ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪਟਿਆਲਾ 'ਚ ਅੱਜ ਲਗਾਇਆ ਜਾਵੇਗਾ 'ਕਿਤਾਬਾਂ ਦਾ ਲੰਗਰ'

ਪਟਿਆਲਾ 18 ਜੁਲਾਈ:- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੇ ਮਨਸੂਬੇ ਨਾਲ ਰਾਜ ਭਰ 'ਚ ਲਗਾਏ ਜਾ ਰਹੇ, ਕਿਤਾਬਾਂ ਦੇ ਲੰਗਰ ਤਹਿਤ ਭਲਕੇ 19 ਜੁਲਾਈ ਨੂੰ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲ ਅਧਿਆਪਕ ਵੱਲੋਂ ਹਰ ਪਿੰਡ, ਸ਼ਹਿਰ ਤੇ ਕਸਬੇ 'ਚ ਕਿਤਾਬਾਂ ਦੇ ਲੰਗਰ ਲਗਾਏ ਜਾਣਗੇ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦਿੱਤੀ।  ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅਜੋਕੇ ਦੌਰ 'ਚ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰੀ ਸਕੂਲਾਂ ਦੀ ਲਾਇਬਰੇਰੀਆਂ ਨੂੰ ਕੁਝ ਸਾਲਾਂ ਤੋਂ ਮੁੜ ਸਰਗਰਮ ਕੀਤਾ ਗਿਆ ਹੈ ਅਤੇ ਹਰ ਸਾਲ ਸਾਹਿਤਕ ਤੇ ਗਿਆਨ ਵਰਧਕ ਪੁਸਤਕਾਂ ਦੀ ਖਰੀਦ ਲਈ ਹਰੇਕ ਸਕੂਲ ਨੂੰ ਗਰਾਂਟ ਜਾਰੀ ਕੀਤੀ ਜਾਂਦੀ ਹੈ। ਜਿਸ ਸਦਕਾ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ 'ਚ ਮੁੜ ਰੌਣਕਾਂ ਲੱਗਣ ਲੱਗੀਆਂ ਹਨ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਕਰੋਨਾ ਸੰਕਟ ਕਾਰਨ ਸਕੂਲ ਬੰਦ ਹੋਣ ਕਰਕੇ, ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰੋ-ਘਰੀ ਪੁਸਤਕਾਂ ਪਹੁੰਚਾਉਣ ਦੇ ਮਨਸੂਬੇ ਨਾਲ ਜਿਲ੍ਹਾ ਵਾਰ ਕਿਤਾਬਾਂ ਦੇ ਲੰਗਰ ਲਗਾਏ ਜਾ ਰਹੇ ਹਨ। ਜਿਸ ਤਹਿਤ ਭਲਕੇ ਪਟਿਆਲਾ ਜਿਲ੍ਹੇ ਦੀ ਵਾਰੀ ਹੈ। ਇਸ ਲੰਗਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਾਰ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ, ਆਮ ਲੋਕ ਵੀ ਲੰਗਰ ਦਾ ਫ਼ਾਇਦਾ ਵੀ ਉਠਾ ਸਕਦੇ ਹਨ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਤਾਬਾਂ ਦਾ ਲੰਗਰ ਜਨਤਕ ਥਾਵਾਂ ਤੇ ਧਾਰਮਿਕ ਸੰਸਥਾਵਾਂ 'ਚ ਵੀ ਲਗਾਇਆ ਜਾਵੇਗਾ। ਇਸ ਸਬੰਧੀ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਦੱਸਿਆ ਕਿ ਕਿਤਾਬਾਂ ਦੇ ਲੰਗਰ ਸਬੰਧੀ ਜਿਲ੍ਹੇ 'ਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਾਰੇ ਸਕੂਲਾਂ ਦੇ ਅਧਿਆਪਕ ਇਸ ਲੰਗਰ ਨੂੰ ਸਫਲ ਬਣਾਉਣ ਲਈ ਬਚਨਬੱਧ ਹਨ।