ਪਟਿਆਲਾ, 4 ਜੁਲਾਈ : ਸਥਾਨਿਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਆਲਮੀ ਤਪਸ਼ ਨੂੰ ਘੱਟ ਕਰਨ ਦੇ ਉਪਰਾਲੇ ਵਜੋਂ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਵਣ ਮਹਾਂ ਉਤਸਵ ਸਪਤਾਹ ਦੀ ਸ਼ੁਰੂਆਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਸਟੇਟ ਬੈਂਕ ਆਫ਼ ਇੰਡੀਆ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਯਾਦਵਿੰਦਰ ਗੁਪਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਾਲਜ ਦੇ ਅਹਾਤੇ ਵਿਚੋਂ ਇਸ ਮੁਹਿੰਮ ਦੀ ਸ਼ੁਰੂਆਤ ਲਈ ਧੰਨਵਾਦ ਕੀਤਾ। ਇਸ ਮੌਕੇ ਬਲਜੀਤ ਸਿੰਘ ਏ.ਜੀ.ਐਮ, ਯੂ ਐ. ਗੁਪਤਾ ਰਿਜਨਲ ਮੈਨੇਜਰ ਪਟਿਆਲਾ - 1, ਰਣਵੀਰ ਸਿੰਘ ਰਿਜਨਲ ਮੈਨੇਜਰ ਪਟਿਆਲਾ 2, ਰਾਕੇਸ਼ ਜਿੰਦਲ ਏ.ਜੀ.ਐਮ ਨੇ ਪੌਦੇ ਲਗਾਏ। ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਕਨਵੀਨਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਕਾਲਜ ਵਿੱਚ 100 ਪੌਦੇ ਲਗਾਏ ਗਏ ਜਿਨ੍ਹਾਂ ਵਿੱਚ ਅੰਬ, ਕਚਨਾਰ, ਟਾਹਲੀ, ਸਾਗਵਾਨ, ਜਾਮੁਣ ਅਤੇ ਰਾਤ ਦੀ ਰਾਣੀ ਦੇ ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਫਾਇਕਸ ਅਤੇ ਗੁਲਾਬ ਦੇ ਸਜਾਵਟੀ ਬੂਟੇ ਵੀ ਲਗਾਏ।
ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਲਮੀ ਤਪਸ਼ ਨੂੰ ਘਟਾਉਣ ਲਈ ਆਪਣੇ ਆਪਣੇ ਖੇਤਰਾਂ/ਪਿੰਡ ਵਿਚ ਪੰਜ ਪੰਜ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਨਰਿੰਦਰ ਸਿੰਘ ਢੀਂਡਸਾ, ਪ੍ਰੋ ਮੁਕਲ ਮਿੱਤਲ ਅਤੇ ਸਹਾਇਕ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਰਚਨਾ ਵੀ ਹਾਜ਼ਰ ਸਨ।