਾਂ ਜਿਮੀਦਾਰਾਂ ਨੂੰ ਘਰ ਵਿੱਚ ਖੁੰਬ ਪੈਦਾ ਕਰਨ ਲਈ ਸਰਕਾਰੀ ਰੇਟ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। 
 ਡਿਪਟੀ ਕਮਿਸ਼ਨਰ ਨਾਲ ਮੌਜੂਦ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਨੇ ਦੱਸਿਆ ਕਿ ਵਿਭਾਗ ਵਲੋਂ ਨਵੇਂ ਬਾਗ਼ ਲਗਾਉਣ ਉੱਤੇ ਦਿੱਤੀ ਜਾਂਦੀ 50 ਫ਼ੀਸਦੀ ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਲਈ ਜ਼ਿਲ੍ਹਾ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਅਗਸਤ-ਸਤੰਬਰ ਅਤੇ ਪਤਝੜ ਫ਼ਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਦਸੰਬਰ-ਜਨਵਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਜਿਹੜਾ ਵੀ ਕਿਸਾਨ ਬਾਗ਼ ਲਗਾਉਣਾ ਚਾਹੁੰਦਾ ਹੈ, ਉਹ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਾਂ ਬਲਾਕ ਪੱਧਰ ਦੇ ਦਫ਼ਤਰ ਨਾਲ ਸੰਪਰਕ ਕਰਕੇ ਫ਼ਲਦਾਰ ਬੂਟਿਆਂ ਦੀ ਬੁਕਿੰਗ ਕਰਵਾ ਸਕਦਾ ਹੈ। ਇਸ ਸਮੇਂ ਡਾ. ਰਾਜੇਸ਼ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ ਬਲਾਚੌਰ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਪਿੰਡ ਐਮਾ ਚਾਹਲ ਵਿਖੇ ਬਾਗ਼ਾਂ ਦੇ ਦੌਰੇ ਦੌਰਾਨ ਨਜ਼ਰ ਆ ਰਹੇ ਹਨ।

C

B

A

ਗੁਣਵੱਤਾ ਜਾਂਚ ਲਈ ਭਾਰਤੀ ਮਾਣਕ ਬਿਊਰੋ ਦੀ ਮੋਬਾਇਲ ਐਪ ਦੀ ਵਰਤੋਂ ਕਰਨ ਦੀ ਅਪੀਲ

ਨਵਾਂਸ਼ਹਿਰ, 28 ਅਪ੍ਰੈਲ: ਡਿਪਟੀ ਕਮਿਸ਼ਨਰ (ਜ) ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਤਪਾਦਾਂ, ਹਾਲਮਾਰਕ ਵਾਲੇ ਗਹਿਣਿਆਂ, ਇਲੈਕਟ੍ਰਾਨਿਕ ਤੇ ਇਲੈਕਟਰੀਕਲ, ਮੈਡੀਕਲ, ਸਿੰਚਾਈ ਉਪਕਰਣ, ਦੁੱਧ ਪਾਊਡਰ,ਪੈਕ ਕੀਤਾ ਪਾਣੀ, ਖੇਡਾਂ ਦੀਆਂ ਵਸਤੂਆਂ ਅਤੇ ਹੋਰ ਵਸਤਾਂ ਭਾਰਤੀ ਮਾਣਕ ਬਿਊਰੋ (ਬਿਊਰੋ ਆਫ਼ ਇੰਡੀਅਨ) ਦੀ ਪ੍ਰਮਾਣਿਕਤਾ ਅਨੁਸਾਰ ਹੀ ਖਰੀਦਣ। ਉਨ੍ਹਾਂ ਕਿਹਾ ਕਿ ਉਹ ਬਜ਼ਾਰ ਵਿੱਚੋਂ ਕੋਈ ਵੀ ਸਮਾਨ ਖਰੀਦਣ ਮੌਕੇ ਬੀ ਆਈ ਐਸ ਮਾਣਕਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ ਆਈ ਐਸ) ਦੀ ਮੋਬਾਈਲ ਐਪ ਦੀ ਵਰਤੋਂ ਕਰਨ।
     ਅੱਜ ਇੱਥੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਅਧੀਨ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਰੋਜ਼ਾਨਾ ਘਰੇਲੂ ਅਤੇ ਸਰਕਾਰੀ ਪੱਧਰ ਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਮਿਆਰਾਂ ਸਬੰਧੀ ਦਿੱਤੀ ਗਈ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਐਪ ਨੂੰ ਗੂਗਲ ਐਪ ਸਟੋਰ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਲੋਕ ਪ੍ਰਮਾਣਿਕ ਉਤਪਾਦ ਦੇ ਵੇਰਵੇ ਪ੍ਰਾਪਤ ਕਰਨ ਲਈ ਲਾਇਸੈਂਸ ਨੰਬਰ ਵੀ ਚੈੱਕ ਕਰ ਸਕਦੇ ਹਨ।
  ਐਨ ਪੀ ਐਸ ਰੰਧਾਵਾ ਨੇ ਦੱਸਿਆ ਕਿ ਹਰ ਆਈ ਐਸ ਆਈ ਮਾਰਕ ਕੀਤੀ ਵਸਤੂ ਦਾ ਇੱਕ ਸੀਐਮਐਲ ਨੰਬਰ ਹੁੰਦਾ ਹੈ ਅਤੇ ਜੇਕਰ ਉਤਪਾਦ ਸ਼ੁੱਧ ਜਾਂ ਅਸਲੀ ਹੈ, ਤਾਂ ਐਪ ਲਾਇਸੈਂਸ ਦੇ ਪੂਰੇ ਵੇਰਵੇ ਦਿਖਾਏਗਾ।
     ਉਨ੍ਹਾਂ ਕਿਹਾ ਕਿ ਕਿਸੇ ਵੀ ਉਤਪਾਦ ਬਾਰੇ ਐਪ ਰਾਹੀਂ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
      ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਵੀ ਉਹ ਕਿਸੇ ਵੀ ਕਿਸਮ ਦੀ ਖਰੀਦ ਦੌਰਾਨ ਟੈਂਡਰ ਮੰਗਦੇ ਹਨ, ਤਾਂ ਉਹ ਭਾਰਤੀ ਮਿਆਰਾਂ ਦੇ ਮਾਪਦੰਡਾਂ ਅਨੁਸਾਰ ਉਤਪਾਦਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਆਈ.ਐੱਸ.ਆਈ. ਮਾਰਕ ਵਾਲੀ ਸਮੱਗਰੀ ਜਾਂ ਸਮਾਨ ਹੀ ਮੰਗਣ।
    ਉਨ੍ਹਾਂ ਕਿਹਾ ਕਿ ਇਹ ਸਬ-ਸਟੈਂਡਰਡ ਉਤਪਾਦਾਂ ਦੀ ਸਪਲਾਈ ਨੂੰ ਖ਼ਤਮ ਕਰਨ ਲਈ ਬੀ ਆਈ ਐਸ ਦੀ ਇਹ ਜਾਣਕਾਰੀ ਅਹਿਮ ਸਾਧਨ ਸਾਬਤ ਹੋਵੇਗੀ।
   ਇਸ ਤੋਂ ਪਹਿਲਾਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼, ਚੰਡੀਗੜ੍ਹ ਤੋਂ ਵਿਗਿਆਨੀ-ਐਫ ਅਤੇ ਮੁਖੀ ਸਮੀਰ ਕੁਮਾਰ ਸਹਾਣਾ ਅਤੇ ਉਨ੍ਹਾਂ ਦੀ ਟੀਮ ਨੇ ਬੀ ਆਈ ਐਸ ਐਕਟ, 2016 ਦੇ ਤਹਿਤ ਸਥਾਪਿਤ, ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਵੱਲੋਂ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਭਾਰਤੀ ਮਿਆਰਾਂ ਮੁਤਾਬਕ ਤਿਆਰ ਕਰਨ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਦੱਸਿਆ।
     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ ਆਦਿ ਹਾਜ਼ਰ ਸਨ।


ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ - ਡੀ ਸੀ ਰੰਧਾਵਾ

ਡੀ ਸੀ ਨੇ ਅਧਿਕਾਰੀਆਂ ਨੂੰ ਖਟਕੜ ਕਲਾਂ ਵਿੱਚ ਘੱਟੋ ਘੱਟ 10 ਫਾਰਮ ਹਾਊਸਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ

