ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਨਗਰ ਕੌਂਸਲ ਨੇ ਵੰਡੇ ਫਲਦਾਰ ਪੌਦੇ

ਨਵਾਂਸ਼ਹਿਰ, 22 ਜੁਲਾਈ :ਜੁਲਾਈ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ 'ਮੇਰਾ ਦਰੱਖਤ ਦਿਵਸ' ਦੇ ਸਬੰਧ ਵਿਚ ਅੱਜ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਪ੍ਰਧਾਨ ਸਚਿਨ ਦੀਵਾਨ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਫਲਦਾਰ ਪੌਦੇ ਵੰਡੇ ਗਏ। ਇਸ ਮੌਕੇ ਉਨਾਂ ਕਿਹਾ ਕਿ ਸਵੱਛ ਵਾਤਾਵਰਨ ਅਤੇ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਜ਼ਰੂਰੀ ਹਨ। ਉਨਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਨਵਾਂਸ਼ਹਿਰ ਦੀ ਧਰਤੀ ਤੋਂ ਸ਼ੁਰੂ ਹੋਇਆ 'ਮੇਰਾ ਦਰੱਖਤ ਦਿਵਸ' ਅੱਜ ਦੇਸ਼ ਭਰ ਵਿਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਨਵਾਂਸ਼ਹਿਰ ਵਾਸੀ ਸਵੱਛਤਾ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਬੇਹੱਦ ਗੰਭੀਰ ਹਨ ਅਤੇ ਉਨਾਂ ਵਿਚ ਰੁੱਖ ਲਗਾਉਣ ਲਈ ਭਾਰੀ ਉਤਸ਼ਾਹ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਹਰਿਆਲੀ ਜ਼ੋਨ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਕੋਲ ਪੌਦੇ ਲਗਾਉਣ ਲਈ ਢੁਕਵੀਂ ਜਗਾ ਹੈ, ਤਾਂ ਉਸ ਨੂੰ ਵੀ ਨਗਰ ਕੌਂਸਲ ਵੱਲੋਂ ਪੌਦੇ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਜੀ. ਜੀ. ਆਈ. ਓ ਦੇ ਪ੍ਰਧਾਨ ਅਸ਼ਵਨੀ ਜੋਸ਼ੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਸੀਨੀਅਰ ਮੀਤ ਪ੍ਰਧਾਨ ਪਿਰਥੀ ਚੰਦ, ਕੌਂਸਲਰ ਬਲਵਿੰਦਰ ਭੂੰਬਲਾ, ਕੌਂਸਲਰ ਚੇਤ ਰਾਮ ਰਤਨ, ਕੌੀਸਲਰ ਪਰਵੀਨ ਭਾਟੀਆ, ਕੌਂਸਲਰ ਕੁਲਵੰਤ ਕੌਰ, ਸਾਬਕਾ ਕੌਂਸਲਰ ਗੁਰਦੇਵ ਕੌਰ, ਮਿੰਟੂ ਚਾਂਦਲਾ, ਅਰੁਣ ਦੀਵਾਨ, ਜਤਿੰਦਰ ਬਾਲੀ, ਹੈਪੀ, ਲਲਿਤ ਸ਼ਰਮਾ, ਨਵਦੀਪ ਤੇ ਹੋਰ ਹਾਜ਼ਰ ਸਨ।  
ਫੋਟੋ : -ਨਗਰ ਕੌਂਸਲ ਦਫ਼ਤਰ ਵਿਖੇ ਪੌਦਿਆਂ ਦੀ ਵੰਡ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਤੇ ਹੋਰ।