ਦਾਖ਼ਲੇ 'ਚ 25 ਫ਼ੀਸਦੀ ਤੋਂ ਵਧੇਰੇ ਵਾਧੇ ਵਾਲੇ ਸਰਕਾਰੀ ਸਕੂਲ ਮੁਖੀਆਂ ਦਾ ਸਨਮਾਨ

ਪਟਿਆਲਾ 12 ਜੁਲਾਈ: -   ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਮਿਆਰੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਅੱਜ ਇੱਥੇ ਜਿਲ੍ਹਾ ਪਟਿਆਲਾ ਦੇ ਸਰਕਾਰੀ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ 'ਚ ਬੱਚਿਆਂ ਦੀ ਗਿਣਤੀ 25 ਫ਼ੀਸਦੀ ਤੋਂ ਜ਼ਿਆਦਾ ਵਧਾਉਣ ਵਾਲੇ 23 ਸਕੂਲਾਂ ਦੇ ਮੁਖੀਆਂ ਦਾ ਸਕੂਲ ਸਿੱਖਿਆ ਵਿਭਾਗ ਵੱਲੋਂ ਸਨਮਾਨ ਕੀਤਾ।
  ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੂਰ-ਅੰਦੇਸ਼ੀ ਸੋਚ ਤਹਿਤ ਅੱਜ ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਦੀ ਅਗਵਾਈ 'ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਖੇ ਹੋਏ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ, ਸਿਵਲ ਲਾਈਨਜ਼ ਪਟਿਆਲਾ,ਐਨ.ਟੀ.ਸੀ. ਰਾਜਪੁਰਾ, ਰੌਸ਼ਨ ਪੂਰਾ, ਚੁਨਾਗਰਾ, ਮਲਟੀਪਰਪਜ਼ (ਪਾਸੀ ਰੋਡ), ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਸੈਕੰਡਰੀ ਸਕੂਲ ਸਮਾਣਾ (ਕੰਨਿਆ) ਤੇ ਕਾਲਕਾ ਰੋਡ ਰਾਜਪੁਰਾ ਦੇ ਪ੍ਰਿੰਸੀਪਲ, ਸਰਕਾਰੀ ਹਾਈ ਸਕੂਲ ਗਾਂਧੀ ਨਗਰ, ਫ਼ੈਕਟਰੀ ਏਰੀਆ ਪਟਿਆਲਾ, ਗੁਰਦਿੱਤਪੁਰਾ, ਅਸਰਪੁਰ, ਮਾਡਲ ਸਕੂਲ ਨਾਭਾ ਤੇ ਰਾਜਪੁਰਾ ਟਾਊਨ ਦੇ ਮੁੱਖ ਅਧਿਆਪਕ, ਸਰਕਾਰੀ ਮਿਡਲ ਸਕੂਲ ਖਾਂਗ, ਭੇਡਪੁਰਾ, ਅਹਿਰੂ ਕਲਾਂ, ਚਮਾਰੂ, ਖਾਨਪੁਰ ਬੜਿੰਗ, ਰੋਹਟੀ ਖਾਸ, ਕੱਕੇਪੁਰ, ਸਵਾਏ ਸਿੰਘ ਵਾਲਾ ਤੇ ਬਢੋਲੀ ਗੁੱਜਰਾਂ ਦੇ ਸਕੂਲ ਇੰਚਾਰਜ ਨੂੰ ਸਨਮਾਨਿਤ ਕੀਤਾ ਗਿਆ।
  ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ 375 ਸੈਕੰਡਰੀ ਵਿੰਗ ਦੇ ਸਕੂਲਾਂ 'ਚ ਚਾਲੂ ਸ਼ੈਸ਼ਨ ਦੌਰਾਨ ਤਕਰੀਬਨ 13 ਫ਼ੀਸਦੀ ਦਾਖਲਾ ਵਧਿਆ ਹੈ। ਜਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਪਿਛਲੇ ਵਰ੍ਹੇ 102017 ਬੱਚੇ ਦਾਖਲ ਸਨ ਤੇ ਇਸ ਵਾਰ ਇਹ ਗਿਣਤੀ 115083 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ 8046 ਵਿਦਿਆਰਥੀ ਨਿੱਜੀ ਸਕੂਲਾਂ ਨੂੰ ਛੱਡ ਕੇ ਦਾਖਲ ਹੋਏ ਹਨ। ਦੱਸਣਯੋਗ ਹੈ ਜਿਨ੍ਹਾਂ ਸਕੂਲਾਂ 'ਚ ਰਿਕਾਰਡਤੋੜ ਵਾਧਾ ਹੋਇਆ ਹੈ ਉਨ੍ਹਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ 'ਚ 1367 ਭਾਵ 53 ਪ੍ਰਤੀਸ਼ਤ ਬੱਚੇ ਮੌਜੂਦਾ ਸੈਸ਼ਨ ਦੌਰਾਨ ਵਧੇ ਹਨ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ 'ਚ ਇਸ ਵਾਰ 1225 ਬੱਚੇ ਭਾਵ 30 ਫ਼ੀਸਦੀ ਵਾਧਾ ਹੋਇਆ ਹੈ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ 'ਚ 1105 ਬੱਚੇ ਭਾਵ 39 ਫ਼ੀਸਦੀ ਦਾਖਲਾ ਵਧਿਆ ਹੈ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਖੋਸਲਾ ਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਤੇ ਇੰਚਾਰਜ ਹਾਜ਼ਰ ਸਨ। ਮੇਜ਼ਬਾਨ ਸਕੂਲ ਦੀ ਪ੍ਰਿੰ. ਵਰਿੰਦਰਜੀਤ ਬਾਤਿਸ਼ ਨੇ ਸਭ ਦਾ ਧੰਨਵਾਦ ਕੀਤਾ।