ਨਵਾਂਸ਼ਹਿਰ, 28 ਅਪਰੈਲ : ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਵਿਸ਼ਵ ਪੱਧਰ 'ਤੇ ਸੈਲਾਨੀ ਕੇਂਦਰ ਵਜੋਂ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀ ਸੈਰ ਸਪਾਟਾ ਸਕੀਮ (ਫਾਰਮ ਟੁਰਿਜ਼ਮ) ਤਹਿਤ 10 ਫਾਰਮ ਹਾਊਸਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਲੋਕ ਰਹਿ ਸਕਣਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਪੇਂਡੂ ਪੰਜਾਬ ਦੀ ਝਲਕ ਪਾ ਸਕਣਗੇ।
    ਡਿਪਟੀ ਕਮਿਸ਼ਨਰ ਨੇ ਅੱਜ ਇਸ ਸਬੰਧੀ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ.ਐਨ.ਡਬਲਿਊ.ਟੀ.ਓ.) ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦਾ ਹਿੱਸਾ ਬਣਾ ਕੇ ਪਿੰਡ ਖਟਕੜ ਕਲਾਂ ਨੂੰ ਸਰਵੋਤਮ ਪਿੰਡ ਪੁਰਸਕਾਰ ਸ਼੍ਰੇਣੀ ਲਈ ਨਾਮਜ਼ਦ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 'ਫਾਰਮ ਟੂਰਿਜ਼ਮ ਵਿਲੇਜ' ਤਹਿਤ ਅਗਲੇ ਹਫ਼ਤੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦੇ ਨਾਲ ਲੱਗਦੇ 10 ਫਾਰਮ ਹਾਊਸਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਸੈਲਾਨੀਆਂ ਨੂੰ ਘਰ ਦਾ ਖਾਣਾ, ਆਰਾਮਦਾਇਕ ਰਿਹਾਇਸ਼, ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਘੱਟ ਤੋਂ ਘੱਟ ਲਾਗਤ ਵਿੱਚ ਪੇਂਡੂ ਪੰਜਾਬ ਦੀ ਝਲਕ ਦੇਖਣ ਨੂੰ ਮਿਲੇਗੀ।  
    ਉਨ੍ਹਾਂ ਦੱਸਿਆ ਕਿ ਸੈਲਾਨੀਆਂ ਨੂੰ ਪਿੰਡ ਦੇ ਖੇਤਾਂ, ਟਿਊਬਵੈੱਲਾਂ 'ਤੇ ਲਿਜਾਣ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ, ਅਜਾਇਬ ਘਰ ਅਤੇ ਯਾਦਗਾਰੀ ਕੰਪਲੈਕਸ ਵਿਖੇ ਲਿਜਾ ਕੇ ਪਿੰਡ ਦੀ ਇਤਿਹਾਸਕ ਮਹੱਤਤਾ ਅਤੇ ਆਜ਼ਾਦੀ ਸੰਘਰਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
     ਐਨ.ਪੀ.ਐਸ.ਰੰਧਾਵਾ ਨੇ ਅਧਿਕਾਰੀਆਂ ਨੂੰ ਫਾਰਮ ਹਾਊਸਾਂ ਦੀ ਸ਼ਨਾਖਤ ਕਰਕੇ ਇਸ ਸਕੀਮ ਤਹਿਤ ਨਾਮ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਫਾਰਮ ਹਾਊਸਾਂ ਦਾ ਲੋਕਾਂ ਵਿੱਚ ਪੁਖਤਾ ਪ੍ਰਚਾਰ ਕੀਤਾ ਜਾਵੇਗਾ।
    ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਖਟਕੜ ਕਲਾਂ ਦੇ ਛੱਪੜ, ਪਾਰਕਾਂ ਅਤੇ ਹੋਰ ਹਿੱਸਿਆਂ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕਰਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ ਲਈ ਵੀ ਕਿਹਾ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਮੁਕਤ ਪਿੰਡ ਬਣਾਉਣ ਲਈ ਪਲਾਸਟਿਕ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਬੰਗਾ ਦੇ ਤਹਿਸੀਲਦਾਰ ਲਕਸ਼ੈ ਗੁਪਤਾ, ਬੀ ਡੀ ਪੀ ਓ ਹਰਬਿਲਾਸ ਹਾਜ਼ਰ ਸਨ। 
(ਸਮੇਤ ਤਸਵੀਰਾਂ)

ਨਸ਼ਾ ਤਸਕਰਾਂ ਬਾਰੇ ਸੂਚਨਾ ਦਿਓ, ਬਰਾਮਦਗੀ ’ਤੇ 51000 ਰੁਪਏ ਦਾ ਨਕਦ ਇਨਾਮ ਪਾਓ- ਡੀ ਸੀ ਰੰਧਾਵਾ

ਫੜੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਦੇ ਆਧਾਰ 'ਤੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ-ਐਨ.ਪੀ.ਐੱਸ. ਰੰਧਾਵਾ

ਨਵਾਂਸ਼ਹਿਰ, 27 ਅਪ੍ਰੈਲ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਨਾਲ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਨਸ਼ਿਆਂ ਦੀ ਵੱਡੀ ਖ਼ੇਪ ਬਾਰੇ ਸੂਚਨਾ ਦੇਣ ਵਾਲੇ ਨੂੰ 51000 ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ, ਇਹ ਇਨਾਮ ਨਸ਼ਿਆਂ ਦੀ ਦੱਸੀ ਗਈ ਖ਼ੇਪ ਦੀ ਬਰਾਮਦਗੀ ਉਪਰੰਤ ਹੀ ਮਿਲੇਗਾ।    ਅੱਜ ਆਪਣੇ ਦਫ਼ਤਰ ਵਿਖੇ ਨਸ਼ਾ ਮੁਕਤ  ਭਾਰਤ ਅਭਿਆਨ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਪੁਲਿਸ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਪੁਲਿਸ ਹਰੇਕ ਸੂਚਨਾ 'ਤੇ ਕਾਰਵਾਈ ਕਰੇਗੀ।ਉਨ੍ਹਾਂ ਅੱਗੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਦਫ਼ਤਰ ਵੱਲੋਂ ਇੱਕ ਹੈਲਪਲਾਈਨ ਨੰਬਰ ਆਮ ਲੋਕਾਂ ਲਈ ਨਸ਼ਰ ਕੀਤਾ ਜਾਵੇਗਾ ਤਾਂ ਜੋ ਉਹ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਜਾਂ ਸਬੰਧਤ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਣ ਅਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਸਕਣ।ਉਨ੍ਹਾਂ ਨੇ ਸਿਹਤ ਅਧਿਕਾਰੀਆਂ ਤੋਂ ਤੰਬਾਕੂ ਉਤਪਾਦ 'ਕੂਲ-ਲਿਪ' ਬਾਰੇ ਵੀ ਰਿਪੋਰਟ ਮੰਗੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਿਪੋਰਟ ਭੇਜਣ ਲਈ ਕਿਹਾ।     ਐਨ.ਪੀ.ਐਸ.ਰੰਧਾਵਾ ਨੇ ਕਿਹਾ ਕਿ ਇਨਾਮ ਦੇ ਇਸ ਨਿਰਣੇ ਦਾ ਮੁੱਖ ਉਦੇਸ਼ ਨਸ਼ਿਆਂ ਦੀ ਅਲਾਮਤ ਦਾ ਮੁਕੰਮਲ ਸਫ਼ਾਇਆ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ।
     ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੂੰ ਇਸ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।ਉਨ੍ਹਾਂ ਕਿਹਾ ਕਿ ਐੱਸ.ਬੀ.ਐੱਸ.ਨਗਰ ਪੁਲਿਸ ਪਹਿਲਾਂ ਹੀ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਕੇ ਸਲਾਖਾਂ ਪਿੱਛੇ ਡੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸੋਮਵਾਰ ਤੋਂ ਖਟਕੜ ਕਲਾਂ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਸਰਗਰਮ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੇ ਅਤੇ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਮਾਜ ਦੇ ਹਰ ਵਰਗ ਨੂੰ ਇਸ ਨੇਕ ਕਾਰਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦਾ ਹਿੱਸਾ ਬਣਨਾ ਚਾਹੀਦਾ ਹੈ।
   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਇਹ ਮੁਹਿੰਮ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਇੱਕ ਲੋਕ ਲਹਿਰ ਬਣ ਜਾਵੇਗੀ।ਉਨ੍ਹਾਂ ਇਸ ਮੌਕੇ ਮੀਟਿੰਗ ਵਿਚ ਇੰਸਪੈਕਟਰ ਨਰੇਸ਼ ਕੁਮਾਰੀ ਨੂੰ ਵਿਸ਼ੇਸ਼ ਤੌਰ 'ਤੇ ਬੁਲਾ ਕੇ ਉਸ ਵੱਲੋਂ ਨਸ਼ਿਆਂ ਦੀ ਰੋਕਥਾਮ ਬਾਰੇ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ, ਪ੍ਰਸ਼ਾਸਨ ਦੀ ਮੌਜੂਦਾ ਮੁਹਿੰਮ ਬਾਬਤ ਸੁਝਾਅ ਵੀ ਲਏ।
    ਇਸ ਮੌਕੇ ਡੀ ਐਸ ਪੀ ਅਮਰਨਾਥ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਗੌਤਮ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ, ਖੇਡ ਵਿਭਾਗ ਤੋਂ ਕੋਚ ਮਲਕੀਅਤ ਸਿੰਘ, ਸਿਹਤ ਵਿਭਾਗ ਦੇ ਜ਼ਿਲ੍ਹਾ ਵਿਹਾਰ ਪਰਿਵਰਤਨ ਫੇਸਿਲਿਟੇਟਰ ਮੰਗ ਗੁਰਪ੍ਰਸਾਦ ਸਿੰਘ, ਡੀ ਪੀ ਓ ਦਫ਼ਤਰ ਤੋਂ ਸਮਾਇਲੀ ਥਿੰਦ ਤੇ ਲੈਕਚਰਾਰ ਬਲਦੀਸ਼ ਸਿੰਘ ਹਾਜ਼ਰ ਸਨ।

