ਪੀ.ਆਰ.ਟੀ.ਸੀ. ਟਰੇਨਿੰਗ ਸੈਂਟਰ ਵਿਖੇ ਮੁਲਾਜ਼ਮਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰੀ : ਕੇ ਕੇ ਸ਼ਰਮਾ
ਪਟਿਆਲਾ, 29 ਜੁਲਾਈ: ਪੀ.ਆਰ.ਟੀ.ਸੀ ਟਰੇਨਿੰਗ ਸੈਂਟਰ ਵਿਖੇ ਸੂਬੇ ਦੇ ਸਾਰੇ ਡਿਪੂਆਂ ਦੇ ਡਰਾਇਵਰ, ਕੰਡਕਟਰ, ਮਕੈਨੀਕ ਅਤੇ ਆਈ ਟੀ ਆਈ ਤੋਂ ਆਏ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਚੇਅਰਮੈਨ ਸ੍ਰੀ ਕੇ ਕੇ ਸ਼ਰਮਾ ਨੇ ਕਿਹਾ ਕਿ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਕੇ ਹੀ ਅਸੀਂ ਆਪਣੀ ਤੇ ਹੋਰਨਾ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਾਂ।
ਇਸ ਮੌਕੇ ਇੰਚਾਰਜ ਟਰੈਫਿਕ ਪੁਲਿਸ ਸਿੱਖਿਆ ਸੈਲ ਇੰਸਪੈਕਟਰ ਪੁਸ਼ਪਾ ਦੇਵੀ ਨੇ ਕਿਹਾ ਕਿ ਸੜਕਾਂ 'ਤੇ ਯਾਤਰਾ ਕਰਦੇ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਹੀ ਸੜਕ ਦੁਰਘਟਨਾਵਾਂ 'ਤੇ ਰੋਕ ਲਗਾਉਣ 'ਚ ਸਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਣਗਹਿਲੀ, ਵਾਹਨ ਚਲਾਉਂਦੇ ਸਮੇਂ ਨਸ਼ੇ ਦੀ ਵਰਤੋਂ ਤੇ ਤੇਜ਼ ਰਫ਼ਤਾਰ ਦੁਰਘਟਨਾਵਾਂ ਦੇ ਮੁੱਖ ਕਾਰਨ ਹਨ।  ਪਟਿਆਲਾ ਫਾਊਡੇਸ਼ਨ ਰੋਡ ਸੇਫਟੀ ਸੰਸਥਾ ਦੇ ਨੁਮਾਇੰਦੇ ਹਰਦੀਪ ਕੌਰ ਨੇ ਦਸਿਆ ਕਿ ਲਾਇਸੈਂਸ, ਬੀਮਾ, ਆਰ ਸੀ ਅਤੇ ਪ੍ਰਦੂਸ਼ਣ ਰਹਿਤ ਸਰਟੀਫਿਕੇਟ ਤੋ ਬਿਨਾ ਵਾਹਨ ਚਲਾਉਣ ਵਾਲੇ ਅਤੇ ਨਿਯਮ ਤੋੜਨ ਵਾਲੇ ਭਾਰੀ ਜੁਰਮਾਨੇ ਤੇ ਜੇਲ੍ਹਾਂ ਦੀਆ ਸਜਾਵਾਂ ਪਾ ਰਹੇ ਹਨ ਅਤੇ ਹਾਦਸਿਆਂ ਕਾਰਨ ਜਖਮੀਆਂ ਅਪਾਹਜਾਂ ਦੀ ਗਿਣਤੀ ਵਧ ਰਹੀ ਹੈ। ਸ੍ਰੀ ਕਾਕਾ ਰਾਮ ਵਰਮਾ ਨੇ ਬੇਸਿਕ ਫਸਟ ਏਡ, ਸੀਪੀਆਰ ਬਨਾਉਟੀ ਸਾਹ ਕਿਰਿਆ, ਕਰੰਟ ਲਗਣ, ਡੁੱਬਣ ਵਾਲੇ, ਬੇਹੋਸ਼ ਜਾ ਦੌਰਾ ਪਏ ਇਨਸਾਨ ਨੂੰ ਮਰਨ ਤੋ ਬਚਾਉਣ ਹਿਤ ਏਬੀਸੀਡੀ ਅਤੇ ਸੀਪੀਆਰ ਬਾਰੇ ਜਾਣਕਾਰੀ ਦਿੱਤੀ।
ਰੈੱਡ ਕਰਾਸ ਸਾਕੇਤ ਨਸ਼ਾ ਛੁਡਾਊ ਕੇਂਦਰ ਦੇ ਕੌਂਸਲਰ ਪਰਵਿੰਦਰ ਵਰਮਾ ਨੇ ਨਸ਼ਿਆਂ ਤੋ ਬਚਕੇ ਸਿਹਤਮੰਦ ਖੁਸ਼ਹਾਲ ਸਨਮਾਨਿਤ ਜ਼ਿੰਦਗੀ ਬਤੀਤ ਕਰਨ ਅਤੇ ਸਾਕੇਤ ਹਸਪਤਾਲ ਵਿਖੇ ਨਸ਼ੇ ਨੂੰ ਛੱਡਣ ਲਈ ਦਿੱਤੀ ਜਾਂਦੇ ਮੁਫਤ ਇਲਾਜ ਬਾਰੇ ਜਾਣਕਾਰੀ ਦਿੱਤੀ। ਇੰਸ ਜਸਪਾਲ ਸਿੰਘ ਇੰਚਾਰਜ ਟਰੇਨਿੰਗ ਸਕੂਲ ਨੇ ਧੰਨਵਾਦ ਕੀਤਾ।  ਇਸ ਮੌਕੇ ਹਾਜ਼ਰੀਨ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।