ਬੰਗਾ ਨੂੰ ਪੰਜਾਬ ਦੇ ਪਹਿਲੇ ਸੋਲਰ ਬਲਾਕ ਵਜੋਂ ਵਿਕਸਤ ਕੀਤਾ ਜਾਵੇਗਾ-ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ

ਡੀ ਸੀ ਨੇ ਬੰਗਾ ਵਿੱਚ ਪੈਂਦੇ 60 ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ, ਸੋਲਰ ਸਟਰੀਟ ਲਾਈਟਾਂ, ਸੋਲਰ ਪੰਪਾਂ ਦੀ ਵਰਤੋਂ ਕਰਨ ਲਈ ਕਿਹਾ

 ਨਵਾਂਸ਼ਹਿਰ, 27 ਅਪ੍ਰੈਲ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਬਲਾਕ ਨੂੰ ਪੰਜਾਬ ਦੇ ਪਹਿਲੇ ਸੋਲਰ ਬਲਾਕ ਵਜੋਂ ਵਿਕਸਤ ਕੀਤਾ ਜਾਵੇਗਾ।  ਅੱਜ ਨਵਾਂਸ਼ਹਿਰ ਵਿਖੇ ਬੰਗਾ ਬਲਾਕ ਵਿੱਚ ਪੈਂਦੇ 60 ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਤਹਿਤ ਸੋਲਰ ਸਟਰੀਟ ਲਾਈਟਾਂ,  ਸੋਲਰ ਪੰਪ ਅਤੇ ਛੱਤਾਂ 'ਤੇ ਸੋਲਰ ਪਲਾਂਟ, ਪੰਚਾਇਤਾਂ ਨੂੰ ਮੁਹਿੰਮ ਵਿੱਚ ਸ਼ਾਮਲ ਕਰਕੇ ਪੜਾਅਵਾਰ ਸਥਾਪਿਤ ਕੀਤੇ ਜਾਣਗੇ।  ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਸਰਪੰਚਾਂ ਨੂੰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਛੱਤਾਂ 'ਤੇ ਸੋਲਰ ਪਲਾਂਟ ਲਗਾ ਕੇ, ਸਟਰੀਟ ਲਾਈਟਾਂ ਦੀ ਥਾਂ ਸੋਲਰ ਲਾਈਟਾਂ ਅਤੇ ਸੋਲਰ ਪੰਪ ਲਗਾ ਕੇ ਸੂਰਜੀ ਊਰਜਾ ਦੀ ਵਰਤੋਂ ਕਰਨ ਲਈ ਇਨ੍ਹਾਂ ਸਕੀਮਾਂ ਦਾ ਲਾਭ ਲੈਣ।


ਉਨ੍ਹਾਂ ਕਿਹਾ ਕਿ ਪੇਡਾ ਦੇ ਅਧਿਕਾਰੀ ਇਸ ਕੰਮ ਵਿੱਚ ਪੰਚਾਇਤਾਂ ਦੀ ਅਗਵਾਈ ਅਤੇ ਮਦਦ ਕਰਨਗੇ ਤਾਂ ਜੋ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਬਸਿਡੀ ਸਕੀਮਾਂ ਤੋਂ ਲਾਭ ਉਠਾ ਕੇ, ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਨੂੰ ਸੂਰਜੀ ਊਰਜਾ ਨਾਲ ਰੌਸ਼ਨ ਕੀਤਾ ਜਾ ਸਕੇ।    ਐਨ ਪੀ ਐਸ ਰੰਧਾਵਾ ਨੇ ਕਿਹਾ ਕਿ ਸੂਰਜੀ ਊਰਜਾ ਨਾ ਸਿਰਫ਼ ਸਸਤੀ ਹੈ ਬਲਕਿ ਬਿਜਲੀ ਅਤੇ ਡੀਜ਼ਲ 'ਤੇ ਪੈਸੇ ਦੀ ਬੱਚਤ ਕਰਨ ਵਿੱਚ ਮਦਦ ਕਰੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਬਲਾਕ ਵਿੱਚ ਬੇਮਿਸਾਲ ਵਿਕਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਪਾਇਲਟ ਪਿੰਡ ਵਜੋਂ ਲਿਆ ਜਾਵੇਗਾ।
    ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਪਲਾਸਟਿਕ ਮੁਕਤ ਬਣਾਉਣ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਦੀਪ ਸਿੰਘ ਬੈਂਸ ਅਤੇ ਡੀ ਡੀ ਪੀ ਓ ਦਵਿੰਦਰ ਸ਼ਰਮਾ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਸੀਨੀਅਰ ਮੈਨੇਜਰ ਸੁਰਿੰਦਰ ਸਿੰਘ, ਸਹਾਇਕ ਮੈਨੇਜਰ ਚਤਰਪਾਲ ਸਿੰਘ, ਬੀ ਡੀ ਪੀ ਓ ਬੰਗਾ ਹਰਬਿਲਾਸ ਆਦਿ ਹਾਜ਼ਰ ਸਨ।

‘ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ’ ਅਭਿਆਸ ਤਹਿਤ ਕਿਸਾਨ ਗੋਸ਼ਠੀ ਅਤੇ ਖੇਤ ਦਿਵਸ ਮਨਾਇਆ ਗਿਆ

ਨਵਾਂਸ਼ਹਿਰ, 27 ਅਪ੍ਰੈਲ: 'ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ' ਅਭਿਆਸ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋ ਇੱਕ ਦਿਨ ਦਾ ਕਿਸਾਨ ਗੋਸ਼ਠੀ ਅਤੇ ਕਿਸਾਨ ਦਿਵਸ ਅਗਾਂਹਵਧੂ ਕਿਸਾਨ ਬਹਾਦਰ ਸਿੰਘ ਪਿੰਡ ਸੋਨਾ ਦੇ ਫਾਰਮ 'ਤੇ ਮਨਾਇਆ ਗਿਆ, ਜਿਸ  ਵਿੱਚ ਹਾਜ਼ਰ ਹੋਏ ਕਿਸਾਨਾਂ ਨੂੰ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਜਗਦੀਸ਼ ਸਿੰਘ ਵੱਲੋਂ ਵਿਭਾਗ ਦੀਆਂ ਸਕੀਮਾਂ ਜਿਨ੍ਹਾਂ ਵਿੱਚ ਕੌਮੀ ਬਾਗਬਾਨੀ ਮਿਸ਼ਨ ਵਿੱਚ ਪਲਾਂਟੇਸ਼ਨ, ਖੁੰਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ, ਬਾਗਬਾਨੀ ਮਸ਼ੀਨਰੀ, ਰਾਈਪਨਿਗ ਚੈਂਬਰ, ਅਤੇ ਕੋਲਡ ਸਟੋਰ ਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਹਾਜ਼ਰ ਡਾ. ਰਾਜੇਸ਼ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਨੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਫਲਾਂ ਦੀ ਕਾਸ਼ਤ ਅਤੇ ਮਹੱਤਤਾ ਬਾਰੇ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਿਮੀਂਦਾਰਾਂ ਨੂੰ ਜਾਣੂ ਕਰਵਾਇਆ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਫਾਰਮ ਦੇ ਮਾਲਕ ਬਹਾਦਰ ਸਿੰਘ ਨੇ ਆਏ ਹੋਏ ਅਧਿਕਾਰੀਆਂ/ਕਰਮਚਾਰੀਆਂ ਅਤੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਬਾਗਬਾਨੀ ਫਸਲਾਂ ਦੀ ਥੋੜੇ-ਥੋੜੇ ਰਕਬੇ ਵਿੱਚ ਕਾਸ਼ਤ ਕਰੀਏ ਤਾਂ ਜੋ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ। ਇਸ ਮੌਕੇ  ਸੀਤਲ ਸਿੰਘ, ਕਰਮ ਕੌਰ, ਗੁਰਦੇਵ, ਸੋਹਣ ਸਿੰਘ, ਅਮਰਜੀਤ ਸਿੰਘ, ਰਘਵੀਰ ਸਿੰਘ ਆਦਿ ਹਾਜ਼ਰ ਸਨ।

ਨਾਭਾ ਪਾਵਰ ਨੇ ਟੁੱਟੇ ਘਰਾਂ ਵਿੱਚ ਰਹਿ ਰਹੇ ਅੱਠ ਹੋਰ ਪਰਿਵਾਰਾਂ ਦਾ ਕੀਤਾ ਮੁੜ ਵਸੇਬਾ

ਪਟਿਆਲਾ  26 ਅਪ੍ਰੈਲ :- ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਟੁੱਟੇ-ਭੱਜੇ ਘਰਾਂ ਵਿੱਚ ਰਹਿ ਰਹੇ ਅੱਠ ਪਰਿਵਾਰਾਂ ਦੇ ਮੁੜ ਵਸੇਬੇ ਲਈ ਨਾਭਾ ਪਾਵਰ ਲਿਮਟਿਡ, ਜੋ ਕਿ ਲਾਰਸਨ ਐਂਡ ਟੂਬਰੋ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜੋ ਰਾਜਪੁਰ ਥਰਮਲ ਵਿਖੇ 2x700 ਮੈਗਾਵਾਟ ਦੇ ਸੁਪਰਕ੍ਰਿਟਿਕਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਟਿਆਲਾ ਦੇ ਪਿੰਡ ਕੇਹਰਗੜ੍ਹ ਵਿੱਚ ਆਯੋਜਿਤ ਇੱਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਅੱਠ ਪਰਿਵਾਰਾਂ ਨੂੰ ਨਵੇਂ ਬਣੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ। ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਘਰਾਂ ਦਾ ਨਿਰਮਾਣ ਨਾਭਾ ਪਾਵਰ ਦੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਪਹਿਲਕਦਮੀਆਂ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਅੱਠ ਪਰਿਵਾਰਾਂ ਨੂੰ ਨਵੇਂ ਬਣੇ ਮਕਾਨਾਂ ਦੀਆਂ ਚਾਬੀਆਂ ਸੌਂਪਦਿਆਂ, ਸ੍ਰੀ ਐਸ ਕੇ ਨਾਰੰਗ, ਨਾਭਾ ਪਾਵਰ ਦੇ ਮੁੱਖ ਕਾਰਜਕਾਰੀ ਨੇ ਕਿਹਾ, "ਨਾਭਾ ਪਾਵਰ ਇੱਕ ਸਮਰਪਿਤ ਕਾਰਪੋਰੇਟ ਵਜੋਂ ਰਿਹਾਇਸ਼, ਸਿੱਖਿਆ, ਪੇਂਡੂ ਔਰਤਾਂ ਦੇ ਸਸ਼ਕਤੀਕਰਨ ਅਤੇ ਨੌਜਵਾਨਾਂ ਨੂੰ ਸਮਰੱਥ ਬਣਾ ਕੇ  ਵਿੱਤੀ ਤੌਰ 'ਤੇ ਸੁਤੰਤਰ ਬਨਣ ਵਿਚ ਮਦਦ ਕਰ ਸਥਾਨਕ ਭਾਈਚਾਰੇ ਦਾ ਸਮਰਥਨ ਕਰਦੀ ਹੈ। ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਕੰਮ ਨੇ ਸਥਾਨਕ ਭਾਈਚਾਰਿਆਂ ਦੇ ਜੀਵਨ ਵਿੱਚ ਗੁਣਵੱਤਾ ਨੂੰ ਵੀ ਵਧਾਇਆ ਹੈ।" ਉਹਨਾਂ ਕਿਹਾ, "ਨਾਭਾ ਪਾਵਰ ਵਿਖੇ, ਸੀ.ਐਸ.ਆਰ. ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਹ ਇੱਕ ਅਜਿਹਾ ਤਰੀਕਾ ਸੀ ਜਿਸ ਦੁਆਰਾ ਕੰਪਨੀ ਨੇ ਬਹੁਤ ਸਾਰੇ ਸਥਾਨਕ ਨਿਵਾਸੀਆਂ ਦੇ ਜੀਵਨ ਨੂੰ ਬੇਹਤਰ ਬਨਾਣ ਵਿਚ ਅੱਪਣਾ ਯੋਗਦਾਨ ਪਾਇਆ ਹੈ। ਨਾਭਾ ਪਾਵਰ ਦੁਆਰਾ ਅਪਣਾਏ ਗਏ ਲੰਬੇ ਸਮੇਂ ਦੇ ਸੀਐਸਆਰ ਅਭਿਆਸਾਂ ਨੇ ਬਹੁਤ ਸਾਰੀਆਂ ਸਦਭਾਵਨਾ ਪੈਦਾ ਕੀਤੀ ਹੈ।  ਸੀਐਸਆਰ ਯੋਜਨਾਵਾਂ ਤਿਆਰ ਕਰਦੇ ਸਮੇਂ ਸਥਾਨਕ ਭਾਈਚਾਰਿਆਂ ਨੂੰ ਨਾਲ ਲਿਆ ਗਿਆ ਹੈ ਅਤੇ ਇੱਕ ਤਰ੍ਹਾਂ ਉਹ ਤਰੱਕੀ ਵਿੱਚ ਹਿੱਸੇਦਾਰ ਬਣ ਗਏ ਹਨ।" ਹੁਣ ਤੱਕ, ਨਾਭਾ ਪਾਵਰ ਨੇ 19 ਪਿੰਡਾਂ ਵਿੱਚ 20 ਪਰਿਵਾਰਾਂ ਨੂੰ ਇੱਕ ਕਮਰਾ, ਰਸੋਈ ਅਤੇ ਵਾਸ਼ਰੂਮ ਵਾਲੇ ਕੰਕਰੀਟ ਘਰ ਮੁਹੱਈਆ ਕਰਵਾ ਕੇ ਮੁੜ ਵਸੇਬਾ ਵਿਚ ਮਦਦ ਕੀਤੀ ਹੈ। ਇਸ ਨਾਲ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕ ਸਨਮਾਨਜਨਕ ਜੀਵਨ ਜਿਊਣ ਦੇ ਸਮਰੱਥ ਹੋਏ ਹਨ।

ਇਸ ਮੌਕੇ 'ਤੇ ਬੋਲਦਿਆਂ ਪਿੰਡ ਗੁਰਦਿੱਤਪੁਰਾ ਦੇ ਸਰਪੰਚ ਹਰਦੇਵ ਸਿੰਘ ਨੇ ਨਾਭਾ ਪਾਵਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਾਭਾ ਪਾਵਰ ਨੇ ਘਰ ਬਣਾ ਕੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਿਆ ਹੈ।  ਉਹਨਾਂ ਕਿਹਾ ਕਿ ਸਿਖਲਾਈ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਔਰਤਾਂ ਅਤੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਅਤੇ ਮੌਜੂਦਾ ਸਿਸਟਮ ਨੂੰ ਅਪਗ੍ਰੇਡ ਕਰਨ ਲਈ  ਨਾਭਾ ਪਾਵਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸ਼ਲਾਗਾਪੁਰਨ ਹਨ। ਉਹਨਾਂ ਕਿਹਾ ਕਈ ਪਿੰਡਾਂ ਵਿੱਚ ਸਰਕਾਰੀ ਡਿਸਪੈਂਸਰੀਆਂ ਵਿੱਚ ਸਿਹਤ ਸਹੂਲਤਾਂ ਦੇਣ ਤੋਂ ਇਲਾਵਾ ਵੱਖ-ਵੱਖ ਪੇਂਡੂ ਸੜਕਾਂ ਦਾ ਨਿਰਮਾਣ  ਕਰ ਨਾਭਾ ਪਾਵਰ ਨੇ ਵਧੀਆ ਕਮ ਕੀਤਾ ਹੈ

ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰਿਕਵਰੀਆਂ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਨਿਬੇੜੇ ਜਾਣ - ਡਿਪਟੀ ਕਮਿਸ਼ਨਰ
ਅੰਮ੍ਰਿਤਸਰ 26 ਅਪ੍ਰੈਲ 2022: ਜਿਲੇ੍ਹ ਦੇ ਮਾਲ ਵਿਭਾਗ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ ਸੂਦਨ ਨੇ ਵਿਭਾਗ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀਆਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਨੂੰ  ਕਿਹਾ ਕਿ ਜਿੰਨਾਂ ਦੇ ਖੇਤਰਾਂ ਵਿੱਚ ਇੰਤਕਾਲਾ ਪੈਡਿੰਗ ਪਏ ਹਨ 'ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਉਨਾਂ ਕਿਹਾ ਕਿ ਸਰਕਾਰ ਦਾ ਅਕਸ਼ ਆਪਣੇ ਕੀਤੇ ਕੰਮਾਂ ਨਾਲ ਹੀ ਬਣਨਾ ਹੁੰਦਾ ਹੈ ਸੋ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ ਅਤੇ ਕਾਇਦੇ ਵਿਚ ਰਹਿੰਦੇ ਹੋਏ ਉਨਾਂ ਦੇ ਕੰਮ ਕੀਤੇ ਜਾਣ ਨਾ ਕਿ ਬਾਰ-ਬਾਰ ਦਫ਼ਤਰ ਆਉਣ ਲਈ ਮਜ਼ਬੂਰ ਕੀਤਾ ਜਾਵੇ। ਉਨਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਨਿਬੇੜੇ ਦੇ ਨਾਲ ਨਾਲ ਦਫ਼ਤਰ ਆਏ ਆਮ ਲੋਕਾਂ ਦੇ ਕੰਮ ਕਰਨੇ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਰਜਿਸਟਰੀਆਂ ਕਰਵਾਉਣ ਲਈ ਸਬ ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਸਬੰਧਤ ਸਬ ਰਜਿਸਟਰਾਰ ਖੁਦ ਧਿਆਨ ਦੇਣ। ਉਨਾਂ ਕਿਹਾ ਕਿ  ਜੇਕਰ ਸਬ ਰਜਿਸਟਰਾਰ ਕਿਸੇ ਸਰਕਾਰੀ ਕੰਮ ਲਈ ਦਫਤਰ ਤੋਂ ਬਾਹਰ ਹੋਵੇ ਤਾਂ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਜਾਓ।
ਸ੍ਰੀ ਸੂਦਨ ਨੇ ਹਦਾਇਤ ਕੀਤੀ ਹੈ ਕਿ ਜਿਸ ਦਿਨ ਸਬ ਰਜਿਸਟਰਾਰ ਵੱਲੋਂ ਕੋਰਟ ਲਗਾਈ ਜਾਣੀ ਹੈ, ਉਸ ਦਿਨ ਰਜਿਸਟਰੀਆਂ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੋਵੇ ਅਤੇ ਇਸ ਸਬੰਧੀ ਵੀ ਲੋਕਾਂ ਨੂੰ ਨੋਟਿਸ ਜ਼ਰੀਏ ਜਾਣਕਾਰੀ ਦਿੱਤੀ ਜਾਵੇ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਜੀਵ ਕੁਮਾਰ, ਐਸ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾ, ਐਸ.ਡੀ.ਐਮ. ਸ੍ਰੀਮਤੀ ਅਮਨਦੀਪ ਕੌਰ, ਜਿਲ੍ਹਾ ਮਾਲ ਅਫ਼ਸਰ ਸ: ਅਰਵਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।  

“ਹੈਲਥ ਐਂਡ ਵੈੱਲਨੈਸ ਅਤੇ ਹੀਟ ਵੇਵ ਤੋਂ ਬੱਚਣ” ਸਬੰਧੀ ਸੈਮੀਨਾਰ ਦਾ ਆਯੋਜਨ

ਨਵਾਂਸ਼ਹਿਰ, 26 ਅਪ੍ਰੈਲ: ਐਸ ਐਸ ਪੀ ਡਾ. ਸੰਦੀਪ ਕੁਮਾਰ ਸ਼ਰਮਾ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਜੰਗ ਬਹਾਦਰ ਸ਼ਰਮਾ, ਪੀ.ਪੀ.ਐਸ ਜ਼ਿਲ੍ਹਾ ਕਮਿੳੂਨਿਟੀ ਪੁਲਿਸ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਕਾਨਫਰੰਸ ਹਾਲ, ਨਿਊ ਡੀ.ਪੀ.ਓ, ਸ਼ਹੀਦ ਭਗਤ ਸਿੰਘ ਨਗਰ ਵਿਖੇ "ਹੈਲਥ ਐਂਡ ਵੈੱਲਨੈਸ ਅਤੇ ਹੀਟ ਵੇਵ ਤੋਂ ਬੱਚਣ" ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਡਾਕਟਰ ਰਣਜੀਤ ਸਿੰਘ, ਡਾਕਟਰ ਗਗਨਦੀਪ ਕੁਮਾਰ ਅਤੇ ਸ਼੍ਰੀ ਗੁਰਪ੍ਰਸ਼ਾਦ ਸਿੰਘ, ਜਿਲ੍ਹਾ ਕੋਆਰਡੀਨੇਟਰ ਅਤੇ ਵਿਵਹਾਰ ਪਰਿਵਰਤਨ, ਸ਼ਹੀਦ ਭਗਤ ਸਿੰਘ ਨਗਰ ਵਲੋਂ ਕਰਮਚਾਰੀਆਂ ਨੂੰ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਜਿਸ ਨਾਲ ਕਰਮਚਾਰੀ ਡਿਊਟੀ ਦੇ ਨਾਲ-ਨਾਲ ਜਿੱਥੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣਗੇ, ਉਥੇ ਹੀ ਡਿਊਟੀ ਦੋਰਾਨ ਲੋਕਾਂ ਨੂੰ ਸਮੇਂ ਸਿਰ ਲੋੜ ਪੈਣ 'ਤੇ ਮੁੱਢਲੀ ਮੈਡੀਕਲ ਸਹਾਇਤਾ ਦੇਕੇ ਉਹਨਾਂ ਦੀ ਜਾਨ ਵੀ ਬਚਾ ਸਕਣਗੇ।    

ਐਨ ਪੀ ਐਸ ਰੰਧਾਵਾ ਨੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਅਤੇ ਨਵਾਂਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਹਿਯੋਗ ਮੰਗਿਆ

ਡੀ ਸੀ ਨੇ ਸਫਾਈ ਕਰਮਚਾਰੀਆਂ ਨੂੰ 130 ਸਫਾਈ ਕਿੱਟਾਂ ਵੰਡੀਆਂ
ਨਵਾਂਸ਼ਹਿਰ, 26 ਅਪ੍ਰੈਲ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ (ਕੈਰੀ ਬੈਗ) ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਨਵਾਂਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੱਤਾ।
  'ਆਪ' ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਏਡੀਸੀ (ਯੂ ਡੀ) ਅਮਿਤ ਸਰੀਨ ਸਮੇਤ ਨਵਾਂਸ਼ਹਿਰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ 130 ਸਫਾਈ ਕਿੱਟਾਂ ਦੀ ਵੰਡ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪਲਾਸਟਿਕ ਦੇ  ਲਿਫਾਫਿਆਂ ਦੀ ਵਰਤੋਂ ਛੱਡਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੋਲੀਥੀਨ/ਪਲਾਸਟਿਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਲੋਕਾਂ ਨੂੰ ਜੂਟ ਦੇ ਥੈਲਿਆਂ ਵਰਗੇ ਹੋਰਨਾਂ ਉਤਪਾਦਾਂ ਵੱਲ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਤਾਵਰਨ ਪੱਖੀ ਬੈਗ ਪਲਾਸਟਿਕ ਦੇ ਲਿਫ਼ਾਫ਼ਿਆਂ ਕਾਰਨ ਪੈਦਾ ਹੋ ਰਹੀ ਵਾਤਾਵਰਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਈ ਸਿੱਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੂਟ (ਪਟਸਨ) ਜਾਂ ਕੱਪੜੇ ਦੇ ਥੈਲੇ ਵਾਤਾਵਰਨ ਜਾਂ ਮਨੁੱਖੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਪਲਾਸਟਿਕ ਦੇ ਥੈਲੇ ਕਈ ਸਾਲਾਂ ਤੱਕ ਗਲਦੇ/ਸੜਦੇ ਨਹੀਂ ਹਨ।
 ਉਨ੍ਹਾਂ ਆਸ ਪ੍ਰਗਟਾਈ ਕਿ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਸਹਿਯੋਗ ਸਦਕਾ ਨਵਾਂਸ਼ਹਿਰ ਸਵੱਛ, ਹਰਿਆ ਭਰਿਆ, ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਜ਼ਿਲ੍ਹੇ ਵਜੋਂ ਮੋਹਰੀ ਸ਼ਹਿਰ ਹੋਵੇਗਾ।
  ਇਸ ਦੌਰਾਨ, ਐਨ.ਪੀ.ਐਸ. ਰੰਧਾਵਾ ਨੇ ਅੱਗੇ ਕਿਹਾ ਕਿ ਇਹ ਸਫਾਈ ਕਿੱਟਾਂ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ ਹੱਥ ਧੋਣ ਵਾਲੇ ਸਾਬਣ, ਤਰਲ ਹੈਂਡਵਾਸ਼, ਦਸਤਾਨੇ, ਮਾਸਕ, ਸੈਨੇਟਰੀ ਨੈਪਕਿਨ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਵੱਲੋਂ ਢਾਹਾਂ ਕਲੇਰਾਂ ਦਾ ਦੌਰਾ

ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਵੱਲੋਂ ਢਾਹਾਂ ਕਲੇਰਾਂ ਦਾ ਦੌਰਾ

ਬੰਗਾ : 26 ਅਪ੍ਰੈਲ :- ( ) ਯੂ.ਕੇ ਦੇ ਪ੍ਰਸਿੱਧ ਸ਼ਹਿਰ ਗਰੈਵਜੈਂਟ ਕੈਂਟ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਸ. ਬਲਬੀਰ ਸਿੰਘ ਸੰਘਾ ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵਿਸ਼ੇਸ਼ ਦੌਰੇ 'ਤੇ ਪੁੱਜੇ।ਟਰੱਸਟ ਕੰਪਲੈਕਸ  ਢਾਹਾਂ ਕਲੇਰਾਂ ਵਿਖੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚੇਅਰਮੈਨ ਸ. ਸੰਘਾ ਦਾ ਨਿੱਘਾ ਸਵਾਗਤ ਕੀਤਾ ਅਤੇ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਅਦਾਰਿਆਂ ਅਤੇ ਸੇਵਾ ਪ੍ਰੌਜਕਟਾਂ ਬਾਰੇ ਜਾਣਕਾਰੀ ਦਿੱਤੀ ।
           ਸ. ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਨੇ ਢਾਹਾਂ ਕਲੇਰਾਂ ਦੇ ਆਪਣੇ ਵਿਸ਼ੇਸ਼ ਦੌਰੇ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿੱਦਿਅਕ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਚੱਲ ਰਹੇ ਹੋਰ ਵੱਖ-ਵੱਖ ਸੇਵਾ ਅਦਾਰਿਆਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ । ਉਹਨਾਂ ਨੇ ਟਰੱਸਟ ਵੱਲੋਂ ਅੱਖਾਂ ਦੇ ਲੋੜਵੰਦਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਲਹਿਰ, ਹਸਪਤਾਲ ਵਿਚ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਸਹਾਇਕਾਂ ਲਈ ਚੱਲ ਰਹੀ ਲੰਗਰ ਸੇਵਾ ਤੋਂ ਇਲਾਵਾ ਲੋਕ ਭਲਾਈ ਵਾਲੇ ਚੱਲ ਰਹੇ ਹੋਰ ਸੇਵਾ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਇਹਨਾਂ ਸੇਵਾ ਅਦਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਟਰੱਸਟ ਵੱਲੋਂ ਚੇਅਰਮੈਨ ਬਲਬੀਰ ਸਿੰਘ ਸੰਘਾ ਨੂੰ ਯਾਦ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
  ਫੋਟੋ ਕੈਪਸ਼ਨ: - ਢਾਹਾਂ ਕਲੇਰਾਂ ਵਿਖੇ ਸ. ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਦਾ ਸਨਮਾਨ ਕਰਦੇ ਹੋਏ ਟਰੱਸਟ ਪ੍ਰਬੰਧਕ


Virus-free. www.avast.com

ਪਟਿਆਲਾ ਜ਼ਿਲ੍ਹੇ 'ਚ ਮਾਲ ਸੁਵਿਧਾ ਕੈਂਪਾਂ ਨਾਲ ਤਤਕਾਲ ਹੋਏ ਲੋਕਾਂ ਦੇ ਰੁਕੇ ਕੰਮ:- ਸਾਕਸ਼ੀ ਸਾਹਨੀ

ਮਾਲ ਸੁਵਿਧਾ ਕੈਂਪਾਂ 'ਚ ਹੁਣ ਤੱਕ 1324 ਇੰਤਕਾਲ ਤੇ 25 ਫ਼ਰਦ ਬਦਰਾਂ ਦਾ ਕੰਮ ਮੌਕੇ 'ਤੇ ਹੀ ਨਿਪਟਾਇਆ-ਡੀ.ਸੀ.
ਪਟਿਆਲਾ, 25 ਅਪ੍ਰੈਲ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਮਾਲ ਸੁਵਿਧਾ ਕੈਂਪਾਂ ਨਾਲ ਲੋਕਾਂ ਦੇ ਮਾਲ ਵਿਭਾਗ 'ਚ ਰੁਕੇ ਹੋਏ ਕੰਮ ਤਤਕਾਲ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਸਾਰੀਆਂ ਸਬ ਡਵੀਜਨਾਂ 'ਚ ਲੱਗੇ ਇਨ੍ਹਾਂ ਕੈਂਪਾਂ ਦੌਰਾਨ ਹੁਣ ਤੱਕ 1324 ਇੰਤਕਾਲ ਮੌਕੇ 'ਤੇ ਹੀ ਦਰਜ ਕੀਤੇ ਗਏ ਅਤੇ 25 ਫ਼ਰਦ ਬਦਰਾਂ ਸਮੇਤ ਮਾਲ ਵਿਭਾਗ ਨਾਲ ਸਬੰਧਤ ਹੋਰ ਕਈ ਕੰਮ ਵੀ ਮੌਕੇ 'ਤੇ ਹੀ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ।
ਸਾਕਸ਼ੀ ਸਾਹਨੀ ਨੇ ਇਨ੍ਹਾਂ ਕੈਂਪਾਂ ਨੂੰ ਆਮ ਲੋਕਾਂ ਲਈ ਵਰਦਾਨ ਦਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਤੱਕ ਸਿੱਧੀ ਪਹੁੰਚ ਬਣਾਈ ਹੈ, ਜਿਸ ਦਾ ਲੋਕ ਵੀ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਸਬ ਡਵੀਜ਼ਨ 'ਚ ਲੱਗੇ ਮਾਲ ਸੁਵਿਧਾ ਕੈਂਪ ਦੌਰਾਨ 570 ਇੰਤਕਾਲ ਤੇ 6 ਫ਼ਰਦ ਬਦਰਾਂ ਦਾ ਕੰਮ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਕੈਂਪਾਂ ਲਈ ਸਹਿਯੋਗ ਦੇਣ ਵਾਸਤੇ ਵਿਧਾਇਕ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ। ਇਸੇ ਤਰ੍ਹਾਂ ਰਾਜਪੁਰਾ 'ਚ 319 ਇੰਤਕਾਲ ਤੇ 14 ਫ਼ਰਦ ਬਦਰਾਂ, ਨਾਭਾ 'ਚ 245 ਇੰਤਕਾਲ ਤੇ 1 ਫ਼ਰਦ ਬਦਰ, ਸਮਾਣਾ 'ਚ 140 ਇੰਤਕਾਲ ਤੇ 4 ਫ਼ਰਦ ਬਦਰਾਂ, ਦੁਧਨਸਾਧਾਂ 'ਚ 31 ਇੰਤਕਾਲ ਅਤੇ ਪਾਤੜਾਂ ਵਿਖੇ 19 ਇੰਤਕਾਲ ਮੌਕੇ 'ਤੇ ਦਰਜ ਕੀਤੇ ਗਏ। ਇਸ ਦੌਰਾਨ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਕੰਮਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਸਮੇਤ ਝਗੜਾ ਰਹਿਤ ਇੰਤਕਾਲ ਮੌਕੇ 'ਤੇ ਹੀ ਦਰਜ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਪਟਵਾਰ ਸਰਕਲ 'ਚ ਅਜਿਹੇ ਮਾਲ ਸੁਵਿਧਾ ਕੈਂਪ ਲਾਉਣੇ ਜਾਰੀ ਰੱਖੇ ਜਾਣਗੇ ਤਾਂ ਕਿ ਇਨ੍ਹਾਂ ਕੈਂਪਾਂ ਵਾਲੇ ਇਲਾਕਿਆਂ ਦੇ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਫੁਟਕਲ ਕੰਮਾਂ, ਜਿਵੇ ਫ਼ਰਦ ਦੇਣੀ ਸਮੇਤ ਹੋਰ ਕੰਮਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਰੰਧਾਵਾ ਨੇ ਮੁਫਤ ਕੋਚਿੰਗ ਕਲਾਸਾਂ ਲਈ ਯੋਗ ਉਮੀਦਵਾਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਸੰਪਰਕ ਕਰਨ ਦੀ ਅਪੀਲ ਕੀਤੀ

ਡੀ ਸੀ ਨੇ ਡੀ ਬੀ ਈ ਈ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਕਲਾਸਾਂ ਦਾ ਉਦਘਾਟਨ ਕੀਤਾ
 ਨਵਾਂਸ਼ਹਿਰ, 25 ਅਪਰੈਲ: ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ (ਡੀ.ਬੀ.ਈ.ਈ.) ਦਫ਼ਤਰ ਵਿਖੇ ਮੁਫ਼ਤ ਕੋਚਿੰਗ ਦਾ ਉਦਘਾਟਨ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ ਵੀ ਇਸ ਮੌਕੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਰੀਆਂ ਜਨ ਵਾਲੀਆਂ ਆਸਾਮੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਕਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਨੌਜਵਾਨਾਂ ਨੂੰ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਐਨ.ਪੀ.ਐਸ ਰੰਧਾਵਾ ਨੇ ਕਿਹਾ ਕਿ ਮੁਫਤ ਕੋਚਿੰਗ  ਦੀ ਸਹੂਲਤ ਨੌਜਵਾਨਾਂ ਨੂੰ ਬਹੁਤ ਵੱਡਾ ਸਹਾਰਾ ਦੇਵੇਗੀ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਨੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਨ੍ਹਾਂ ਮੁਫਤ ਕਲਾਸਾਂ ਲਈ ਆਪਣਾ ਨਾਮ ਦਰਜ ਕਰਵਾਉਣ ਤਾਂ ਜੋ ਖੇਤਰ ਵਿੱਚ ਬਿਹਤਰੀਨ ਮੁਹਾਰਤ ਹਾਸਲ ਕੀਤੀ ਜਾ ਸਕੇ।  ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਵਿਸ਼ੇ ਦੇ ਮਾਹਿਰ ਅਧਿਆਪਕਾਂ ਦੁਆਰਾ ਦਿੱਤੀ ਜਾਵੇਗੀ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਿਲੇਬਸ ਅਨੁਸਾਰ ਅੰਗਰੇਜ਼ੀ, ਹਿੰਦੀ, ਪੰਜਾਬੀ, ਗਣਿਤ, ਤਰਕ ਅਤੇ ਕੁਆਂਟੀਟੇਟਿਵ ਐਪਟੀਟਿਊਡ ਵਿੱਚ ਪੜ੍ਹਾਉਣ ਦੇ ਸਮਰੱਥ ਹਨ।  ਉਨ੍ਹਾਂ ਕਿਹਾ ਕਿ ਇਹ ਨਿਵੇਕਲਾ ਉਪਰਾਲਾ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰੇਗਾ ਅਤੇ ਸਰਕਾਰੀ ਨੌਕਰੀਆਂ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ।  ਡੀ ਸੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਸਮੱਗਰੀ, ਵੀਡੀਓ, ਨੋਟਸ ਅਤੇ ਹੋਰ ਅਧਿਐਨ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ ਜਿਸ ਤੋਂ ਬਾਅਦ ਨਿਯਮਤ ਅਭਿਆਸ ਅਤੇ ਮੌਕ ਟੈਸਟ ਤੋਂ ਇਲਾਵਾ ਉਨ੍ਹਾਂ ਨੂੰ ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਵੀ ਦਿੱਤੀ ਜਾਵੇਗੀ।   ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਚਾਹਵਾਨ ਨੌਜਵਾਨ ਕਲਾਸਾਂ ਸਬੰਧੀ ਵਧੇਰੇ ਜਾਣਕਾਰੀ ਲਈ 98146-00087 'ਤੇ ਸੰਪਰਕ ਕਰ ਸਕਦੇ ਹਨ।  ਉਨ੍ਹਾਂ ਨੇ ਕੇਸੀ ਗਰੁੱਪ ਆਫ਼ ਇੰਸਟੀਚਿਊਟ ਦਾ ਵੀ ਧੰਨਵਾਦ ਕੀਤਾ ਕਿ ਇਨ੍ਹਾਂ ਕਲਾਸਾਂ ਨੂੰ ਚਲਾਉਣ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ।
 ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਤੇ ਕੌਂਸਲਰ ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।

ਡੀ ਸੀ ਅਤੇ ਐਸ ਐਸ ਪੀ ਨੇ ਸਫਾਈ ਸੇਵਕਾਂ ਨੂੰ 100 ਸਫਾਈ ਕਿੱਟਾਂ ਵੰਡੀਆਂ

ਐਨ ਪੀ ਐਸ ਰੰਧਾਵਾ ਅਤੇ ਸੰਦੀਪ ਸ਼ਰਮਾ ਨੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਬੰਗਾ, 25 ਅਪਰੈਲ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਸ਼ਰਮਾ ਨੇ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਬੰਗਾ ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫ਼ੋਂ 100 ਸਫਾਈ ਕਿੱਟਾਂ ਵੰਡੀਆਂ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ, ਐਸ.ਡੀ.ਐਮ ਨਵਨੀਤ ਕੌਰ ਬੱਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਸ਼ਾਸਨ ਸਮਾਜ ਦੇ ਗ਼ਰੀਬ ਵਰਗ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਹਰ ਕੀਮਤ 'ਤੇ ਰਾਖੀ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ ਹੱਥ ਧੋਣ ਵਾਲੇ ਸਾਬਣ, ਤਰਲ ਹੈਂਡਵਾਸ਼, ਦਸਤਾਨੇ, ਮਾਸਕ ਅਤੇ ਹੋਰ ਸਮਾਨ ਸ਼ਾਮਲ ਹੈ।  ਕੋਵਿਡ-19 ਲਹਿਰ ਦੌਰਾਨ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੇ ਸਮਾਜ ਪ੍ਰਤੀ ਮਿਸਾਲੀ ਵਚਨਬੱਧਤਾ ਦਿਖਾਈ ਹੈ ਅਤੇ ਅਸੀਂ, ਬਿਨਾਂ ਕਿਸੇ ਡਰ ਦੇ ਸੇਵਾਵਾਂ ਦੇਣ ਲਈ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਸ਼ਰਮਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ਵਿਖੇ ਮਹਾਨ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।    
ਫ਼ੋਟੋ ਕੈਪਸ਼ਨ: ਡੀ ਸੀ ਐਨ ਪੀ ਐਸ ਰੰਧਾਵਾ, ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ, ਏ ਡੀ ਸੀ ਮੇਜਰ ਅਮਿਤ ਸਰੀਨ ਖਟਕੜ ਕਲਾਂ ਵਿਖੇ ਸਫ਼ਾਈ ਸੇਵਕਾਂ ਨੂੰ ਸਫ਼ਾਈ ਕਿੱਟਾਂ ਦੀ ਵੰਡ ਕਰਦੇ ਹੋਏ।

ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਖਟਕੜ ਕਲਾਂ ਤੋਂ ਮੁਹਿੰਮ ਸ਼ੁਰੂ

ਡੀ ਸੀ ਤੇ ਐਸ ਐਸ ਪੀ ਨੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ
s


ਬੰਗਾ, 25 ਅਪਰੈਲ:  ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੀ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਅੱਜ ਜਿੱਥੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਅਹਿਦ ਦਿਵਾਇਆ, ਉੱਥੇ ਨਾਲ ਹੀ ਉਨ੍ਹਾਂ ਨੂੰ ਨਸ਼ਾ ਤਸਕਰਾਂ ਦੀ ਸੂਚੀ ਉਨ੍ਹਾਂ ਨਾਲ ਸਾਂਝੀ ਕਰਨ ਲਈ ਕਿਹਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਅਤੇ ਯਾਦਗਾਰ ਵਿਖੇ ਸ਼ਹੀਦ ਭਗਤ ਸਿੰਘ ਨੂੰ ਨਤਮਸਤਕ ਹੋਣ ਬਾਅਦ ਅਜਾਇਬ ਘਰ 'ਚ ਬਣੇ ਆਡੀਟੋਰੀਅਮ ਵਿਖੇ ਨੌਜੁਆਨਾਂ ਨੂੰ ਪਿੰਡ ਦੇ ਪਤਵੰਤਿਆਂ ਅਤੇ ਪੰਚਾਇਤ ਦੀ ਹਾਜ਼ਰੀ 'ਚ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਉਣ ਬਾਅਦ, ਡਿਪਟੀ ਕਮਿਸ਼ਨਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਇਸ ਪਵਿੱਤਰ ਧਰਤੀ 'ਤੇ ਸ. ਭਗਤ ਸਿੰਘ ਦੀ ਪਵਿੱਤਰ ਆਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਵਾਉਣ ਦਾ ਮੰਤਵ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਕੇ, ਸਮੁੱਚੇ ਪੰਜਾਬ ਦਾ ਰਾਹ ਦਸੇਰਾ ਬਣਾਉਣ ਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅੰਗਰੇਜ਼ ਸਾਮਰਾਜਵਾਦ ਵਿਰੁੱਧ ਲੜਾਈ ਵਿੱਢ ਕੇ 23 ਸਾਲ ਦੀ ਭਰ ਜੁਆਨ ਉਮਰੇ ਫਾਂਸੀ ਦਾ ਰੱਸਾ ਚੁੰਮ ਕੇ ਸਾਨੂੰ ਜੋ ਦੇਸ਼ ਪ੍ਰੇਮ ਦਾ ਸੰਦੇਸ਼ ਦਿੱਤਾ ਸੀ, ਅੱਜ ਅਸੀਂ ਉਸ ਤੋਂ ਦੂਰ ਜਾ ਕੇ ਨਸ਼ਿਆਂ ਦੀ ਰਸਾਤਲ ਵਿੱਚ ਧਸ ਗਏ ਹਾਂ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਨੌਜੁਆਨ ਪੀੜ੍ਹੀ ਨੂੰ ਬਣਾਉਣ ਲਈ ਨੌਜੁਆਨਾਂ ਨਾਲ ਗੱਲਬਾਤ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ, ਉਨ੍ਹਾਂ ਨੂੰ ਇਸ ਦਲ-ਦਲ 'ਚੋਂ ਬਾਹਰ ਕੱਢਣ 'ਚ ਇਲਾਜ ਦੇ ਕੇ ਸਹਾਇਤਾ ਕਰਨਾ ਅਤੇ ਪੁਨਰ ਵਸੇਬੇ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਇਸ ਮੁਹਿੰਮ 'ਚ ਇਨ੍ਹਾਂ ਸਾਰੇ ਪੱਖਾਂ ਨੂੰ ਛੋਹਿਆ ਜਾਵੇਗਾ ਤਾਂ ਜੋ ਉਹ ਮੁੜ ਤੋਂ ਇਸ ਪਾਸੇ ਵੱਲ ਮੂੰਹ ਨਾ ਕਰਨ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਆਰੰਭੀ ਗਈ ਨਸ਼ਾ ਮੁਕਤੀ ਤੇ ਵਿਰੋਧੀ ਮੁਹਿੰਮ ਦੇ ਦੋ ਪਹਿਲੂ ਹਨ। ਪਹਿਲਾ ਸਪਲਾਈ ਚੇਨ ਨੂੰ ਤੋੜਨ ਦਾ ਅਤੇ ਦੂਸਰਾ ਪੀੜਤਾਂ ਨੂੰ ਇਲਾਜ ਅਤੇ ਹੋਰ ਢੰਗਾਂ ਨਾਲ ਸਮਾਜ ਅਤੇ ਪਰਿਵਾਰ ਦੀ ਮੁੱਖ ਧਾਰਾ 'ਚ ਮੋੜ ਲਿਆਉਣ ਦਾ। ਉਨ੍ਹਾਂ ਕਿਹਾ ਕਿ ਪੁਲਿਸ ਜਾਂ ਪ੍ਰਸ਼ਾਸਨ ਇਕੱਲਾ ਹੀ ਇਸ ਮੁਹਿੰਮ ਨੂੰ ਕਾਮਯਾਬ ਨਹੀਂ ਕਰ ਸਕਦਾ ਬਲਕਿ ਇਸ ਦੇ ਹਾਂ-ਪੱਖੀ ਨਤੀਜੇ ਦੋਵਾਂ ਧਿਰਾਂ (ਪੁਲਿਸ, ਪ੍ਰਸ਼ਾਸਨ ਅਤੇ ਲੋਕਾਂ) ਦੇ ਬੇਹਤਰੀਨ ਆਪਸੀ ਤਾਲਮੇਲ ਨਾਲ ਹੀ ਸਾਹਮਣੇ ਆ ਸਕਦੇ ਹਨ। ਉੁਨ੍ਹਾਂ ਕਿਹਾ ਜ਼ਿਲ੍ਹੇ ਵਿੱਚ ਨਸ਼ੇ ਸਬੰਧੀ ਜਾਣਕਾਰੀ ਦੇਣ ਲਈ ਪਹਿਲਾਂ ਹੀ ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ, ਜਿਸ 'ਤੇ ਆਉਣ ਵਾਲੀ ਸ਼ਿਕਾਇਤ/ਸਮੱਸਿਆ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਜੇਕਰ ਕੋਈ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਨਸ਼ੇ ਸਬੰਧੀ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਸ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ।
ਦੋਵਾਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਕੇਵਲ ਸਰਕਾਰ ਅਤੇ ਪੁਲਿਸ ਦੀ ਨਾ ਸਮਝ ਕੇ, ਲੋਕਾਂ ਅਤੇ ਸਮਾਜ ਦੀ ਵੀ ਸਮਝਣ ਦੀ ਲੋੜ ਹੈ। ਦੋਵੇਂ ਧਿਰਾਂ ਇੱਕ ਦੂਸਰੇ ਦੀ ਪੂਰਕ ਬਣ ਕੇ ਹੀ ਇਸ ਨੂੰ ਖਦੇੜ ਸਕਦੀਆਂ ਹਨ। ਇਸ ਲਈ ਪਤਵੰਤਿਆਂ, ਪੰਚਾਇਤਾਂ, ਕਲੱਬਾਂ ਅਤੇ ਆਮ ਲੋਕਾਂ ਨੂੰ ਨਸ਼ੇ ਨਾਲ ਸਬੰਧਤ ਹਰ ਤਰ੍ਹਾਂ ਦੀ ਸੂਚਨਾ ਨੂੰ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਤੱਕ ਪੁੱਜਦਾ ਕਰਨਾ ਚਾਹੀਦਾ ਹੈ ਉੱਥੇ ਖੁਦ ਵੀ ਇਸ ਲੜਾਈ ਦਾ ਹਿੱਸਾ ਬਣ ਕੇ ਆਪਣੀ ਜ਼ਿੰਮੇਂਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਟਕੜ ਕਲਾਂ ਤੋਂ ਆਰੰਭੀ ਇਸ ਮੁਹਿੰਮ ਨੂੰ ਸਾਰੇ ਜ਼ਿਲ੍ਹੇ ਵਿੱਚ ਲਿਜਾਇਆ ਜਾਵੇਗਾ।
ਬਾਅਦ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਨਤਕ ਮੀਟਿੰਗ ਦੌਰਾਨ ਪਤਵੰਤਿਆਂ ਵੱਲੋਂ ਦਿੱਤੇ ਗਏ ਨਸ਼ਿਆਂ ਸਬੰਧੀ ਫ਼ੀਡਬੈਕ ਨੂੰ ਨੋਟ ਕਰਦੇ ਹੋਏ, ਦੋਵਾਂ ਅਧਿਕਾਰੀਆਂ ਨੇ ਇਸ 'ਤੇ ਜਲਦ ਹੀ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਜਨਤਕ ਮੀਟਿੰਗ ਦੀ ਖਾਸੀਅਤ ਇਹ ਰਹੀ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਸਮੇਤ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਥੇ ਲੋਕਾਂ ਵਿੱਚ ਹੀ ਬੈਠ ਕੇ ਲੰਗਰ ਦਾ ਪ੍ਰਸ਼ਾਦਾ ਛਕਿਆ ਅਤੇ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਸਾਂਝ ਨੂੰ ਹੋਰ ਪਕੇਰਾ ਕੀਤਾ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਅਤੇ ਬੰਗਾ ਦੇ ਐਸ ਡੀ ਐਮ ਨਵਨੀਤ ਕੌਰ ਬੱਲ ਅਤੇ ਹੋਰਨਾਂ ਅਧਿਕਾਰੀਆਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਦੇ ਆਧਾਰ 'ਤੇ ਰੇਲਵੇ ਅੰਡਰ ਬਿ੍ਰੱਜ, ਪਿੰਡ ਦੇ ਛੱਪੜ, ਠੋਸ ਕੂੜਾ ਸੰਭਾਲ ਪਲਾਂਟ (ਸੋਕ ਪਿੱਟਸ) ਅਤੇ ਲਾਇਬ੍ਰੇਰੀ ਦਾ ਦੌਰਾ ਵੀ ਕੀਤਾ। ਉਨ੍ਹਾਂ ਪਿੰਡ ਦੇ ਲੋਕਾਂ ਵੱਲੋਂ ਉਠਾਏ ਮਸਲਿਆਂ 'ਤੇ ਗੰਭੀਰਤਾ ਨਾਲ ਹੱਲ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜੁਆਨਾਂ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਪਿੰਡ 'ਚ ਵਿਸ਼ੇਸ਼ ਸਿਖਲਾਈ ਬੈਚ ਲਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਕੌਰ ਸਰਪੰਚ ਖਟਕੜ ਕਲਾਂ, ਸਰਪੰਚ ਕੁਲਵਰਣ ਸਿੰਘ ਥਾਂਦੀਆਂ, ਸਰਪੰਚ ਯੁਧਵੀਰ ਸਿੰਘ ਕਰਨਾਣਾ, ਸੁਰਿੰਦਰ ਸਿੰਘ ਸਰਪੰਚ ਬਾਹੜੋਵਾਲ ਅਤੇ ਸਰਪੰਚ ਗੁਰਮੇਜ ਰਾਮ ਭੂਖੜੀ ਤੋਂ ਇਲਾਵਾ ਪਿੰਡ ਦੇ ਵੱਡੀ ਗਿਣਤੀ ਵਿੱਚ ਨੌਜੁਆਨ, ਪਤਵੰਤੇ, ਪੰਚਾਇਤ ਮੈਂਬਰ, ਡੀ ਐਸ ਪੀ ਅਮਰਨਾਥ,  ਡੀ ਐਸ ਪੀ ਸ਼ਾਹਬਾਜ਼ ਸਿੰਘ, ਤਹਿਸੀਲਦਾਰ ਬੰਗਾ ਲਕਸ਼ੇ ਗੁਪਤਾ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਤੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਖਟਕੜ ਕਲਾਂ ਤੋਂ ਆਰੰਭੀ ਨਸ਼ਾ ਮੁਕਤੀ ਮੁਹਿੰਮ ਅਤੇ ਬਾਅਦ ਵਿੱਚ ਪਿੰਡ ਦੇ ਲੋਕਾਂ ਨਾਲ ਕੀਤੀ ਮੀਟਿੰਗ ਦੀਆਂ ਤਸਵੀਰਾਂ।